ਚੰਡੀਗੜ੍ਹ, 19 ਨਵੰਬਰ: ਪੰਜਾਬ ਦੇ ਪਟਿਆਲਾ ਵਿੱਚ ਅੱਜ ਸਵੇਰੇ ਕਰੀਬ 6 ਵਜੇ ਭਾਖੜਾ ਮੇਨ ਲਾਈਨ ਨਹਿਰ ’ਤੇ ਬਣਿਆ 60 ਮੀਟਰ ਲੰਬਾ ਸਟੀਲ ਟਰੱਸ ਪੁਲ ਅਚਾਨਕ ਡਿੱਗ ਗਿਆ। ਇਹ ਪੁਲ ਐਨਐਚ-64 (ਨਵਾਂ ਐਨਐਚ-07) ਦੇ ਪਟਿਆਲਾ ਬਾਈਪਾਸ ਸੈਕਸ਼ਨ ’ਤੇ ਸੜਕ ਦੇ ਖੱਬੇ ਪਾਸੇ ਸਥਿਤ ਸੀ। ਇਸ ਹਾਦਸੇ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (ਐਨਐਚਏਆਈ) ਦੀ ਘਟਨਾ ਪ੍ਰਬੰਧਨ ਟੀਮ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਆਵਾਜਾਈ ਨੂੰ ਸਰਵਿਸ ਰੋਡ ਵੱਲ ਮੋੜ ਦਿੱਤਾ, ਤਾਂ ਜੋ ਵਾਹਨ ਚਾਲਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਸੜਕ ਸੁਰੱਖਿਆ ਮਾਰਸ਼ਲ ਤਾਇਨਾਤ ਕੀਤੇ ਗਏ ਹਨ ਅਤੇ ਟ੍ਰੈਫਿਕ ਪੁਲਿਸ ਵੱਲੋਂ ਬੈਰੀਕੇਡਿੰਗ ਕਰਕੇ ਵਾਹਨਾਂ ਦੀ ਆਵਾਜਾਈ ਨੂੰ ਨਿਯਮਤ ਕੀਤਾ ਜਾ ਰਿਹਾ ਹੈ। ਪ੍ਰਭਾਵਿਤ ਖੇਤਰ ਵਿੱਚ ਲੋੜੀਂਦੇ ਸਾਈਨ ਬੋਰਡ ਅਤੇ ਰੌਸ਼ਨੀ ਦੇ ਪ੍ਰਬੰਧ ਵੀ ਕੀਤੇ ਜਾ ਰਹੇ ਹਨ।
ਐਨਐਚਏਆਈ ਵੱਲੋਂ ਨੁਕਸਾਨੇ ਗਏ ਪੁਲ ’ਤੇ ਆਵਾਜਾਈ ਬਹਾਲ ਕਰਨ ਲਈ 60 ਮੀਟਰ ਲੰਬਾ ਬੇਲੀ ਪੁਲ ਲਿਆਂਦਾ ਜਾ ਰਿਹਾ ਹੈ। ਇਹ ਪੁਲ ਅਸਲ ਵਿੱਚ ਅੰਮ੍ਰਿਤਸਰ ਦੇ ਵੱਲ੍ਹਾ ਵਿਖੇ ਆਵਾਜਾਈ ਡਾਇਵਰਟ ਕਰਨ ਲਈ ਵਰਤਿਆ ਜਾਣਾ ਸੀ। ਹੁਣ ਇਸ ਨੂੰ ਪਟਿਆਲਾ ਭੇਜਿਆ ਜਾ ਰਿਹਾ ਹੈ। ਬੇਲੀ ਪੁਲ ਰਾਹੀਂ ਅਗਲੇ 3 ਤੋਂ 4 ਦਿਨਾਂ ਵਿੱਚ ਆਵਾਜਾਈ ਬਹਾਲ ਕਰਨ ਦਾ ਟੀਚਾ ਰੱਖਿਆ ਗਿਆ ਹੈ।
ਪੁਲ ਡਿੱਗਣ ਦੇ ਕਾਰਨਾਂ ਦੀ ਜਾਂਚ ਕਰਨ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਲੋੜੀਂਦੇ ਉਪਾਅ ਸੁਝਾਉਣ ਵਾਸਤੇ ਐਨਐਚਏਆਈ ਵੱਲੋਂ ਮਾਹਿਰਾਂ ਦੀ ਕਮੇਟੀ ਵੀ ਗਠਿਤ ਕੀਤੀ ਗਈ ਹੈ।
ਚਾਰ ਮਾਰਗੀ ਪਟਿਆਲਾ ਬਾਈਪਾਸ ਸੈਕਸ਼ਨ ਇਸ ਸਮੇਂ ਐਨਐਚਏਆਈ ਦੇ ਥੋੜ੍ਹੇ ਸਮੇਂ ਦੇ ਰੱਖ-ਰਖਾਅ ਠੇਕੇ ਅਧੀਨ ਹੈ ਅਤੇ ਇਸ ਨੂੰ ਸਾਲ 2018 ਵਿੱਚ ਐਨਐਚਏਆਈ ਦੇ ਹਵਾਲੇ ਕੀਤਾ ਗਿਆ ਸੀ। ਇਸ ਸੜਕ ਦੇ ਚਾਰ ਮਾਰਗੀ ਨਿਰਮਾਣ ਦਾ ਕੰਮ ਪੰਜਾਬ ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ) ਦੀ ਨਿਗਰਾਨੀ ਹੇਠ ਸੀਮਾ ਸੜਕ ਸੰਗਠਨ (ਬੀਆਰਓ) ਵੱਲੋਂ ਕੀਤਾ ਗਿਆ ਸੀ।
ਐਨਐਚਏਆਈ ਨੇ ਕਿਹਾ ਹੈ ਕਿ ਪ੍ਰਭਾਵਿਤ ਸੜਕ ’ਤੇ ਆਵਾਜਾਈ ਨੂੰ ਸੁਰੱਖਿਅਤ ਅਤੇ ਸੁਚਾਰੂ ਬਣਾਉਣ ਲਈ ਸਾਰੇ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ।