ਚੰਡੀਗੜ੍ਹ ’ਚ Pcr ਗੱਡੀ ’ਤੇ ਡੰਡਿਆਂ ਦੀ ਬਰਸਾਤ, ਅੰਦਰ ਬੈਠੇ ਪੁਲਿਸ ਮੁਲਾਜ਼ਮ ਸਹਿਮੇ
Sep8,2026
| Gurvinder Singh Mohali | Chandigarh
ਅਚਾਨਕ ਆਏ ਨੌਜਵਾਨ ਨੇ ਪਹਿਲਾਂ ਅਗਲਾ ਸ਼ੀਸ਼ਾ ਤੋੜਿਆ
ਫਿਰ ਖਿੜਕੀਆਂ ’ਤੇ ਕੀਤੇ ਵਾਰ; ਪੁਲਿਸ ਨੇ ਕਾਬੂ ਕੀਤਾ
ਚੰਡੀਗੜ੍ਹ, 8 ਸਤੰਬਰ (ਗੁਰਵਿੰਦਰ ਸਿੰਘ)
ਚੰਡੀਗੜ੍ਹ ਦੀ ਇੰਦਰਾ ਕਲੋਨੀ ਵਿੱਚ ਖੇੜਾ ਰੋਡ ’ਤੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇੱਕ ਨੌਜਵਾਨ ਨੇ ਡੰਡੇ ਨਾਲ ਪੁਲਿਸ ਦੀ PCR ਗੱਡੀ ’ਤੇ ਹਮਲਾ ਕਰ ਦਿੱਤਾ। ਘਟਨਾ ਸਮੇਂ PCR ਇੰਚਾਰਜ ਪ੍ਰਿਅੰਕਾ ਅਤੇ ਡਰਾਈਵਰ ਰਾਜੇਸ਼ ਗੱਡੀ ਦੇ ਅੰਦਰ ਮੌਜੂਦ ਸਨ।
ਜਾਣਕਾਰੀ ਅਨੁਸਾਰ ਸੋਮਵਾਰ ਰਾਤ PCR ਗੱਡੀ ਕਿਸ਼ਨਗੜ੍ਹ ਇਲਾਕੇ ਵਿੱਚ ਖੇੜਾ ਰੋਡ ’ਤੇ ਤਾਇਨਾਤ ਸੀ। PCR ਇੰਚਾਰਜ ਪ੍ਰਿਅੰਕਾ ਲੌਗਬੁੱਕ ਭਰ ਰਹੀ ਸੀ ਅਤੇ ਡਰਾਈਵਰ ਰਾਜੇਸ਼ ਵੀ ਗੱਡੀ ਵਿੱਚ ਮੌਜੂਦ ਸੀ। ਇਸੇ ਦੌਰਾਨ ਇੱਕ ਨੌਜਵਾਨ ਹੱਥ ਵਿੱਚ ਡੰਡਾ ਲੈ ਕੇ ਅਚਾਨਕ ਉੱਥੇ ਪਹੁੰਚਿਆ ਅਤੇ ਬਿਨਾਂ ਕਿਸੇ ਚੇਤਾਵਨੀ ਦੇ PCR ਵੈਨ ਦੇ ਅਗਲੇ ਸ਼ੀਸ਼ੇ ’ਤੇ ਡੰਡੇ ਮਾਰਨੇ ਸ਼ੁਰੂ ਕਰ ਦਿੱਤੇ।
ਨੌਜਵਾਨ ਨੇ ਇੰਨੇ ਜ਼ੋਰਦਾਰ ਵਾਰ ਕੀਤੇ ਕਿ ਗੱਡੀ ਦਾ ਅਗਲਾ ਸ਼ੀਸ਼ਾ ਚਕਨਾਚੂਰ ਹੋ ਗਿਆ। ਇਸ ਤੋਂ ਬਾਅਦ ਉਸ ਨੇ PCR ਵੈਨ ਦੀਆਂ ਪਾਸੇ ਵਾਲੀਆਂ ਖਿੜਕੀਆਂ ਦੇ ਸ਼ੀਸ਼ਿਆਂ ਨੂੰ ਵੀ ਨਿਸ਼ਾਨਾ ਬਣਾਇਆ। ਟੁੱਟੇ ਸ਼ੀਸ਼ੇ ਦੇ ਟੁਕੜੇ PCR ਇੰਚਾਰਜ ਪ੍ਰਿਅੰਕਾ ਨੂੰ ਵੀ ਲੱਗੇ, ਹਾਲਾਂਕਿ ਉਨ੍ਹਾਂ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ।
“ਮੈਂ ਰੱਬ ਹਾਂ, ਮੈਨੂੰ ਨਾ ਰੋਕੋ”
ਮੌਕੇ ’ਤੇ ਮੌਜੂਦ ਲੋਕਾਂ ਮੁਤਾਬਕ ਜਦੋਂ ਉਨ੍ਹਾਂ ਨੇ ਨੌਜਵਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਕਹਿਣ ਲੱਗਾ, “ਮੈਂ ਰੱਬ ਹਾਂ, ਮੈਨੂੰ ਨਾ ਰੋਕੋ, ਨਹੀਂ ਤਾਂ ਮੈਂ ਤੁਹਾਨੂੰ ਸਰਾਪ ਦੇਵਾਂਗਾ।” ਲੋਕਾਂ ਨੇ ਉਸ ਨੂੰ ਸਮਝਾਉਣ ਅਤੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਲਗਾਤਾਰ ਹਮਲਾਵਰ ਰਿਹਾ।
ਘਟਨਾ ਦੀ ਸੂਚਨਾ ਤੁਰੰਤ ਪੁਲਿਸ ਕੰਟਰੋਲ ਰੂਮ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਨੌਜਵਾਨ ਨੂੰ ਕਾਬੂ ਕਰਕੇ ਹਿਰਾਸਤ ਵਿੱਚ ਲੈ ਲਿਆ।
ਪੁਲਿਸ ਵੱਲੋਂ ਸਥਾਨਕ ਲੋਕਾਂ ਤੋਂ ਕੀਤੀ ਪੁੱਛਗਿੱਛ ਦੌਰਾਨ ਮੁੱਢਲੀ ਜਾਣਕਾਰੀ ਸਾਹਮਣੇ ਆਈ ਕਿ ਨੌਜਵਾਨ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਦੱਸਿਆ ਜਾ ਰਿਹਾ ਹੈ ਅਤੇ ਅਕਸਰ ਇਲਾਕੇ ਵਿੱਚ ਘੁੰਮਦਾ ਰਹਿੰਦਾ ਹੈ। SHO ਇੰਸਪੈਕਟਰ ਮਿਨੀ ਭਾਰਦਵਾਜ ਨੇ ਵੀ ਦੱਸਿਆ ਕਿ PCR ਵੈਨ ’ਤੇ ਹਮਲਾ ਕਰਨ ਵਾਲਾ ਵਿਅਕਤੀ ਮਾਨਸਿਕ ਤੌਰ ’ਤੇ ਅਸਥਿਰ ਹੈ।
ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਸ ਨੇ ਅਚਾਨਕ PCR ਵੈਨ ਨੂੰ ਨਿਸ਼ਾਨਾ ਕਿਉਂ ਬਣਾਇਆ ਅਤੇ ਹਮਲੇ ਪਿੱਛੇ ਅਸਲ ਕਾਰਨ ਕੀ ਸੀ।
-chandigarhnews-pcrvanattack-chandigarhpolice-indiracolony-policenews