ਸਪਾ ਸੈਂਟਰਾਂ ਦੀ ਆੜ 'ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼, 6 ਵਿਦੇਸ਼ੀ ਲੜਕੀਆਂ ਅਤੇ ਇੱਕ ਮੈਨੇਜਰ ਗ੍ਰਿਫਤਾਰ
Jul24,2026
| Ravinder Singh Dhilllon | Khanna
ਖੰਨਾ ਦੇ ਸਿਟੀ ਸੈਂਟਰ ਵਿੱਚ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਸਪਾ ਸੈਂਟਰਾਂ ਦੀ ਆੜ ਵਿੱਚ ਚੱਲ ਰਹੇ ਦੇਹ ਵਪਾਰ ਦੇ ਰੈਕਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਛੇ ਵਿਦੇਸ਼ੀ ਲੜਕੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ, ਜਦਕਿ ਦੋ ਸਪਾ ਸੈਂਟਰ ਸੰਚਾਲਕ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਦੋਵਾਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਪੁਲਿਸ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਸਿਟੀ ਸੈਂਟਰ ਵਿੱਚ ਚੱਲ ਰਹੇ ਕੁਝ ਸਪਾ ਸੈਂਟਰਾਂ ਦੀ ਆੜ ਗੈਰ-ਕਾਨੂੰਨੀ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਹਨ। ਇਸ ਸੂਚਨਾ ਦੇ ਆਧਾਰ 'ਤੇ ਥਾਣਾ ਸਿਟੀ-2 ਦੀ ਪੁਲਿਸ ਨੇ ਯੋਜਨਾਬੱਧ ਢੰਗ ਨਾਲ ਛਾਪੇਮਾਰੀ ਕੀਤੀ। ਰੇਡ ਦੌਰਾਨ ਤਿੰਨ ਸਪਾ ਸੈਂਟਰਾਂ ਦੀ ਜਾਂਚ ਕੀਤੀ ਗਈ, ਜਿੱਥੋਂ ਛੇ ਵਿਦੇਸ਼ੀ ਲੜਕੀਆਂ ਅਤੇ ਇੱਕ ਮੈਨੇਜਰ ਨੂੰ ਕਾਬੂ ਕੀਤਾ ਗਿਆ। ਪੁਲਿਸ ਦਾ ਦਾਅਵਾ ਹੈ ਕਿ ਇਨ੍ਹਾਂ ਤੋਂ ਦੇਹ ਵਪਾਰ ਕਰਵਾਇਆ ਜਾ ਰਿਹਾ ਸੀ।
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇੱਕ ਸਪਾ ਸੈਂਟਰ ਦਾ ਸੰਚਾਲਕ ਕਪਤਾਨ ਸਿੰਘ, ਜੋ ਹਰਿਆਣਾ ਦੇ ਅੰਬਾਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ, ਅਤੇ ਦੂਜਾ ਸੰਚਾਲਕ ਮਨੋਜ ਪੁਲਿਸ ਦੀ ਰੇਡ ਤੋਂ ਪਹਿਲਾਂ ਹੀ ਫਰਾਰ ਹੋ ਗਏ। ਦੋਵਾਂ ਖ਼ਿਲਾਫ਼ ਸੰਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪੁਲਿਸ ਜਾਂਚ ਦੌਰਾਨ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹ ਗਿਰੋਹ ਕਾਫੀ ਸਮੇਂ ਤੋਂ ਵੱਖ-ਵੱਖ ਥਾਵਾਂ 'ਤੇ ਆਪਣਾ ਟਿਕਾਣਾ ਬਦਲ ਕੇ ਗੈਰ-ਕਾਨੂੰਨੀ ਧੰਦਾ ਚਲਾ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਹਾਲ ਹੀ ਵਿੱਚ ਇਨ੍ਹਾਂ ਨੇ ਸਿਟੀ ਸੈਂਟਰ ਵਿੱਚ ਆਪਣੇ ਸਪਾ ਸੈਂਟਰ ਸ਼ੁਰੂ ਕੀਤੇ ਸਨ। ਜਿਵੇਂ ਹੀ ਪੁਲਿਸ ਨੂੰ ਭਰੋਸੇਯੋਗ ਸੂਚਨਾ ਮਿਲੀ, ਤੁਰੰਤ ਕਾਰਵਾਈ ਕਰਦਿਆਂ ਰੇਡ ਕੀਤੀ ਗਈ।
ਥਾਣਾ ਸਿਟੀ-2 ਦੇ ਮੁਖੀ ਇੰਸਪੈਕਟਰ ਤਰਵਿੰਦਰ ਕੁਮਾਰ ਬੇਦੀ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਵਿੱਚ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਹੈ। ਹਿਰਾਸਤ ਵਿੱਚ ਲਈਆਂ ਗਈਆਂ ਮਹਿਲਾਵਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਫਰਾਰ ਮੁਲਜ਼ਮਾਂ ਦੀ ਭਾਲ ਲਈ ਟੀਮਾਂ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇ ਜਾਂਚ ਦੌਰਾਨ ਹੋਰ ਵਿਅਕਤੀਆਂ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਉਨ੍ਹਾਂ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
Khanna-Police-Raid-Spa-Centre-