ਪੰਜਾਬ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ ਫ਼ੇਫ਼ੜਿਆਂ ਦੀਆਂ ਪੁਰਾਣੀਆਂ ਬੀਮਾਰੀਆਂ ਅਤੇ ਥੋਰੇਸਿਕ ਸਰਜਰੀ ਦੇ 80 ਫ਼ੀਸਦੀ ਤੋਂ ਵੱਧ ਮਾਮਲਿਆਂ ਵਿੱਚ ਬਾਲਗ ਅਤੇ ਸੀਨੀਅਰ ਨਾਗਰਿਕ ਪਾਏ ਗਏ ਪੀੜਤ
ਫ਼ੇਫ਼ੜਿਆਂ ਦੀਆਂ ਪੁਰਾਣੀਆਂ ਬੀਮਾਰੀਆਂ ਹੁਣ ਸਿਰਫ਼ ਬਜ਼ੁਰਗਾਂ ਦੀ ਸਮੱਸਿਆ ਨਹੀਂ; ਪੰਜਾਬ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਦੇ ਅੰਕੜੇ 36–60 ਸਾਲ ਉਮਰ ਵਰਗ ਵਿੱਚ ਵਧ ਰਹੇ ਬੋਝ ਵੱਲ ਕਰਦੇ ਹਨ ਇਸ਼ਾਰਾ
ਸਾਹ ਚੜ੍ਹਨ ਦੀ ਸਮੱਸਿਆ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ; ਸਮੇਂ ਸਿਰ ਇਲਾਜ ਨਾਲ ਫ਼ੇਫ਼ੜਿਆਂ, ਜ਼ਿੰਦਗੀ ਅਤੇ ਰੋਜ਼ੀ-ਰੋਟੀ—ਤਿੰਨਾਂ ਨੂੰ ਬਚਾਇਆ ਜਾ ਸਕਦਾ ਹੈ: ਡਾ. ਬਲਬੀਰ ਸਿੰਘ
ਸਾਹ ਚੜ੍ਹਨ ਨੂੰ ਅਕਸਰ ਆਮ ਥਕਾਵਟ ਸਮਝ ਕੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਲਗਾਤਾਰ ਰਹਿਣ ਵਾਲੀ ਖੰਘ ਨੂੰ ਮੌਸਮ ਦਾ ਅਸਰ ਮੰਨ ਲਿਆ ਜਾਂਦਾ ਹੈ ਅਤੇ ਘਰਘਰਾਹਟ ਨੂੰ ਉਦੋਂ ਤੱਕ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ, ਜਦੋਂ ਤੱਕ ਪੌੜੀਆਂ ਚੜ੍ਹਨੀਆਂ ਵੀ ਔਖੀਆਂ ਨਾ ਹੋ ਜਾਣ। ਉਦੋਂ ਤੱਕ ਕਈ ਮਰੀਜ਼ ਫ਼ੇਫ਼ੜਿਆਂ ਦੀ ਗੰਭੀਰ ਬੀਮਾਰੀ ਦਾ ਸ਼ਿਕਾਰ ਹੋ ਚੁੱਕੇ ਹੁੰਦੇ ਹਨ, ਜਿਸ ਲਈ ਲੰਬੇ ਸਮੇਂ ਤੱਕ ਹਸਪਤਾਲ ਵਿੱਚ ਦਾਖ਼ਲ ਰਹਿਣਾ ਪੈਂਦਾ ਹੈ ਜਾਂ ਵੱਡੀ ਥੋਰੇਸਿਕ ਸਰਜਰੀ ਕਰਵਾਉਣੀ ਪੈਂਦੀ ਹੈ।
ਮੁੱਖ ਮੰਤਰੀ ਸਿਹਤ ਯੋਜਨਾ (ਐੱਮਐੱਮਐੱਸਵਾਈ) ਤਹਿਤ ਪੰਜਾਬ ਦੇ ਤਾਜ਼ਾ ਇਲਾਜੀ ਅੰਕੜੇ ਦੱਸਦੇ ਹਨ ਕਿ ਫ਼ੇਫ਼ੜਿਆਂ ਦੀਆਂ ਪੁਰਾਣੀਆਂ ਬੀਮਾਰੀਆਂ ਹੁਣ ਸਿਰਫ਼ ਬਜ਼ੁਰਗਾਂ ਤੱਕ ਸੀਮਤ ਨਹੀਂ ਰਹੀਆਂ। ਹਸਪਤਾਲ ਵਿੱਚ ਦਾਖ਼ਲ ਹੋ ਕੇ ਇਲਾਜ ਕਰਵਾਉਣ ਵਾਲੇ ਮਰੀਜ਼ਾਂ ਦਾ ਵੱਡਾ ਹਿੱਸਾ ਸੂਬੇ ਦੇ ਕੰਮਕਾਜੀ ਉਮਰ ਵਰਗ ਨਾਲ ਸਬੰਧਿਤ ਹੈ, ਜੋ ਇਹ ਦਰਸਾਉਂਦਾ ਹੈ ਕਿ ਸਾਹ ਨਾਲ ਸਬੰਧਿਤ ਬੀਮਾਰੀਆਂ ਸਿਹਤ ਦੇ ਨਾਲ-ਨਾਲ ਆਰਥਿਕ ਬੋਝ ਵੀ ਤੇਜ਼ੀ ਨਾਲ ਵਧਾ ਰਹੀਆਂ ਹਨ।
ਅਮਰੀਕਾ ਦੇ ਨੈਸ਼ਨਲ ਹਾਰਟ, ਲੰਗ ਐਂਡ ਬਲੱਡ ਇੰਸਟੀਚਿਊਟ ਅਨੁਸਾਰ, ਫ਼ੇਫ਼ੜਿਆਂ ਦੀਆਂ ਪੁਰਾਣੀਆਂ ਬੀਮਾਰੀਆਂ ਹੌਲੀ-ਹੌਲੀ ਵਿਕਸਿਤ ਹੁੰਦੀਆਂ ਹਨ ਅਤੇ ਆਪਣੇ ਆਪ ਠੀਕ ਨਹੀਂ ਹੁੰਦੀਆਂ। ਜਿੰਨੀ ਜਲਦੀ ਇਨ੍ਹਾਂ ਦੀ ਪਛਾਣ ਹੋ ਜਾਵੇ, ਫ਼ੇਫ਼ੜਿਆਂ ਨੂੰ ਹੋਣ ਵਾਲੇ ਨੁਕਸਾਨ ਨੂੰ ਉਨਾ ਹੀ ਆਸਾਨੀ ਨਾਲ ਰੋਕਿਆ ਜਾ ਸਕਦਾ ਹੈ। ਦਵਾਈਆਂ ਅਤੇ ਪਲਮੋਨਰੀ ਰੀਹੈਬਿਲੀਟੇਸ਼ਨ ਨਾਲ ਲਾਭ ਮਿਲਦਾ ਹੈ। ਗੰਭੀਰ ਮਾਮਲਿਆਂ ਵਿੱਚ ਥੋਰੇਸਿਕ ਸਰਜਰੀ ਜਾਨ ਬਚ ਸਕਦੀ ਹੈ। ਅਜਿਹੇ ਮਾਮਲਿਆਂ ਵਿੱਚ ਇਲਾਜ ਵਿੱਚ ਦੇਰੀ ਕਰਨਾ ਕਦੇ ਵੀ ਸਹੀ ਵਿਕਲਪ ਨਹੀਂ ਹੁੰਦਾ। ਬਦਕਿਸਮਤੀ ਨਾਲ ਇਲਾਜ ਦਾ ਖ਼ਰਚ ਨਾ ਝੱਲ ਸਕਣ ਕਾਰਨ ਕਈ ਮਰੀਜ਼ ਇਲਾਜ ਵਿੱਚ ਦੇਰੀ ਕਰਦੇ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚਲਾਈ ਜਾ ਰਹੀ ਮੁੱਖ ਮੰਤਰੀ ਸਿਹਤ ਯੋਜਨਾ ਅਧੀਨ ਸਟੇਟ ਹੈਲਥ ਏਜੰਸੀ (ਐਸਐਚਏ), ਪੰਜਾਬ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ 8 ਜਨਵਰੀ ਤੋਂ 21 ਜੁਲਾਈ 2026 ਤੱਕ 14,032 ਲੋਕਾਂ ਨੇ ਫ਼ੇਫ਼ੜਿਆਂ ਦੀਆਂ ਪੁਰਾਣੀਆਂ ਬੀਮਾਰੀਆਂ ਅਤੇ ਥੋਰੇਸਿਕ ਸਰਜਰੀ/ਸਾਹ ਨਾਲ ਸਬੰਧਿਤ ਇਲਾਜ ਦਾ ਲਾਭ ਲਿਆ। ਇਨ੍ਹਾਂ ਇਲਾਜਾਂ ’ਤੇ 37.30 ਕਰੋੜ ਰੁਪਏ ਦੀ ਕੈਸ਼ਲੈੱਸ ਰਕਮ ਅਦਾ ਕੀਤੀ ਗਈ। ਇਨ੍ਹਾਂ ਅੰਕੜਿਆਂ ਦੇ ਪਿੱਛੇ ਉਨ੍ਹਾਂ ਹਜ਼ਾਰਾਂ ਮਰੀਜ਼ਾਂ ਦੀ ਕਹਾਣੀ ਹੈ, ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਲੱਖਾਂ ਰੁਪਏ ਦਾ ਪ੍ਰਬੰਧ ਕਰਨ ਦੀ ਚਿੰਤਾ ਨਹੀਂ ਕਰਨੀ ਪਈ। ਇਹੀ ਇਸ ਯੋਜਨਾ ਦੀ ਸਭ ਤੋਂ ਵੱਡੀ ਤਾਕਤ ਹੈ।
ਅੰਕੜਿਆਂ ਅਨੁਸਾਰ 36 ਤੋਂ 60 ਸਾਲ ਉਮਰ ਵਰਗ ਵਿੱਚ 5,559 ਇਲਾਜ ਦੇ ਮਾਮਲੇ ਦਰਜ ਕੀਤੇ ਗਏ, ਜਦਕਿ 60 ਸਾਲ ਤੋਂ ਵੱਧ ਉਮਰ ਦੇ 5,659 ਸੀਨੀਅਰ ਨਾਗਰਿਕਾਂ ਨੇ ਵੀ ਹਸਪਤਾਲ ਵਿੱਚ ਇਲਾਜ ਪ੍ਰਾਪਤ ਕੀਤਾ। ਇਹ ਦੋਵੇਂ ਉਮਰ ਵਰਗ ਮਿਲ ਕੇ ਯੋਜਨਾ ਤਹਿਤ ਹੋਏ ਕੁੱਲ ਸਾਹ ਨਾਲ ਸਬੰਧਿਤ ਇਲਾਜ ਦੇ 80 ਫ਼ੀਸਦੀ ਤੋਂ ਵੱਧ ਮਾਮਲਿਆਂ ਵਿੱਚ ਹਿੱਸੇਦਾਰ ਰਹੇ। ਇਸ ਤੋਂ ਇਲਾਵਾ 2,522 ਨੌਜਵਾਨ ਬਾਲਗਾਂ ਅਤੇ 292 ਬੱਚਿਆਂ ਨੇ ਵੀ ਸਾਹ ਨਾਲ ਸਬੰਧਿਤ ਇਲਾਜ ਪ੍ਰਾਪਤ ਕੀਤਾ।
ਲਿੰਗ ਅਧਾਰਿਤ ਅੰਕੜਿਆਂ ਅਨੁਸਾਰ 8,345 ਪੁਰਸ਼ਾਂ ਦਾ 22.79 ਕਰੋੜ ਰੁਪਏ ਦੀ ਲਾਗਤ ਨਾਲ ਇਲਾਜ ਕੀਤਾ ਗਿਆ, ਜਦਕਿ 5,684 ਮਹਿਲਾਵਾਂ ਨੂੰ 14.50 ਕਰੋੜ ਰੁਪਏ ਦੇ ਇਲਾਜ ਦਾ ਲਾਭ ਮਿਲਿਆ। ਇਸ ਤੋਂ ਇਲਾਵਾ ‘ਹੋਰ’ ਲਿੰਗ ਸ਼੍ਰੇਣੀ ਦੇ ਤਿੰਨ ਲਾਭਪਾਤਰੀਆਂ ਨੇ ਵੀ ਯੋਜਨਾ ਤਹਿਤ ਕੈਸ਼ਲੈੱਸ ਸਿਹਤ ਸੇਵਾਵਾਂ ਦਾ ਲਾਭ ਲਿਆ।
ਮਹੀਨਾਵਾਰ ਅੰਕੜੇ ਦਰਸਾਉਂਦੇ ਹਨ ਕਿ ਰਿਪੋਰਟਿੰਗ ਸਮੇਂ ਦੌਰਾਨ ਵਿਸ਼ੇਸ਼ ਸਾਹ ਨਾਲ ਸਬੰਧਿਤ ਸੇਵਾਵਾਂ ਦੀ ਮੰਗ ਲਗਾਤਾਰ ਬਣੀ ਰਹੀ। ਇਲਾਜ ਦੇ ਮਾਮਲਿਆਂ ਦੀ ਗਿਣਤੀ ਜਨਵਰੀ ਵਿੱਚ 1,332 ਤੋਂ ਵਧ ਕੇ ਅਪ੍ਰੈਲ ਵਿੱਚ 2,509 ਹੋ ਗਈ, ਜੋ ਛੇ ਮਹੀਨਿਆਂ ਦੌਰਾਨ ਸਭ ਤੋਂ ਵੱਧ ਰਹੀ। ਹਾਲਾਂਕਿ ਜੂਨ ਵਿੱਚ 2,004 ਮਾਮਲੇ ਦਰਜ ਕੀਤੇ ਗਏ, ਪਰ ਇਲਾਜ ਦੀ ਕੁੱਲ ਰਕਮ 6.73 ਕਰੋੜ ਰੁਪਏ ਰਹੀ, ਜੋ ਸਭ ਤੋਂ ਵੱਧ ਸੀ। ਇਹ ਦਰਸਾਉਂਦਾ ਹੈ ਕਿ ਯੋਜਨਾ ਤਹਿਤ ਹੋਰ ਜਟਿਲ ਅਤੇ ਮਹਿੰਗੇ ਸਾਹ ਨਾਲ ਸਬੰਧਿਤ ਇਲਾਜ ਵੀ ਮੁਹੱਈਆ ਕਰਵਾਏ ਜਾ ਰਹੇ ਹਨ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “ਇਹ ਅੰਕੜੇ ਸਾਹ ਨਾਲ ਸਬੰਧਿਤ ਬੀਮਾਰੀਆਂ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਵਧਾਉਣ ਦੀ ਤੁਰੰਤ ਲੋੜ ਨੂੰ ਉਜਾਗਰ ਕਰਦੇ ਹਨ। ਲੋਕ ਲਗਾਤਾਰ ਰਹਿਣ ਵਾਲੀ ਖੰਘ ਜਾਂ ਸਾਹ ਚੜ੍ਹਨ ਨੂੰ ਅਕਸਰ ਅਸਥਾਈ ਸਮੱਸਿਆ ਜਾਂ ਵਧਦੀ ਉਮਰ ਦਾ ਆਮ ਲੱਛਣ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ। ਬਦਕਿਸਮਤੀ ਨਾਲ ਫ਼ੇਫ਼ੜਿਆਂ ਦੀਆਂ ਪੁਰਾਣੀਆਂ ਬੀਮਾਰੀਆਂ ਹੌਲੀ-ਹੌਲੀ ਅਤੇ ਬਿਨਾਂ ਸਪੱਸ਼ਟ ਲੱਛਣਾਂ ਦੇ ਵਧਦੀਆਂ ਰਹਿੰਦੀਆਂ ਹਨ। ਜਦੋਂ ਤੱਕ ਕਈ ਮਰੀਜ਼ ਡਾਕਟਰੀ ਸਹਾਇਤਾ ਲੈਂਦੇ ਹਨ, ਉਦੋਂ ਤੱਕ ਫ਼ੇਫ਼ੜਿਆਂ ਨੂੰ ਗੰਭੀਰ ਨੁਕਸਾਨ ਪਹੁੰਚ ਚੁੱਕਾ ਹੁੰਦਾ ਹੈ। ਸਾਹ ਚੜ੍ਹਨ ਦੀ ਸਮੱਸਿਆ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਸਮੇਂ ਸਿਰ ਇਲਾਜ ਨਾਲ ਫ਼ੇਫ਼ੜਿਆਂ, ਜ਼ਿੰਦਗੀ ਅਤੇ ਰੋਜ਼ੀ-ਰੋਟੀ—ਤਿੰਨਾਂ ਨੂੰ ਬਚਾਇਆ ਜਾ ਸਕਦਾ ਹੈ।”
ਸਿਹਤ ਮੰਤਰੀ ਨੇ ਖ਼ਾਸ ਤੌਰ ’ਤੇ ਸਿਗਰਟਨੋਸ਼ੀ ਕਰਨ ਵਾਲਿਆਂ, ਉਦਯੋਗਿਕ ਖੇਤਰਾਂ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਅਤੇ ਧੂੜ ਤੇ ਪ੍ਰਦੂਸ਼ਣ ਦੇ ਸੰਪਰਕ ਵਿੱਚ ਰਹਿਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਲੱਛਣ ਲਗਾਤਾਰ ਬਣੇ ਰਹਿਣ ਤਾਂ ਤੁਰੰਤ ਡਾਕਟਰੀ ਸਲਾਹ ਲੈਣ। ਉਨ੍ਹਾਂ ਨੇ ਤੰਬਾਕੂ ਤੋਂ ਦੂਰ ਰਹਿਣ, ਪ੍ਰਦੂਸ਼ਿਤ ਵਾਤਾਵਰਣ ਦੇ ਸੰਪਰਕ ਨੂੰ ਘਟਾਉਣ ਅਤੇ ਸਾਹ ਨਾਲ ਸਬੰਧਿਤ ਪੁਰਾਣੀਆਂ ਬੀਮਾਰੀਆਂ ਤੋਂ ਪੀੜਤ ਲੋਕਾਂ ਲਈ ਨਿਯਮਿਤ ਸਿਹਤ ਜਾਂਚ ਕਰਵਾਉਣ ’ਤੇ ਵੀ ਜ਼ੋਰ ਦਿੱਤਾ।
ਸਮੇਂ ਸਿਰ ਬੀਮਾਰੀ ਦੀ ਪਛਾਣ, ਤੰਬਾਕੂ ਦਾ ਸੇਵਨ ਛੱਡਣਾ, ਹਵਾ ਪ੍ਰਦੂਸ਼ਣ ਦੇ ਸੰਪਰਕ ਨੂੰ ਘਟਾਉਣਾ, ਕੰਮ ਵਾਲੀ ਥਾਂ ’ਤੇ ਸੁਰੱਖਿਆ ਉਪਾਅ ਅਪਣਾਉਣਾ ਅਤੇ ਸਮੇਂ ਸਿਰ ਉਚਿਤ ਡਾਕਟਰੀ ਇਲਾਜ ਪ੍ਰਾਪਤ ਕਰਨਾ ਫ਼ੇਫ਼ੜਿਆਂ ਦੀਆਂ ਪੁਰਾਣੀਆਂ ਬੀਮਾਰੀਆਂ ਨੂੰ ਰੋਕਣ ਅਤੇ ਵੱਡੀ ਥੋਰੇਸਿਕ ਸਰਜਰੀ ਦੀ ਲੋੜ ਤੋਂ ਬਚਣ ਦੇ ਸਭ ਤੋਂ ਪ੍ਰਭਾਵਸ਼ਾਲੀ ਤਰੀਕੇ ਹਨ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)