ਪੰਜਾਬ ਪ੍ਰਦੇਸ਼ ਕਾਂਗਰਸ ਮੈਨੀਫੈਸਟੋ ਕਮੇਟੀ ਵੱਲੋਂ ਪੱਤਰਕਾਰ ਯੂਨੀਅਨ ਨਾਲ ਸਲਾਹ-ਮਸ਼ਵਰਾ
Sep3,2026
| Jagrati Lahar Bureau | Chandigarh
ਪਾਰਟੀ ਦੇ ਚੋਣੀ ਰੋਡਮੈਪ ਨੂੰ ਅੰਤਿਮ ਰੂਪ ਦੇਣ ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮੈਨੀਫੈਸਟੋ ਕਮੇਟੀ ਵੱਲੋਂ ਪੰਜਾਬ ਕਾਂਗਰਸ ਭਵਨ, ਸੈਕਟਰ-15, ਚੰਡੀਗੜ੍ਹ ਵਿਖੇ ਇੰਡੀਅਨ ਜਰਨਲਿਸਟਸ ਯੂਨੀਅਨ ਨਾਲ ਸੰਬੰਧਤ ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਨੁਮਾਇੰਦਿਆਂ ਨਾਲ ਵਿਸਥਾਰਪੂਰਵਕ ਸਲਾਹ-ਮਸ਼ਵਰਾ ਕੀਤਾ ਗਿਆ। ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਅਤੇ ਸੰਸਦ ਮੈਂਬਰ ਡਾ. ਅਮਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਪ੍ਰਿੰਟ, ਇਲੈਕਟ੍ਰਾਨਿਕ, ਡਿਜੀਟਲ ਅਤੇ ਡੈਸਕ ਮੀਡੀਆ ਨਾਲ ਸਬੰਧਤ ਸੀਨੀਅਰ ਪੱਤਰਕਾਰਾਂ ਦੇ ਵਫ਼ਦ ਨੇ ਸੂਬੇ ਭਰ ਦੇ ਕਰੀਬ 5,000 ਕਾਰਜਰਤ ਪੱਤਰਕਾਰਾਂ ਦੀਆਂ ਮੰਗਾਂ ਸਬੰਧੀ 13 ਨੁਕਾਤੀ ਚਾਰਟਰ ਪੇਸ਼ ਕੀਤਾ।
ਵਫ਼ਦ ਨੇ ਮੀਡੀਆ ਨਾਲ ਜੁੜੇ ਪੇਸ਼ੇਵਰਾਂ ਦੀ ਲੰਮੇ ਸਮੇਂ ਤੋਂ ਹੋ ਰਹੀ ਅਣਦੇਖੀ ਵੱਲ ਧਿਆਨ ਦਿਵਾਉਂਦਿਆਂ ਕਿਹਾ ਕਿ ਮੌਜੂਦਾ ਭਲਾਈ ਸਕੀਮਾਂ ਦਾ ਲਾਭ ਪੱਤਰਕਾਰਾਂ ਦੇ ਵੱਡੇ ਵਰਗ ਦੀ ਬਜਾਏ ਸਿਰਫ਼ ਕੁਝ ਚੁਣਵੇਂ ਲੋਕਾਂ ਤੱਕ ਹੀ ਸੀਮਿਤ ਹੈ। ਮੁੱਖ ਮੰਗਾਂ ਵਿੱਚ ਮੌਜੂਦਾ 12,000 ਰੁਪਏ ਸਾਲਾਨਾ ਪੈਨਸ਼ਨ ਨੂੰ ਹਰਿਆਣਾ ਮਾਡਲ ਦੀ ਤਰਜ਼ ’ਤੇ ਮੁੜ ਤੈਅ ਕਰਨਾ ਅਤੇ ਇਸ ਦਾ ਲਾਭ ਸਾਰੇ ਮਾਨਤਾ ਪ੍ਰਾਪਤ ਫੀਲਡ ਪੱਤਰਕਾਰਾਂ ਦੇ ਨਾਲ-ਨਾਲ ਡੈਸਕ ਅਤੇ ਸੰਪਾਦਕੀ ਸਟਾਫ਼ ਤੱਕ ਵਧਾਉਣਾ ਸ਼ਾਮਲ ਹੈ।
ਇਸ ਤੋਂ ਇਲਾਵਾ ਸਿਹਤ ਬੀਮਾ ਕਵਰੇਜ ਨੂੰ 5 ਲੱਖ ਰੁਪਏ ਤੋਂ ਵਧਾ ਕੇ 10 ਲੱਖ ਰੁਪਏ ਕਰਨ, ਬਿਨਾਂ ਕਿਸੇ ਰੁਕਾਵਟ ਦੇ ਕੈਸ਼ਲੈੱਸ ਇਲਾਜ ਦੀ ਸਹੂਲਤ ਦੇਣ, ਹਰਿਆਣਾ ਦੀ ਤਰਜ਼ ’ਤੇ ਮੁਫ਼ਤ ਬੱਸ ਯਾਤਰਾ ਦੀ ਸਹੂਲਤ ਦੇਣ, ਚੰਡੀਗੜ੍ਹ ਸਰਕਾਰ ਦੇ ਪੱਤਰਕਾਰਾਂ ਲਈ ਰਾਖਵੇਂ ਸਰਕਾਰੀ ਮਕਾਨਾਂ ਦੀ ਗਿਣਤੀ 15 ਤੋਂ ਵਧਾ ਕੇ 50 ਕਰਨ, ਹਰੇਕ ਜ਼ਿਲ੍ਹੇ ਵਿੱਚ ਪੱਤਰਕਾਰਾਂ ਲਈ ਵੱਖਰੇ ਰਿਹਾਇਸ਼ੀ ਪਲਾਟ ਅਲਾਟ ਕਰਨ, ਲੰਬਿਤ ਮਾਨਤਾ ਕਾਰਡ ਸਮੇਂ ਸਿਰ ਜਾਰੀ ਕਰਨ ਅਤੇ ਇੱਕ ਸਥਾਈ ਐਕਰੀਡੇਸ਼ਨ ਕਮੇਟੀ ਦਾ ਗਠਨ ਕਰਨ ਦੀਆਂ ਮੰਗਾਂ ਵੀ ਰੱਖੀਆਂ ਗਈਆਂ।
ਵਫ਼ਦ ਨੇ ਸਿਆਸੀ ਤੌਰ ’ਤੇ ਪ੍ਰੇਰਿਤ ਐਫਆਈਆਰਾਂ ਤੋਂ ਪੱਤਰਕਾਰਾਂ ਦੀ ਸੁਰੱਖਿਆ ਲਈ ਵੀ ਮੰਗ ਰੱਖੀ। ਇਸ ਤਹਿਤ ਐਸਪੀ ਰੈਂਕ ਜਾਂ ਇਸ ਤੋਂ ਉੱਪਰ ਦੇ ਅਧਿਕਾਰੀ ਵੱਲੋਂ ਲਾਜ਼ਮੀ ਤੌਰ ’ਤੇ ਮੁੱਢਲੀ ਜਾਂਚ ਕੀਤੇ ਜਾਣ ਤੋਂ ਬਾਅਦ ਹੀ ਐਫਆਈਆਰ ਦਰਜ ਕਰਨ ਦੀ ਵਿਵਸਥਾ ਲਾਗੂ ਕਰਨ ਦੀ ਮੰਗ ਕੀਤੀ ਗਈ।
ਡਾ. ਅਮਰ ਸਿੰਘ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਅਗਲੀ ਸਰਕਾਰ ਬਣਨ ’ਤੇ ਕਾਂਗਰਸ ਪਾਰਟੀ ਪੱਤਰਕਾਰਾਂ ਦੀਆਂ ਇਨ੍ਹਾਂ ਜਾਇਜ਼ ਮੰਗਾਂ ਨੂੰ ਆਪਣੀ ਨੀਤੀ ਵਿੱਚ ਸ਼ਾਮਲ ਕਰੇਗੀ ਅਤੇ ਉਨ੍ਹਾਂ ਨੂੰ ਤਰਜੀਹ ਦੇ ਆਧਾਰ ’ਤੇ ਲਾਗੂ ਕਰਵਾਇਆ ਜਾਵੇਗਾ।
ਯੂਨੀਅਨ ਦੇ ਵਫ਼ਦ ਦੀ ਅਗਵਾਈ ਇੰਡੀਅਨ ਜਰਨਲਿਸਟ ਯੂਨੀਅਨ ਦੇ ਕੌਮੀ ਪ੍ਰਧਾਨ ਬਲਵਿੰਦਰ ਸਿੰਘ ਜੰਮੂ, ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੇ ਪ੍ਰਧਾਨ ਜੈ ਸਿੰਘ ਛਿੱਬਰ, ਜਨਰਲ ਸਕੱਤਰ ਸੰਤੋਖ ਗਿੱਲ, ਚੰਡੀਗੜ੍ਹ ਚੈਪਟਰ ਦੇ ਪ੍ਰਧਾਨ ਅਤੇ ਸੂਬਾ ਖਜ਼ਾਨਚੀ ਬਿੰਦੂ ਸਿੰਘ, ਚੰਡੀਗੜ੍ਹ ਪ੍ਰੈੱਸ ਕਲੱਬ ਦੇ ਖਜ਼ਾਨਚੀ ਜਗਤਾਰ ਸਿੰਘ ਭੁੱਲਰ, ਜਗਸੀਰ ਸਿੰਘ ਸੰਧੂ, ਦਵਿੰਦਰ ਸਿੰਘ ਭੰਗੂ, ਬਲਰਾਜ ਸਿੰਘ ਰਾਜਾ, ਮੋਹਿੰਦਰ ਪਾਲ ਸਿੰਘ ਰਾਏ, ਨਿਰਮਲ ਸਿੰਘ ਪੰਡੋਰੀ (ਬਰਨਾਲਾ), ਅਮਰਜੀਤ ਸਿੰਘ ਬੈਂਸ (ਰੋਪੜ) ਅਤੇ ਪਲਵਿੰਦਰ ਸਿੰਘ ਨੇ ਕੀਤੀ।
-ppcc-punjabcongress-journalistsunion-journalistsdemands-punjabnews