ਮੋਹਾਲੀ, 27 ਸਤੰਬਰ:
ਗੁਰਵਿੰਦਰ ਸਿੰਘ
ਮੋਹਾਲੀ ਦੇ ਪਿੰਡ ਪੜੌਲ ਵਿੱਚ ਗੋਲੀਕਾਂਡ ਦੌਰਾਨ ਜ਼ਖ਼ਮੀ ਹੋਏ ਮੌਜੂਦਾ ਪੰਚ ਸੁਖਵੰਤ ਸਿੰਘ ਉਰਫ਼ ਸੱਤੀ ਪਹਿਲਵਾਨ ਦੀ ਪੀਜੀਆਈ ਚੰਡੀਗੜ੍ਹ ਵਿੱਚ ਇਲਾਜ ਦੌਰਾਨ ਮੌਤ ਹੋਣ ਤੋਂ ਬਾਅਦ ਮਾਮਲਾ ਹੋਰ ਗੰਭੀਰ ਹੋ ਗਿਆ। ਘਟਨਾ ਦੇ ਰੋਸ ਵਜੋਂ ਪਿੰਡ ਵਾਸੀਆਂ ਨੇ ਨਿਊ ਚੰਡੀਗੜ੍ਹ-ਕੁਰਾਲੀ ਰੋਡ ’ਤੇ ਧਰਨਾ ਲਗਾ ਕੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ।
ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਗੋਲੀਕਾਂਡ ਦੇ ਦੋਵੇਂ ਮੁਲਜ਼ਮ ਨਿਊ ਚੰਡੀਗੜ੍ਹ ਨੇੜੇ ਨਾਲੇ ਕੋਲ ਲੁਕੇ ਹੋਏ ਹਨ। ਸੀਆਈਏ ਸਟਾਫ਼ ਮੁਹਾਲੀ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਇਲਾਕੇ ਨੂੰ ਘੇਰ ਲਿਆ ਅਤੇ ਮੁਲਜ਼ਮਾਂ ਨੂੰ ਆਤਮ-ਸਮਰਪਣ ਕਰਨ ਲਈ ਕਿਹਾ।
ਪੁਲਿਸ ਮੁਤਾਬਕ ਇਸ ਦੌਰਾਨ ਮੁਲਜ਼ਮਾਂ ਨੇ ਪੁਲਿਸ ’ਤੇ ਗੋਲੀ ਚਲਾ ਦਿੱਤੀ। ਫਾਇਰਿੰਗ ਵਿੱਚ ਇੱਕ ਹੌਲਦਾਰ ਦੇ ਪੈਰ ਵਿੱਚ ਗੋਲੀ ਲੱਗੀ, ਜਦਕਿ ਇੱਕ ਏਐੱਸਆਈ ਦੀ ਛਾਤੀ ’ਤੇ ਗੋਲੀ ਲੱਗੀ, ਪਰ ਬੁਲੇਟ-ਪਰੂਫ ਜੈਕਟ ਕਾਰਨ ਉਸਦਾ ਬਚਾਅ ਹੋ ਗਿਆ। ਇਸ ਤੋਂ ਬਾਅਦ ਪੁਲਿਸ ਨੇ ਦੋਵੇਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਨੇ ਦੋਵੇਂ ਮੁਲਜ਼ਮਾਂ ਜਸਪ੍ਰੀਤ ਸਿੰਘ ਉਰਫ਼ ਜੱਸਾ ਅਤੇ ਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਪੁਸ਼ਟੀ ਕੀਤੀ ਹੈ। ਪੁਲਿਸ ਅਤੇ ਪਰਿਵਾਰ ਵੱਲੋਂ ਗੋਲੀਕਾਂਡ ਦੇ ਕਾਰਨਾਂ ਬਾਰੇ ਵੱਖ-ਵੱਖ ਗੱਲਾਂ ਸਾਹਮਣੇ ਆਈਆਂ ਹਨ ਅਤੇ ਮਾਮਲੇ ਦੀ ਜਾਂਚ ਜਾਰੀ ਹੈ।