ਜ਼ਹਿਰੀਲੀ ਗੈਸ ਦੇ ਚੜ੍ਹਨ ਕਾਰਨ ਇੱਕੋ ਪਰਿਵਾਰ ਦੇ ਦੋ ਮਾਸੂਮ ਬੱਚਿਆਂ ਦੀ ਮੌਤ
Jul23,2026
| Ravinder Singh Dhillon | Fatehgarh Sahib
ਜਿਲਾ ਫਤਿਹਗੜ੍ਹ ਸਾਹਿਬ ਦੇ ਪਿੰਡ ਖਨਿਆਣ ਵਿਚ ਜ਼ਹਿਰੀਲੀ ਗੈਸ ਦੇ ਚੜ੍ਹਨ ਕਾਰਨ ਇੱਕੋ ਪਰਿਵਾਰ ਦੇ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਜਾਣ ਨਾਲ ਪੂਰਾ ਇਲਾਕਾ ਗਹਿਰੇ ਸੋਗ ਵਿੱਚ ਡੁੱਬ ਗਿਆ ਹੈ। ਇਸ ਦਰਦਨਾਕ ਘਟਨਾ ਵਿਚ ਪਰਿਵਾਰ ਦੀਆਂ ਦੋ ਹੋਰ ਬੱਚੀਆਂ ਅਤੇ ਇਕ ਔਰਤ ਨੂੰ ਗੰਭੀਰ ਹਾਲਤ ਵਿਚ ਚੰਡੀਗੜ੍ਹ ਦੇ ਸੈਕਟਰ-32 ਸਥਿਤ ਹਸਪਤਾਲ ਵਿਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਜੀਪੀਸੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਰਿਵਾਰ ਨੇ ਕਣਕ ਵਾਲੇ ਢੋਲ 'ਚ ਕੀਟਨਾਸ਼ਕ ਦਵਾਈ ਰੱਖੀ ਸੀ। ਇਹ ਢੋਲ ਉਸ ਕਮਰੇ ਵਿਚ ਰੱਖਿਆ ਹੋਇਆ ਸੀ, ਜਿਸ ਦਾ ਸਿਰਫ਼ ਇਕ ਹੀ ਦਰਵਾਜ਼ਾ ਸੀ ਅਤੇ ਉਹ ਦਰਵਾਜ਼ਾ ਉਸ ਕਮਰੇ ਰਾਹੀਂ ਖੁੱਲ੍ਹਦਾ ਸੀ, ਜਿੱਥੇ ਪੀੜਤ ਪਰਿਵਾਰ ਦੇ ਮੈਂਬਰ ਸੁੱਤੇ ਹੋਏ ਸਨ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਕੀਟਨਾਸ਼ਕ 'ਚੋਂ ਨਿਕਲੀ ਜ਼ਹਿਰੀਲੀ ਗੈਸ ਕਮਰੇ ਵਿਚ ਫੈਲਣ ਕਾਰਨ ਇਹ ਹਾਦਸਾ ਵਾਪਰਿਆ।
ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ 13 ਦਿਨਾਂ ਦੀ ਨਵਜੰਮੀ ਬੱਚੀ ਦੀ ਤਬੀਅਤ ਵਿਗੜੀ, ਜਿਸ ਨੂੰ ਪਰਿਵਾਰਕ ਮੈਂਬਰ ਡਾਕਟਰ ਕੋਲ ਲੈ ਗਏ ਉੱਥੋਂ ਦਵਾਈ ਲੈ ਕੇ ਉਹ ਘਰ ਵਾਪਸ ਆ ਗਏ ਪਰ ਰਾਤ ਸਮੇਂ ਬੱਚੀ ਦੀ ਹਾਲਤ ਅਚਾਨਕ ਵਿਗੜ ਗਈ ਅਤੇ ਹਸਪਤਾਲ ਪਹੁੰਚਣ 'ਤੇ ਉਸ ਦੀ ਮੌਤ ਹੋ ਗਈ।
ਅਗਲੇ ਦਿਨ ਜ਼ਹਿਰੀਲੀ ਗੈਸ ਦਾ ਅਸਰ ਚਾਰ ਸਾਲਾ ਮਨਰਾਜ ਸਿੰਘ 'ਤੇ ਵੀ ਹੋ ਗਿਆ। ਉਸ ਨੂੰ ਪਹਿਲਾਂ ਅਮਲੋਹ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੋਂ ਗੰਭੀਰ ਹਾਲਤ ਦੇ ਮੱਦੇਨਜ਼ਰ ਪਰਿਵਾਰਕ ਮੈਂਬਰ ਉਸ ਨੂੰ ਖੰਨਾ ਦੇ ਇਕ ਨਿੱਜੀ ਹਸਪਤਾਲ ਵਿਚ ਲੈ ਗਏ ਪਰ ਉੱਥੇ ਪਹੁੰਚਦੇ ਹੀ ਉਸ ਨੇ ਵੀ ਦਮ ਤੋੜ ਦਿੱਤਾ। ਇਸੇ ਪਰਿਵਾਰ ਦੀਆਂ ਦੋ ਬੱਚੀਆਂ ਅਤੇ ਔਰਤ ਅਰਵਿੰਦਰ ਕੌਰ ਵੀ ਜ਼ਹਿਰੀਲੀ ਗੈਸ ਦੇ ਪ੍ਰਭਾਵ ਕਾਰਨ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਵਿਚ ਜ਼ੇਰੇ ਇਲਾਜ ਹਨ।
Two-Child-Fatehgarh-Sahib-News-