ਕਮਿਸ਼ਨਰ ਪੁਲਿਸ ਲੁਧਿਆਣਾ ਸ੍ਰੀ ਸਵੱਪਨ ਸ਼ਰਮਾ ਆਈ.ਪੀ.ਐਸ.ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਸ੍ਰੀ ਜਸਕਰਨ ਸਿੰਘ ਤੇਜਾ ਪੀ.ਪੀ.ਐਸ.ਡਿਪਟੀ ਕਮਿਸ਼ਨਰ ਪੁਲਿਸ (ਦਿਹਾਤੀ), ਸ੍ਰੀ ਜਸ਼ਨਦੀਪ ਸਿੰਘ ਗਿੱਲ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-4, ਸ੍ਰੀ ਇੰਦਰਜੀਤ ਸਿੰਘ ਪੀ.ਪੀ.ਐਸ.ਸਹਾਇਕ ਕਮਿਸ਼ਨਰ ਪੁਲਿਸ ਇੰਡਸਟਰੀ ਏਰੀਆ-ਏ ਅਤੇ ਇੰਸਪੈਕਟਰ ਪਰਮਦੀਪ ਸਿੰਘ ਮੁੱਖ ਅਫਸਰ ਥਾਣਾ ਕੂੰਮ ਕਲਾਂ ਲੁਧਿਆਣਾ ਦੀ ਅਗਵਾਈ ਹੇਠ ਐਸ.ਆਈ. ਸੁਰਜੀਤ ਸਿੰਘ ਇੰਚਾਰਜ ਚੌਕੀ ਕਟਾਣੀ ਕਲਾਂ ਸਮੇਤ ਪੁਲਿਸ ਟੀਮ ਵੱਲੋਂ ਲੁਧਿਆਣਾ ਸ਼ਹਿਰ ਅਤੇ ਪਿੰਡਾਂ ਵਿੱਚ ਚੋਰੀਆਂ ਕਰਨ ਵਾਲੇ ਗਿਰੋਹ ਦੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।
ਮਿਤੀ 14-05-2026 ਨੂੰ ਮਨਮੋਹਿਤ ਸਿੰਘ ਪੁੱਤਰ ਜਗਮੋਹਨ ਸਿੰਘ ਵਾਸੀ ਪਾਮ ਇੰਨਕਲੇਵ, ਪਿੰਡ ਸੰਗੋਵਾਲ, ਲੁਧਿਆਣਾ ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਮਹਿੰਦਰਾ ਬੈਲਰੋ ਪਿਕਅੱਪ ਨੰਬਰੀ PB-11-BA-5999 ਵਿੱਚ ਸਵਾਰ ਚਾਰ ਨੌਜਵਾਨ ਉਸਦੀ ਫੈਕਟਰੀ ਦੇ ਟਰੱਕ ਵਿੱਚ ਲੋਡ 35 ਗੱਤੇ ਦੇ ਡੱਬੇ, ਜਿਨ੍ਹਾਂ ਵਿੱਚ ਸਾਈਕਲ ਪੈਕ ਸਨ, ਪਿੰਡ ਭੈਣੀ ਸਾਹਿਬ ਤੋਂ ਚੋਰੀ ਕਰਕੇ ਲੈ ਗਏ ਹਨ। ਇਸ ਸਬੰਧੀ ਥਾਣਾ ਕੂੰਮ ਕਲਾਂ ਵਿਖੇ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ।
ਦੌਰਾਨੇ ਤਫਤੀਸ਼ ਪੁਲਿਸ ਵੱਲੋਂ ਦੋਸ਼ੀਆਂ ਤਰੁਣ ਕਪੂਰ ਉਰਫ ਲੱਕੀ,
ਹਰਵਿੰਦਰ ਸਿੰਘ ਉਰਫ ਹਨੀ,
ਸੁਰਜੀਤ ਸਿੰਘ ਉਰਫ ਗਿਆਨੀ ਅਤੇ
ਸ਼ਿਵਮ ਉਰਫ ਕਾਲਾ ਨੂੰ ਮਿਤੀ 15-05-2026 ਨੂੰ ਗ੍ਰਿਫਤਾਰ ਕੀਤਾ ਗਿਆ। ਮੁੱਢਲੀ ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਮੰਨਿਆ ਕਿ ਉਹਨਾਂ ਖ਼ਿਲਾਫ਼ ਪਹਿਲਾਂ ਵੀ ਚੋਰੀ, ਲੁੱਟ-ਖੋਹ ਅਤੇ ਨਸ਼ਾ ਤਸਕਰੀ ਸਬੰਧੀ ਕੁੱਲ 41 ਮੁਕੱਦਮੇ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ। ਦੋਸ਼ੀਆਂ ਨੇ ਇਹ ਵੀ ਕਬੂਲਿਆ ਕਿ ਕਰੀਬ 10 ਦਿਨ ਪਹਿਲਾਂ ਜ਼ਿਲ੍ਹਾ ਮਲੇਰਕੋਟਲਾ ਤੋਂ ਮਹਿੰਦਰਾ ਬੈਲਰੋ ਪਿਕਅੱਪ ਚੋਰੀ ਕੀਤੀ ਸੀ, ਜਿਸਦੀ ਵਰਤੋਂ ਕਰਕੇ ਉਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।
ਪੁਲਿਸ ਵੱਲੋਂ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।