ਨਸ਼ਿਆਂ ਦੇ ਮੁੱਦੇ ’ਤੇ ਭਾਜਪਾ ਆਗੂਆਂ ਨੇ ਸਰਕਾਰ ਤੋਂ ਹੋਰ ਪ੍ਰਭਾਵੀ ਕਦਮਾਂ ਦੀ ਮੰਗ ਕੀਤੀ
Sep28,2026
| Jagrati Lahar Bureau | Sultanpur Lodhi (kapurthala
ਸੁਲਤਾਨਪੁਰ ਲੋਧੀ, 28 ਸਤੰਬਰ: ਪੰਜਾਬ ਭਾਜਪਾ ਵੱਲੋਂ ਚਲਾਈ ਜਾ ਰਹੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੌਰਾਨ ਭਾਜਪਾ ਆਗੂਆਂ ਨੇ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਅਤੇ ਨਸ਼ਿਆਂ ਦੀ ਸਪਲਾਈ ’ਤੇ ਹੋਰ ਪ੍ਰਭਾਵੀ ਢੰਗ ਨਾਲ ਰੋਕ ਲਗਾਉਣ ਦੀ ਮੰਗ ਕੀਤੀ।
ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਕਿ ਨਸ਼ਿਆਂ ਕਾਰਨ ਪ੍ਰਭਾਵਿਤ ਪਰਿਵਾਰਾਂ ਦਾ ਦਰਦ ਗੰਭੀਰ ਸਮਾਜਿਕ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਸੁਲਤਾਨਪੁਰ ਲੋਧੀ ਦੀ ਬੀਬੀ ਮਨਜੀਤ ਕੌਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਪਣੇ ਪੰਜ ਪੁੱਤਰ ਗੁਆਉਣ ਵਾਲੀ ਮਾਂ ਦੀ ਪੀੜਾ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਨੂੰ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਨਸ਼ਾ ਵਿਰੋਧੀ ਕਾਰਵਾਈ ਦੇ ਨਾਲ-ਨਾਲ ਨਸ਼ਾ ਤਸਕਰੀ ਦੀ ਸਪਲਾਈ ਚੇਨ ਅਤੇ ਵੱਡੇ ਤਸਕਰਾਂ ਖ਼ਿਲਾਫ਼ ਵੀ ਪ੍ਰਭਾਵੀ ਕਾਰਵਾਈ ਜ਼ਰੂਰੀ ਹੈ।
ਹਰਿਆਣਾ ਦੇ ਸਾਬਕਾ ਮੰਤਰੀ ਅਸੀਮ ਗੋਇਲ ਨੇ ਵੀ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਰਕਾਰ, ਸਮਾਜ ਅਤੇ ਲੋਕਾਂ ਨੂੰ ਮਿਲ ਕੇ ਯਤਨ ਕਰਨ ਦੀ ਲੋੜ ਹੈ। ਉਨ੍ਹਾਂ ਨਸ਼ਿਆਂ ਖ਼ਿਲਾਫ਼ ਸ਼ਿਕਾਇਤ ਕਰਨ ਵਾਲੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਗੱਲ ਵੀ ਕਹੀ।
ਪੰਜਾਬ ਭਾਜਪਾ ਦੇ ਉਪ ਪ੍ਰਧਾਨ ਅਤੇ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਕੋਆਰਡੀਨੇਟਰ ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਲਗਾਤਾਰ ਅਤੇ ਸਾਂਝੇ ਯਤਨਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਜਾਗਰੂਕਤਾ, ਨਸ਼ਾ ਛੁਡਾਊ ਸੇਵਾਵਾਂ ਅਤੇ ਕਾਨੂੰਨੀ ਕਾਰਵਾਈ ਨੂੰ ਹੋਰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ।
ਇਸ ਮੌਕੇ ਮਨਜੀਤ ਸਿੰਘ ਰਾਏ, ਸੂਰਜ ਭਾਰਦਵਾਜ, ਚੇਤਨ ਸੂਰੀ, ਰਾਕੇਸ਼ ਕੁਮਾਰ ਨੀਟੂ ਅਤੇ ਲਖਪਤ ਰਾਏ ਪ੍ਰਭਾਕਰ ਸਮੇਤ ਹੋਰ ਭਾਜਪਾ ਆਗੂ ਤੇ ਵਰਕਰ ਮੌਜੂਦ ਸਨ।
-nashamuktpunjab-punjabbjp-drugfreepunjab-vijaysampla-punjabnews