ਔਰਤਾਂ ਵੱਲੋਂ ਨਸ਼ਿਆਂ ਦੀ ਵਿਕਰੀ ਨੂੰ ਉਤਸ਼ਾਹਿਤ ਕਰਨ ਦੀਆਂ ਕਾਂਗਰਸੀ ਆਗੂਆਂ ਦੀਆਂ ਕੋਸ਼ਿਸ਼ਾਂ ਦਾ ਪਰਦਾਫਾਸ਼ ਕਰਨ ਤੋਂ ਬਾਅਦ, ਉਨ੍ਹਾਂ ਨੇ ਦਲਿਤ ਔਰਤਾਂ ਦੀ ਬੇਇੱਜ਼ਤੀ ਕੀਤੀ: ਹਰਪਾਲ ਸਿੰਘ ਚੀਮਾ
ਕਾਂਗਰਸੀ ਆਗੂ ਵਾਰ-ਵਾਰ ਮੰਦਭਾਗੀ ਸ਼ਬਦਾਵਲੀ ਵਰਤ ਕੇ ਦਲਿਤ ਭਾਈਚਾਰੇ ਨੂੰ ਨਿਸ਼ਾਨਾ ਬਣਾ ਰਹੇ ਹਨ: ਹਰਪਾਲ ਸਿੰਘ ਚੀਮਾ
ਬੂਟਾ ਸਿੰਘ ਜੀ ਤੋਂ ਲੈ ਕੇ ਨਮੋਲ ਤੱਕ, ਕਾਂਗਰਸ ਦੀ ਦਲਿਤ ਵਿਰੋਧੀ ਮਾਨਸਿਕਤਾ ਪੂਰੀ ਤਰ੍ਹਾਂ ਸਾਹਮਣੇ ਆ ਚੁੱਕੀ ਹੈ: ਹਰਪਾਲ ਸਿੰਘ ਚੀਮਾ
ਭਗਵੰਤ ਮਾਨ ਸਰਕਾਰ ਦੇ ਲੋਕ-ਪੱਖੀ ਕੰਮਾਂ ਤੋਂ ਘਬਰਾ ਕੇ ਕਾਂਗਰਸ ਸਮਾਜਿਕ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ: ਹਰਪਾਲ ਸਿੰਘ ਚੀਮਾ
ਰਾਜਾ ਵੜਿੰਗ ਤੋਂ ਲੈ ਕੇ ਹਰ ਪੱਧਰ ਦੇ ਆਗੂਆਂ ਤੱਕ, ਕਾਂਗਰਸ ਵਾਰ-ਵਾਰ ਦਲਿਤ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦੀ ਹੈ: ਹਰਪਾਲ ਸਿੰਘ ਚੀਮਾ
ਚੰਡੀਗੜ੍ਹ 25 ਸਤੰਬਰ
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਪਾਰਟੀ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਹੈ ਕਿ ਕਾਂਗਰਸ ਦਾ ਦਲਿਤ ਵਿਰੋਧੀ ਚਿਹਰਾ ਹੁਣ ਪੰਜਾਬ ਦੇ ਲੋਕਾਂ ਸਾਹਮਣੇ ਪੂਰੀ ਤਰ੍ਹਾਂ ਬੇਨਕਾਬ ਹੋ ਚੁੱਕਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਲੈ ਕੇ ਪਾਰਟੀ ਦੇ ਛੋਟੇ-ਵੱਡੇ ਆਗੂ ਲਗਾਤਾਰ ਦਲਿਤ ਭਾਈਚਾਰੇ ਨੂੰ ਨਿਸ਼ਾਨਾ ਬਣਾ ਰਹੇ ਹਨ।
ਚੀਮਾ ਨੇ ਕਿਹਾ ਕਿ ਕਦੇ ਸਾਡੇ ਬਹੁਤ ਹੀ ਸਤਿਕਾਰਯੋਗ ਸਵਰਗਵਾਸੀ ਬੂਟਾ ਸਿੰਘ ਜੀ (ਸਾਬਕਾ ਗ੍ਰਹਿ ਮੰਤਰੀ) ਦੇ ਰੰਗ ਅਤੇ ਜਾਤ 'ਤੇ ਭੱਦੀਆਂ ਟਿੱਪਣੀਆਂ ਕੀਤੀਆਂ ਜਾਂਦੀਆਂ ਹਨ ਅਤੇ ਕਦੇ ਹੋਰ ਆਗੂ ਦਲਿਤਾਂ ਪ੍ਰਤੀ ਆਪਣੀ ਨਫ਼ਰਤ ਦਾ ਪ੍ਰਗਟਾਵਾ ਕਰਦੇ ਹਨ, ਜਿਸ ਤੋਂ ਸਾਫ਼ ਹੁੰਦਾ ਹੈ ਕਿ ਕਾਂਗਰਸ ਦੀ ਮਾਨਸਿਕਤਾ ਪੂਰੀ ਤਰ੍ਹਾਂ ਦਲਿਤ ਵਿਰੋਧੀ ਹੈ।
ਨਮੋਲ ਪਿੰਡ ਦੀ ਹਾਲੀਆ ਘਟਨਾ ਦਾ ਜ਼ਿਕਰ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਜਦੋਂ ਉੱਥੋਂ ਦੀਆਂ ਬਹੁਤ ਸਾਰੀਆਂ ਔਰਤਾਂ ਨੇ ਕਾਂਗਰਸ ਦੇ ਸਥਾਨਕ ਆਗੂਆਂ ਵੱਲੋਂ ਨਸ਼ਾ ਵੇਚਣ ਅਤੇ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੀਆਂ ਕੋਝੀਆਂ ਚਾਲਾਂ ਦਾ ਪਰਦਾਫਾਸ਼ ਕੀਤਾ, ਤਾਂ ਬੌਖਲਾਹਟ ਵਿੱਚ ਆ ਕੇ ਕਾਂਗਰਸੀ ਆਗੂਆਂ ਨੇ ਸਾਡੀਆਂ ਦਲਿਤ ਭੈਣਾਂ ਅਤੇ ਔਰਤਾਂ ਪ੍ਰਤੀ ਬਹੁਤ ਹੀ ਆਪੱਤੀਜਨਕ ਤੇ ਅਪਮਾਨਜਨਕ ਟਿੱਪਣੀਆਂ ਕੀਤੀਆਂ। ਇਹ ਘਟਨਾ ਕਾਂਗਰਸੀ ਲੀਡਰਸ਼ਿਪ ਦੇ ਨੀਵੇਂ ਪੱਧਰ ਅਤੇ ਨਫ਼ਰਤੀ ਰਵੱਈਏ ਨੂੰ ਬਿਆਨ ਕਰਦੀ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਪੰਜਾਬ ਦੇ ਲੋਕਾਂ ਦੇ ਭਲੇ ਲਈ ਦਿਨ-ਰਾਤ ਕੰਮ ਕਰ ਰਹੀ ਹੈ। ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ-ਪੱਖੀ ਕੰਮਾਂ ਤੋਂ ਡਰ ਕੇ ਅਤੇ ਬੌਖਲਾ ਕੇ ਕਾਂਗਰਸੀ ਆਗੂ ਸਮਾਜਿਕ ਪਾੜਾ ਪਾਉਣ ਦੀਆਂ ਨਾਕਾਮ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਕਾਂਗਰਸ ਪਾਰਟੀ ਦੇ ਅਜਿਹੇ ਦਲਿਤ ਵਿਰੋਧੀ ਬਿਆਨਾਂ ਅਤੇ ਹਰਕਤਾਂ ਦੀ ਸਖ਼ਤ ਸ਼ਬਦਾਂ ਵਿੱਚ ਘੋਰ ਨਿੰਦਾ ਕੀਤੀ।