ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਅਤਿ-ਆਧੁਨਿਕ ਮਸ਼ੀਨਾਂ ਨੂੰ ਦਿੱਤੀ ਹਰੀ ਝੰਡੀ
ਲਗਭਗ 40 ਕਰੋੜ ਰੁਪਏ ਦਾ ਇਹ ਪ੍ਰੋਜੈਕਟ ਸਫਾਈ ਕਰਮਚਾਰੀਆਂ ਲਈ ਕ੍ਰਾਂਤੀਕਾਰੀ ਸਾਬਤ ਹੋਵੇਗਾ
ਡਾ. ਰਵਜੋਤ ਸਿੰਘ ਵੱਲੋਂ ਦੁਖਦਾਈ ਜਹਾਜ਼ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਸ਼ਹਿਰੀ ਸਵੱਛਤਾ ਨੂੰ ਆਧੁਨਿਕ ਬਣਾਉਣ ਦੀ ਦਿਸ਼ਾਂ ਵਿੱਚ ਇਤਿਹਾਸਕ ਪਹਿਲਕਦਮੀ ਕਰਦਿਆਂ, ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ 150 ਨਗਰਪਾਲਿਕਾਵਾਂ ਲਈ 39.56 ਕਰੋੜ ਰੁਪਏ ਦੀ ਲਾਗਤ ਵਾਲੀਆਂ 730 ਉੱਨਤ ਸਫਾਈ ਮਸ਼ੀਨਾਂ ਦੇ ਬੇੜੇ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ, ਜੋ ਸੂਬੇ ਭਰ ਵਿੱਚ ਸੀਵਰਾਂ ਦੀ ਹੱਥੀਂ ਸਫਾਈ ਤੋਂ ਮਸ਼ੀਨੀ ਸਫਾਈ ਵੱਲ ਇੱਕ ਫੈਸਲਾਕੁੰਨ ਕਦਮ ਹੈ।
ਇਸ ਵਿਆਪਕ ਮਸ਼ੀਨੀਕਰਨ ਪ੍ਰੋਗਰਾਮ ਵਿੱਚ ਅਜਿਹੇ ਵਿਸ਼ੇਸ਼ ਉਪਕਰਣ ਸ਼ਾਮਲ ਹਨ ਜੋ ਸਫਾਈ ਸਬੰਧੀ ਹਰ ਚੁਣੌਤੀ ਨੂੰ ਹੱਲ ਕਰਨ ਲਈ ਤਿਆਰ ਕੀਤੇ ਗਏ ਅਤੇ ਸੀਵਰ ਲਾਈਨਾਂ ਵਿੱਚ ਮਨੁੱਖੀ ਦਾਖਲੇ ਦੀ ਜ਼ਰੂਰਤ ਨੂੰ ਖਤਮ ਕਰਦੇ ਹਨ। ਇਸ ਫਲੀਟ ਵਿੱਚ ਜੈਟਿੰਗ-ਕਮ-ਸੈਕਸ਼ਨ ਮਸ਼ੀਨਾਂ ਸ਼ਾਮਲ ਹਨ ਜੋ ਸੀਵਰਾਂ ਵਿੱਚ ਇਕੱਠੇ ਹੋਏ ਕੂੜੇ-ਕਰਕਟ ਨੂੰ ਸਾਫ਼ ਕਰਨ ਲਈ ਸ਼ਕਤੀਸ਼ਾਲੀ ਸਕੱਸ਼ਨ ਨਾਲ ਉੱਚ-ਦਬਾਅ ਵਾਲੇ ਪਾਣੀ ਦੇ ਜੈੱਟਾਂ ਨੂੰ ਜੋੜਦੀਆਂ ਹਨ। ਇਸ ਤੋਂ ਇਲਾਵਾ ਗ੍ਰੈਬ ਬਕੇਟ ਮਸ਼ੀਨਾਂ ਵੀ ਸ਼ਾਮਲ ਹਨ ਜੋ ਕਰਮਚਾਰੀਆਂ ਨੂੰ ਖਤਰੇ ਵਿੱਚ ਪਾਏ ਬਿਨਾਂ ਮੈਨਹੋਲਾਂ ਤੋਂ ਗਾਦ ਨੂੰ ਸੁਰੱਖਿਅਤ ਢੰਗ ਨਾਲ ਕੱਢਦੀਆਂ ਹਨ। ਤੰਗ ਗਲੀਆਂ ਅਤੇ ਭੀੜ-ਭੜੱਕੇ ਵਾਲੇ ਸ਼ਹਿਰੀ ਖੇਤਰਾਂ ਲਈ, ਪ੍ਰਸ਼ਾਸਨ ਨੇ ਕੰਪੈਕਟ ਮਾਊਸ ਜੈਟਰ ਅਤੇ ਵਾਤਾਵਰਣ ਪੱਖੀ ਈ-ਰਿਕਸ਼ਾ ਮਾਊਂਟਡ ਡੀਸਿਲਟਿੰਗ ਮਸ਼ੀਨਾਂ ਤਾਇਨਾਤ ਕੀਤੀਆਂ ਹਨ ਜੋ ਬੈਟਰੀ ਪਾਵਰ 'ਤੇ ਕੰਮ ਕਰਦੀਆਂ ਹਨ। ਸੈਨੀਟੇਸ਼ਨ ਉਪਕਰਨਾਂ ਵਿੱਚ ਟਿਕਾਊ ਰੌਡਿੰਗ ਸੈੱਟਾਂ, ਖਤਰਨਾਕ ਸਥਾਨਾਂ ਦਾ ਮੁਲਾਂਕਣ ਕਰਨ ਲਈ ਸੀਵਰ ਨਿਰੀਖਣ ਕੈਮਰੇ, ਓਵਰਫਲੋ ਸਬੰਧੀ ਐਮਰਜੈਂਸੀ ਨਾਲ ਨਜਿੱਠਣ ਲਈ ਪੰਪਿੰਗ ਸੈੱਟਾਂ ਅਤੇ ਮਕੁੰਮਲ ਸਫਾਈ ਕਾਰਜਾਂ ਦੀ ਸਮਰੱਥਾ ਵਾਲੀਆਂ ਉਦਯੋਗਿਕ-ਗ੍ਰੇਡ ਸੁਪਰ ਸਕੱਸ਼ਨ ਮਸ਼ੀਨਾਂ ਸ਼ਾਮਲ ਕੀਤੀਆਂ ਗਈਆਂ ਹਨ।
ਡਾ. ਸਿੰਘ ਨੇ ਕਿਹਾ ਕਿ ਇਹ ਤਕਨੀਕੀ ਬਦਲਾਅ ਸਰਕਾਰ ਦੀ ਕਾਮਿਆਂ ਦੀ ਭਲਾਈ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ, "ਇਹ ਮਸ਼ੀਨਾਂ ਸ਼ਹਿਰੀ ਬੁਨਿਆਦੀ ਢਾਂਚੇ ਵਿੱਚ ਸਾਡੀ ਪ੍ਰਗਤੀ ਨੂੰ ਦਰਸਾਉਂਦੀਆਂ ਹਨ ਪਰ ਸਾਡਾ ਅਸਲ ਉਦੇਸ਼ ਸਫਾਈ ਕਰਮਚਾਰੀਆਂ ਦੇ ਸਨਮਾਨ ਅਤੇ ਜੀਵਨ ਦੀ ਰੱਖਿਆ ਕਰਨਾ ਹੈ।" ਸਰਕਾਰ ਵੱਲੋਂ ਕਾਮਿਆਂ ਦੀ ਸੁਰੱਖਿਆ ਲਈ ਮਜ਼ਬੂਤ ਢਾਂਚਾ ਲਾਗੂ ਕੀਤਾ ਗਿਆ ਹੈ ਜਿਸ ਵਿੱਚ ਆਧੁਨਿਕ ਸੁਰੱਖਿਆ ਉਪਕਰਣਾਂ ਦੀ ਲਾਜ਼ਮੀ ਵਿਵਸਥਾ, ਵਿਆਪਕ ਸਿਹਤ ਬੀਮਾ ਕਵਰੇਜ, ਨਿਯਮਤ ਡਾਕਟਰੀ ਜਾਂਚ ਅਤੇ ਕਰੀਅਰ ਵਿੱਚ ਪ੍ਰਗਤੀ ਸਮੇਤ ਮਸ਼ੀਨ ਸੰਚਾਲਨ ਲਈ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਸੰਗਰੂਰ ਕਲੱਸਟਰ ਵਿੱਚ 218 ਮਸ਼ੀਨਾਂ ਪਹਿਲਾਂ ਹੀ ਕਾਰਜਸ਼ੀਲ ਹਨ ਅਤੇ 39.56 ਕਰੋੜ ਰੁਪਏ ਦੀ ਲਾਗਤ ਨਾਲ ਬਾਕੀ 512 ਮਸ਼ੀਨਾਂ ਹੋਰਨਾਂ ਨਗਰ ਪਾਲਿਕਾਵਾਂ ਵਿੱਚ ਤਾਇਨਾਤ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਤਿਮਾਹੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਜਾਵੇਗੀ। ਇਹ ਪਹਿਲਕਦਮੀ ਸੀਵਰ ਲਾਈਨਾਂ ਦੀ ਹੱਥੀਂ ਸਫਾਈ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀਆਂ ਯੋਜਨਾਵਾਂ ਨਾਲ ਸ਼ਹਿਰੀ ਸਵੱਛਤਾ ਸਬੰਧੀ ਸੁਧਾਰਾਂ ਵਿੱਚ ਪੰਜਾਬ ਨੂੰ ਮੋਹਰੀ ਸੂਬਾ ਬਣਾਉਂਦੀ ਹੈ ਅਤੇ ਕਰਮਚਾਰੀਆਂ ਦੀ ਸੁਰੱਖਿਆ ਅਤੇ ਬੁਨਿਆਦੀ ਢਾਂਚੇ ਦੇ ਪ੍ਰਬੰਧਨ ਬਾਰੇ ਨਵੇਂ ਮਾਪਦੰਡ ਸਥਾਪਤ ਕਰਦੀ ਹੈ।
ਇਸ ਤੋਂ ਪਹਿਲਾਂ, ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਅਹਿਮਦਾਬਾਦ ਵਿੱਚ ਹੋਏ ਦੁਖਦਾਈ ਜਹਾਜ਼ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਿਸ ਵਿੱਚ ਕਈ ਲੋਕਾਂ ਨੇ ਆਪਣੀਆਂ ਜਾਨਾਂ ਗਵਾਈਆਂ ਹਨ। ਡਾ. ਸਿੰਘ ਨੇ ਕਿਹਾ, "ਮੈਂ ਇਸ ਦੁਖਦਾਈ ਘਟਨਾ ਤੋਂ ਬਹੁਤ ਦੁਖੀ ਹਾਂ ਅਤੇ ਪੀੜਤ ਪਰਿਵਾਰਾਂ ਨਾਲ ਦਰਦ ਸਾਂਝਾ ਕਰਦਾ ਹਾਂ। ਸਾਨੂੰ ਉਨ੍ਹਾਂ ਲੋਕਾਂ ਨਾਲ ਦਿਲੀਂ ਹਮਦਰਦੀ ਹੈ ਜਿਨ੍ਹਾਂ ਨੇ ਇਸ ਦੁਖਾਂਤ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ।"
Powered by Froala Editor
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)