ਡਾ. ਬਲਜੀਤ ਕੌਰ ਵੱਲੋਂ 2 ਲੱਖ ਰੁਪਏ ਰਾਹਤ ਫੰਡ ਵਿੱਚ ਯੋਗਦਾਨ
-ਗਿਰਦਾਵਰੀ ਦਾ ਕੰਮ ਵੀ ਹੋਇਆ ਸ਼ੁਰੂ
-ਸੜਕਾਂ ਦੀ ਮੁਰਮੰਤ ਦਾ ਕੰਮ ਆਰੰਭ ਹੋਇਆ-ਵਿਧਾਇਕ ਨਰਿੰਦਰ ਪਾਲ ਸਿੰਘ
ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਫਾਜ਼ਿਲਕਾ ਦੇ ਰਾਮ ਸਿੰਘ ਭੈਣੀ ਸਮੇਤ ਬਾਰਡਰ ਏਰੀਏ ਦੇ ਤਕਰੀਬਨ 20 ਪਿੰਡਾਂ ਦੇ ਲੋਕਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਹੁਕਮਾਂ ਅਨੁਸਾਰ, ਇਸ ਵਾਰ ਹੜ੍ਹ ਨਾਲ ਨੁਕਸਾਨ ਝੱਲ ਰਹੇ ਕੱਚੀਆਂ ਜ਼ਮੀਨਾਂ ਦੇ ਕਿਸਾਨਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇਗਾ। ਡਾ. ਕੌਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੀ ਪ੍ਰਕਿਰਿਆ ਸ਼ੁਰੂ ਕਰਵਾ ਦਿੱਤੀ ਗਈ ਹੈ ਅਤੇ ਗਿਰਦਾਵਰੀ ਕੰਮ ਤੇਜ਼ੀ ਨਾਲ ਜਾਰੀ ਹੈ।
ਉਨ੍ਹਾਂ ਦੱਸਿਆ ਕਿ ਆਪਣੇ ਵੱਲੋਂ ਵੀ 2 ਲੱਖ ਰੁਪਏ ਰਾਹਤ ਫੰਡ ਵਿੱਚ ਦਿੱਤੇ ਗਏ ਹਨ ਤਾਂ ਜੋ ਐਮਰਜੈਂਸੀ ਸਥਿਤੀ ਵਿੱਚ ਤੁਰੰਤ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ। ਡਾ. ਬਲਜੀਤ ਕੌਰ ਨੇ ਕਿਹਾ, “ਸਾਡੀ ਸਰਕਾਰ ਦਾ ਪਹਿਲਾ ਮਕਸਦ ਹਰ ਪ੍ਰਭਾਵਿਤ ਪਰਿਵਾਰ ਨੂੰ ਜਲਦੀ ਤੋਂ ਜਲਦੀ ਰਾਹਤ ਪਹੁੰਚਾਉਣਾ ਹੈ। ਅਸੀਂ ਆਪਣੇ ਭੈਣ-ਭਰਾਵਾਂ ਦੇ ਨਾਲ ਹਰ ਕਦਮ ਤੇ ਖੜ੍ਹੇ ਹਾਂ ਅਤੇ ਜਦੋਂ ਤਕ ਉਨ੍ਹਾਂ ਦੀ ਜ਼ਿੰਦਗੀ ਮੁੜ ਪਟੜੀ ’ਤੇ ਨਹੀਂ ਆ ਜਾਂਦੀ, ਸਾਡੀ ਮਿਹਨਤ ਜਾਰੀ ਰਹੇਗੀ।”
ਉਨ੍ਹਾਂ ਕਿਹਾ ਕਿ ਹੜ੍ਹ ਨਾਲ ਟੁੱਟੀਆਂ ਸੜਕਾਂ ਅਤੇ ਹੋਰ ਨੁਕਸਾਨ ਦੀ ਮੁਰੰਮਤ ਲਈ ਵੀ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ ਲੋਕਾਂ ਨੂੰ ਆਵਾਜਾਈ ਸਹੂਲਤਾਂ ਮੁੜ ਪ੍ਰਾਪਤ ਹੋਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਰਾਹਤ ਸਮਗਰੀ, ਮੈਡੀਕਲ ਕੈਂਪ ਅਤੇ ਹੋਰ ਸਹੂਲਤਾਂ ਪਹਿਲਾਂ ਹੀ ਲੋਕਾਂ ਤੱਕ ਪਹੁੰਚਾਈ ਜਾ ਰਹੀਆਂ ਹਨ।
ਡਾ. ਕੌਰ ਨੇ ਭਰੋਸਾ ਦਿਵਾਇਆ ਕਿ ਸਰਕਾਰ ਹਰੇਕ ਪ੍ਰਭਾਵਿਤ ਪਰਿਵਾਰ ਦੇ ਨਾਲ ਹੈ ਅਤੇ ਮੁੜ ਵਸੇਬੇ ਅਤੇ ਮੁਰੰਮਤ ਦਾ ਕੰਮ ਜਲਦ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਹੜ੍ਹਾਂ ਤੋਂ ਬਾਅਦ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਪਸਾਰ ਨਾ ਹੋਵੇ ਇਸ ਲਈ ਸਿਹਤ ਵਿਭਾਗ ਨੂੰ ਪਾਬੰਦ ਕੀਤਾ ਗਿਆ ਹੈ।
ਇਸ ਮੌਕੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਸੜਕਾਂ ਨੂੰ ਇਕ ਵਾਰ ਆਵਾਜਾਈ ਲਈ ਰਿਪੇਅਰ ਕੀਤਾ ਜਾਂਦਾ ਹੈ ਅਤੇ ਫਿਰ ਲੋਕ ਰਾਏ ਨਾਲ ਸੜਕਾਂ ਨੂੰ ਉੱਚਾ ਕਰਕੇ ਬਣਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਫਸਲਾਂ ਦੇ ਹੋਏ ਨੁਕਸਾਨ ਦੇ ਨਾਲ ਘਰਾਂ ਅਤੇ ਜਾਨਵਰਾਂ ਦੇ ਹੋਏ ਨੁਕਸਾਨ ਲਈ ਵੀ ਮੁਆਵਜਾ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਗਿਰਦਾਵਰੀ ਸ਼ੁਰੂ ਹੋ ਗਈ ਹੈ।
ਇਸ ਮੌਕੇ ਐਸਡੀਐਮ ਵੀਰਪਾਲ ਕੌਰ, ਡੀਪੀਓ ਨਵਦੀਪ ਕੌਰ, ਮਾਰਕਿਟ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਨੂਰਸ਼ਾਹ ਵੀ ਹਾਜਰ ਸਨ।
Powered by Froala Editor
Punjab-Government-Stands-Firmly-With-Flood-affected-People-Dr-Baljit-Kaur
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)