ਬੀਤੀ ਰਾਤ ਤੋਂ ਆਰੰਭ ਹੋਈ ਭਾਰੀ ਬਰਸਾਤ ਅਤੇ ਹਨੇਰੀ ਕਾਰਨ ਜਨਜੀਵਨ ਅਸਤ ਵਿਅਸਤ ਥਾਂ-ਥਾਂ ਤੇ ਡਿੱਗੇ ਦਰਖਤ ਅਤੇ ਖੰਭੇ, ਸੜਕਾਂ ਤੇ ਪਾਣੀ ਭਰਨ ਕਾਰਨ ਆਵਾਜਾਈ ਹੋਈ ਪ੍ਰਭਾਵਿਤ
Jan23,2026
| Gurvinder Singh | Sas Nagar (mohali)
ਬੀਤੀ ਦੇਰ ਰਾਤ ਤੋਂ ਆਰੰਭ ਹੋਈ ਭਾਰੀ ਬਰਸਾਤ ਅਤੇ ਹਨੇਰੀ ਕਾਰਨ ਜਨ ਜੀਵਨ ਪੂਰੀ ਤਰ੍ਹਾਂ ਅਸਤ ਵਿਅਸਤ ਹੋ ਗਿਆ। ਇਸ ਦੌਰਾਨ ਮੁਹਾਲੀ, ਚੰਡੀਗੜ੍ਹ ਅਤੇ ਜੀਰਕਪੁਰ ਵਿੱਚ ਸੜਕਾਂ ਕਿਨਾਰੇ ਖੜ੍ਹੇ ਦਰਖਤ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਇਸ ਦੌਰਾਨ ਬੀਤੀ ਰਾਤ ਹੋਈ ਗੜੇਮਾਰੀ ਕਾਰਨ ਪੇੜਾਂ ਦੇ ਪੱਤੇ ਦੂਰ ਦੂਰ ਤਕ ਖਿੰਡ ਗਏ ਅਤੇ ਇਹਨਾਂ ਕਾਰਨ ਸੜਕਾਂ ਤੇ ਚਿੱਕੜ ਹੋ ਗਿਆ। ਇਸ ਦੌਰਾਨ ਮੁਹਾਲੀ ਦੇ ਫੇਜ਼ 1 ਦੇ ਥਾਣੇ ਦੇ ਸਾਮਣੇ ਵੱਡਾ ਦਰਖਤ ਡਿੱਗ ਗਿਆ ਜਿਸ ਕਾਰਨ ਇਸ ਸੜਕ ਤੇ ਆਵਾਜਾਈ ਕਾਫੀ ਸਮੇ ਬੰਦ ਰਹੀ।
ਬਰਸਾਤ ਦੇ ਨਾਲ ਆਈ ਹਨੇਰੀ ਕਾਰਨ ਕਈ ਥਾਵਾਂ ਤੇ ਬਿਜਲੀ ਦੇ ਖੰਭੇ ਵੀ ਪੁੱਟੇ ਗਏ ਜਿਸ ਕਾਰਨ ਬਿਜਲੀ ਸਪਲਾਈ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਸੜਕਾਂ ਤੇ ਪਾਣੀ ਭਰ ਜਾਣ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪਈ। ਇਸ ਦੌਰਾਨ ਸਕੂਲ ਜਾਣ ਵਾਲੇ ਬੱਚਿਆਂ ਅਤੇ ਦਫਤਰ ਜਾਣ ਵਾਲੇ ਲੋਕਾਂ ਨੂੰ ਕਾਫੀ ਪਰੇਸ਼ਾਨ ਹੋਣਾ ਪਿਆ। ਸਵੇਰੇ ਦੀ ਬਿਜਲੀ ਸਪਲਾਈ ਬੰਦ ਹੋਣ ਕਾਰਨ ਵੀ ਲੋਕਾਂ ਨੂੰ ਕਾਫੀ ਪਰੇਸ਼ਾਨ ਹੋਣਾ ਪਿਆ।
ਅੱਜ ਸਾਰਾ ਦਿਨ ਮੀਂਹ ਪੈਂਦਾ ਰਿਹਾ ਅਤੇ ਠੰਡੀਆਂ ਹਵਾਵਾਂ ਚਲਦੀਆਂ ਰਹੀਆਂ, ਜਿਸ ਕਾਰਨ ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਲਈ ਮਜ਼ਬੂਰ ਹੋਣਾ ਪਿਆ। ਚੰਡੀਗੜ੍ਹ ਵਿੱਚ ਵੀ ਬੀਤੀ ਰਾਤ ਤੋਂ ਹੀ ਭਾਰੀ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲਦੀਆਂ ਰਹੀਆਂ। ਭਾਰੀ ਮੀਂਹ ਦੌਰਾਨ ਮਨੀਮਾਜਰਾ ਵਿੱਚ ਇੱਕ ਘਰ ਦੀ ਛੱਤ ਡਿੱਗ ਗਈ ਜਿਸ ਕਾਰਨ ਤਿੰਨ ਬੱਚੇ ਜ਼ਖਮੀ ਹੋ ਗਏ। ਉਹਨਾਂ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਗੋਬਿੰਦਪੁਰਾ ਇਲਾਕੇ ਵਾਪਰੀ। ਛੱਤ ਡਿੱਗਣ ਨਾਲ ਮਲਬੇ ਹੇਠਾਂ ਤਿੰਨ ਬੱਚੇ ਦੱਬ ਗਏ ਜਿਹਨਾਂ ਨੂੰ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ। ਤਿੰਨਾਂ ਬੱਚਿਆਂ ਦੀ ਪਛਾਣ ਰਾਹੁਲ, ਸੰਨੀ ਅਤੇ ਗੌਰਵ ਵਜੋਂ ਹੋਈ ਹੈ। ਫਾਇਰ ਵਿੰਗ, ਪੁਲਸ ਅਤੇ ਹੋਰ ਟੀਮਾਂ ਨੂੰ ਤੁਰੰਤ ਮੌਕੇ ਤੇ ਬੁਲਾਇਆ ਗਿਆ ਜਿਹਨਾਂ ਵਲੋਂ ਬੜੀ ਮੁਸ਼ਕਲ ਨਾਲ ਬੱਚਿਆਂ ਨੂੰ ਛੱਤ ਦੇ ਮਲਬੇ ਦੇ ਹੇਠਾਂ ਤੋਂ ਕੱਢ ਕੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
Powered by Froala Editor
Rainfall-In-Punjab-Impact-Life