ਗੌਤਮ ਚੀਮਾ ਅਤੇ ਹੋਰਨਾਂ ਨੂੰ ਮਿਲੀ ਜਮਾਨਤ, ਉੱਪਰਲੀ ਅਦਾਲਤ ਵਿੱਚ ਸਜਾ ਵਿਰੁਧ ਦਾਇਰ ਕਰਨਗੇ ਅਪੀਲ
ਮੋਹਾਲੀ, 20 ਦਸੰਬਰ (ਗੁਰਵਿੰਦਰ ਸਿੰਘ) ਸੀ. ਬੀ. ਆਈ. ਅਦਾਲਤ ਦੇ ਵਿਸ਼ੇਸ਼ ਜੱਜ ਮੇਗਾ ਧਾਲੀਵਾਲ ਦੀ ਅਦਾਲਤ ਵਲੋਂ ਪੰਜਾਬ ਪੁਲੀਸ ਦੇ ਆਈ. ਜੀ. ਤੇ ਅਗਵਾ ਅਤੇ ਹਮਲਾ ਕਰਨ ਦੇ ਮਾਮਲੇ ਵਿੱਚ ਸੁਣਵਾਈ ਕਰਦਿਆਂ ਆਈ. ਜੀ. ਗੌਤਮ ਚੀਮਾ, ਅਜੇ ਚੌਧਰੀ, ਰਸ਼ਮੀ ਨੇਗੀ, ਵਰੁਨ ਉਤਰੇਜਾ, ਵਿਕੀ ਵਰਮਾ ਅਤੇ ਆਰੀਅਨ ਸਿੰਘ ਨੂੰ ਧਾਰਾ 120 ਬੀ ਵਿੱਚ 3 ਮਹੀਨੇ ਦੀ ਕੈਦ ਅਤੇ 1000 ਰੁਪਏ ਜੁਰਮਾਨਾ, ਧਾਰਾ 186 ਵਿੱਚ 3 ਮਹੀਨੇ ਦੀ ਕੈਦ ਅਤੇ 500 ਰੁਪਏ ਜੁਰਮਾਨਾ, ਧਾਰਾ 225 ਵਿੱਚ 8 ਮਹੀਨੇ ਦੀ ਕੈਦ ਅਤੇ 5000 ਹਜਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ।
ਇਸ ਸਬੰਧੀ ਗੌਤਮ ਚੀਮਾ ਦੇ ਵਕੀਲ ਤਰਮਿੰਦਰ ਸਿੰਘ ਨੇ ਦੱਸਿਆ ਕਿ ਸੀ.ਬੀ.ਆਈ. ਅਦਾਲਤ ਵਲੋਂ ਗੌਤਮ ਚੀਮਾ ਅਤੇ ਹੋਰਨਾਂ ਨੂੰ ਧਾਰਾ 365, 323, 506, 452 ਵਿੱਚ ਸੀ. ਬੀ. ਆਈ. ਵਲੋਂ ਪੁਖਤਾ ਸਬੂਤ ਨਾ ਹੋਣ ਤੇ ਬਰੀ ਕਰ ਦਿੱਤਾ ਗਿਆ ਹੈ। ਆਈ. ਜੀ. ਗੌਤਮ ਚੀਮਾ ਸਮੇਤ ਸਾਰਿਆਂ ਦੀ ਇਸੇ ਅਦਾਲਤ ਵਲੋਂ ਜਮਾਨਤ ਮਨਜੂਰ ਕਰ ਲਈ ਗਈ ਹੈ ਅਤੇ ਉਹ ਜਲਦ ਇਸ ਸਜਾ ਵਿਰੁਧ ਉਪਰਲੀ ਅਦਾਲਤ ਵਿੱਚ ਅਪੀਲ ਦਾਇਰ ਕਰਨਗੇ।
ਜਿਕਰਯੋਗ ਹੈ ਕਿ ਥਾਣਾ ਫੇਜ਼-1 ਵਿੱਚ ਗੌਤਮ ਚੀਮਾ ਤੇ ਪੁਲੀਸ ਕਸਟਡੀ ਵਿੱਚੋਂ ਮੁਲਜਮ ਸੁਮੇਧ ਗੁਲਾਟੀ ਨੂੰ ਕਿਡਨੈਪ ਕਰਨ ਦਾ ਮਾਮਲਾ ਦਰਜ ਹੈ। ਚੀਮਾ ਤੇ ਦੋਸ਼ ਸੀ ਕਿ ਉਹ 26 ਅਗਸਤ ਨੂੰ ਸ਼ਰਾਬ ਦੇ ਨਸ਼ੇ ਵਿੱਚ ਧੁਤ ਹੋ ਕੇ ਥਾਣੇ ਵਿੱਚ ਆਇਆ ਅਤੇ ਸੁਮੇਧ ਗੁਲਾਟੀ ਨੂੰ ਜਬਰਦਸਤੀ ਆਪਣੇ ਨਾਲ ਲੈ ਗਿਆ। ਦੂਜਾ ਮਾਮਲਾ ਥਾਣਾ ਮਟੌਰ ਵਿੱਚ ਦਰਜ ਹੈ, ਇਸ ਕੇਸ ਵਿੱਚ ਸੈਕਟਰ 70 ਦੀ ਇਕ ਔਰਤ ਨੇ ਦੋਸ਼ ਲਾਇਆ ਸੀ ਕਿ 20 ਮਾਰਚ ਦੀ ਰਾਤ ਆਈ. ਜੀ. ਚੀਮਾ, ਅਜੇ ਚੌਧਰੀ ਅਤੇ ਉਨ੍ਹਾਂ ਦੀ ਮਹਿਲਾ ਦੋਸਤ ਨਸ਼ੇ ਵਿੱਚ ਧੁਤ ਹੋ ਕੇ ਉਨ੍ਹਾਂ ਦੇ ਘਰ ਆਏ ਅਤੇ ਉਸ ਨਾਲ ਸਭ ਦੇ ਸਾਹਮਣੇ ਛੇੜ ਛਾੜ ਕੀਤੀ। ਬਾਅਦ ਵਿੱਚ ਇਹ ਮਾਮਲਾ ਹਾਈਕੋਰਟ ਵਿਚ ਚਲਾ ਗਿਆ ਅਤੇ ਪੀੜਤ ਦੀ ਪਟੀਸ਼ਨ ਤੇ ਉਕਤ ਮਾਮਲਾ ਸੀ. ਬੀ. ਆਈ. ਨੂੰ ਸੌਂਪ ਦਿੱਤਾ ਗਿਆ। ਸੀ. ਬੀ. ਆਈ. ਵਲੋਂ ਗੌਤਮ ਚੀਮਾ ਅਤੇ ਉਸ ਦੇ ਜਾਣਕਾਰਾਂ ਵਿਰੁਧ ਮਾਮਲਾ ਦਰਜ ਕਰਕੇ ਮੁਹਾਲੀ ਵਿਚਲੀ ਸੀ. ਬੀ. ਆਈ. ਦੀ ਅਦਾਲਤ ਵਿਚ ਚਾਰਜਸ਼ੀਟ ਦਾਖਲ ਕਰ ਦਿੱਤੀ ਸੀ।