ਨੈਸ਼ਨਲ ਫੂਡ ਸਕਿਓਰਟੀ ਐਕਟ 2013 ਤਹਿਤ ਚੱਲ ਰਹੀਆਂ ਵੱਖ-ਵੱਖ ਸਰਕਾਰੀ ਸਕੀਮਾਂ ਦਾ ਕੀਤਾ ਨਿਰੀਖਣ
ਮੈਂਬਰ, ਪੰਜਾਬ ਸਟੇਟ ਫੂਡ ਕਮਿਸ਼ਨ ਸ਼੍ਰੀ ਚੇਤਨ ਪ੍ਰਕਾਸ਼ ਧਾਲੀਵਾਲ ਨੇ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆਂ ਵੱਖ-ਵੱਖ ਸਰਕਾਰੀ ਸਕੀਮਾਂ ਦਾ ਨਿਰੀਖਣ ਕਰਨ ਲਈ ਅੱਜ ਫ਼ਾਜ਼ਿਲਕਾ ਦਾ ਅਚਨਚੇਤ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਆਂਗਣਵਾੜੀ ਸੈਟਰਾਂ, ਰਾਸ਼ਨ ਡਿੱਪੂਆਂ ਅਤੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਮਿੱਡ ਡੇ ਮੀਲ ਦੀ ਚੈਕਿੰਗ ਕੀਤੀ ਗਈ।
ਉਨ੍ਹਾਂ ਵਾਰਡ ਨੰਬਰ
2 ਫ਼ਾਜ਼ਿਲਕਾ ਦੇ ਸਰਕਾਰੀ ਪ੍ਰਾਇਮਰੀ ਸਕੂਲ, ਸਰਕਾਰੀ ਮਿਡਲ ਸਕੂਲ ਫ਼ਾਜ਼ਿਲਕਾ, ਵਾਰਡ ਨੰਬਰ 15 ਫ਼ਾਜ਼ਿਲਕਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਫ਼ਾਜ਼ਿਲਕਾ ਵਿਖੇ ਸਕੂਲੀ ਬੱਚਿਆਂ ਨੂੰ ਦਿੱਤਾ ਜਾ ਰਿਹਾ ਮਿੱਡ ਡੇ ਮੀਲ ਖੁ਼ਦ ਖਾ ਕੇ ਚੈੱਕ ਕੀਤਾ। ਚੈਕਿੰਗ ਦੌਰਾਨ ਮਿੱਡ ਡੇ ਮੀਲ ਖਾਣੇ ਵਿੱਚ ਪਾਈਆਂ ਕੁੱਝ ਕੁ ਖਾਮੀਆ ਬਾਰੇ ਉਨ੍ਹਾਂ ਸਬੰਧਿਤ ਸਕੂਲਾਂ ਦੇ ਪ੍ਰਬੰਧਕਾਂ ਨੂੰ ਸਖਤ ਤਾੜਨਾ ਦਿੰਦਿਆਂ ਕਿਹਾ ਕਿ ਅੱਗੇ ਤੋਂ ਬੱਚਿਆਂ ਨੂੰ ਮਿੱਡ ਡੇ ਮੀਲ ਖਾਣੇ ਵਿੱਚ ਕੋਈ ਵੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ ਤੇ ਇਨ੍ਹਾਂ ਦਾ ਭਵਿੱਖ ਉਜਾਗਰ ਕਰਨ ਲਈ ਜਿੱਥੇ ਸਰਕਾਰ ਸਿੱਖਿਆ ਨੂੰ ਤਰਜੀਹ ਦਿੰਦੇ ਹਨ ਸਕੂਲਾਂ ਦਾ ਆਧੁਨੀਕੀਕਰਨ ਕਰ ਰਹੀ ਹੈ ਉੱਥੇ ਹੀ ਸਰਕਾਰ ਦਾ ਮਨੋਰਥ ਬੱਚਿਆਂ ਨੂੰ ਵਧੀਆ ਖਾਣਾ ਵੀ ਦੇਣਾ ਹੈ।
ਉਨ੍ਹਾਂ ਆਂਗਣਵਾੜੀ ਸੈਟਰਾਂ ਦੀ ਚੈਕਿੰਗ ਕੀਤੀ ਤੇ ਖਾਸ ਕਰ ਆਂਗਨਵਾੜੀ ਸੈਟਰ ਫ਼ਾਜ਼ਿਲਕਾ ਸੈਂਟਰ ਕੋਡ ਨੰਬਰ 205 ਦਾ ਵੀ ਦੌਰਾ ਕੀਤਾ। ਉਨ੍ਹਾਂ ਰਾਸ਼ਨ ਡਿਪੂਆਂ ਦੀ ਚੈਕਿੰਗ ਦੌਰਾਨ ਖਾਸ ਕਰ ਰਾਸ਼ਨ ਡਿਪੂ ਜੱਟੀਆਂ ਮੁਹੱਲਾ ਫ਼ਾਜ਼ਿਲਕਾ ਵਿਖੇ ਡਿਪੂ ਹੋਲਡਰ ਵੱਲੋਂ ਲਾਭਪਾਤਰੀਆਂ ਨੂੰ ਦਿੱਤੀ ਜਾ ਰਹੀ ਕਣਕ ਬਾਰੇ ਨਿਰੀਖਣ ਕੀਤਾ। ਉਨ੍ਹਾਂ ਸਬੰਧਿਤ ਡਿੱਪੂ ਹੋਲਡਰ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਹਰੇਕ ਲਾਭਪਾਤਰੀ ਨੂੰ ਨਿਸ਼ਚਿਤ ਸਮੇਂ ਅੰਦਰ ਉਸਦੀ ਮਹੀਨਾਵਾਰ ਕਣਕ ਦਿੱਤੀ ਜਾਵੇ ਤੇ ਕਿਸੇ ਵੀ ਲਾਭਪਾਤਰੀ ਨੂੰ ਕਣਕ ਘੱਟ ਨਾ ਦਿੱਤੀ ਜਾਵੇ ਤੇ ਨਾ ਹੀ ਉਸ ਨੂੰ ਇਸ ਬਾਰੇ ਕਿਸੇ ਲਾਭਪਾਤਰੀ ਦੀ ਸ਼ਿਕਾਇਤ ਮਿਲੇ। ਉਨ੍ਹਾਂ ਮੌਕੇ ਤੇ ਮੌਜੂਦ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਜਿਨ੍ਹਾਂ ਨੂੰ ਕਣਕ ਘੱਟ ਦਿੱਤੀ ਗਈ ਹੈ ਉਨ੍ਹਾਂ ਨੂੰ ਕਣਕ ਪੂਰੀ ਦਿੱਤੀ ਜਾਵੇ। ਇਸ ਤੋਂ ਬਾਅਦ ਉਨ੍ਹਾਂ ਰਾਸ਼ਨ ਡਿਪੂ ਸ਼ਿਵ ਪੁਰੀ ਰੋਡ ਫ਼ਾਜ਼ਿਲਕਾ ਵਿਖੇ ਲਾਭਪਤਾਰੀਆਂ ਨੂੰ ਦਿੱਤੀ ਜਾ ਰਹੀ ਕਣਕ ਦਾ ਵੀ ਨਿਰੀਖਣ ਕੀਤਾ।।
ਉਨ੍ਹਾਂ ਰਾਸ਼ਨ ਲੈਣ ਵਾਲੇ ਲਾਭਪਾਤਰੀਆ ਨੂੰ ਕਮਿਸ਼ਨ ਦੇ ਹੈਲਪਲਾਈਨ ਨੰਬਰ 9876764545 ਅਤੇ ਈਮੇਲ
punjabfoodcommission@gmail.com ਦੀ ਜਾਣਕਾਰੀ ਵੀ ਦਿੱਤੀ ਅਤੇ ਨਾਲ ਹੀ ਦੱਸਿਆ ਕਿ ਉਹ ਨੈਸ਼ਨਲ ਫੂਡ ਸਕਿਓਰਟੀ ਐਕਟ 2013 ਅਧੀਨ ਚੱਲ ਰਹੀਆ ਸਕੀਮਾਂ ਸਬੰਧੀ ਸ਼ਿਕਾਇਤ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਰ(ਵਿਕਾਸ) ਕੋਲ ਦਰਜ ਵੀ ਕਰਵਾ ਸਕਦੇ ਹਨ।