ਨਗਰ ਕੌਂਸਲ ਕੁਰਾਲੀ ਦੇ ਪ੍ਰਧਾਨ ਵਜੋਂ ਆਪ ਦੇ ਬਹਾਦਰ ਸਿੰਘ ਓ.ਕੇ. ਦੀ ਤਾਜਪੋਸ਼ੀ, ਅਨਮੋਲ ਗਗਨ ਮਾਨ ਨੇ ਸਿਰੋਪਾਓ ਨਾਲ ਕੀਤਾ ਸਨਮਾਨ
Jul20,2026
| Gurvinder Singh | Kurali
*ਕੁਰਾਲੀ, 20 ਜੁਲਾਈ:*
ਗੁਰਵਿੰਦਰ ਸਿੰਘ
ਨਗਰ ਕੌਂਸਲ ਕੁਰਾਲੀ ਦੇ ਨਵੇਂ ਪ੍ਰਧਾਨ ਵਜੋਂ ਸ. ਬਹਾਦਰ ਸਿੰਘ ਓ.ਕੇ.ਦੀ ਤਾਜਪੋਸ਼ੀ ਧਾਰਮਿਕ ਅਤੇ ਸ਼ਾਨਦਾਰ ਮਾਹੌਲ ਵਿੱਚ ਸੰਪੰਨ ਹੋਈ। ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੋਈ, ਜਿਸ ਉਪਰੰਤ ਤਾਜਪੋਸ਼ੀ ਸਮਾਗਮ ਆਯੋਜਿਤ ਕੀਤਾ ਗਿਆ।
ਸਮਾਗਮ ਵਿੱਚ ਹਲਕਾ ਖਰੜ ਦੀ ਵਿਧਾਇਕਾ ਅਨਮੋਲ ਗਗਨ ਮਾਨ ਸੋਹੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸ. ਬਹਾਦਰ ਸਿੰਘ ਓ.ਕੇ. ਨੂੰ ਨਗਰ ਕੌਂਸਲ ਕੁਰਾਲੀ ਦਾ ਪ੍ਰਧਾਨ ਬਣਨ 'ਤੇ ਵਧਾਈ ਦਿੱਤੀ ਅਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸ਼ਹਿਰਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ ਅਤੇ ਕੁਰਾਲੀ ਦੇ ਵਿਕਾਸ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਨਵੇਂ ਪ੍ਰਧਾਨ ਨੂੰ ਇਮਾਨਦਾਰੀ, ਪਾਰਦਰਸ਼ਤਾ ਅਤੇ ਸੇਵਾ ਭਾਵਨਾ ਨਾਲ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉਤਰਣ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਇਸ ਮੌਕੇ ਗੁਰਦੁਆਰਾ ਸਾਹਿਬ ਕੁਰਾਲੀ ਅਤੇ ਗੁਰਦੁਆਰਾ ਸਾਹਿਬ ਸੋਲਖੀਆਂ ਦੇ ਮੁੱਖ ਗ੍ਰੰਥੀ ਸਾਹਿਬਾਨ ਵੱਲੋਂ ਵੀ ਸ. ਬਹਾਦਰ ਸਿੰਘ ਓ.ਕੇ. ਨੂੰ ਸਿਰੋਪਾਓ ਭੇਟ ਕਰਕੇ ਅਸ਼ੀਰਵਾਦ ਦਿੱਤਾ ਗਿਆ।
ਸਮਾਗਮ ਦਾ ਮੰਚ ਸੰਚਾਲਨ ਪ੍ਰਦੀਪ ਸਿੰਘ ਰੂੜਾ ਕੌਂਸਲਰ ਨੇ ਸੁਚੱਜੇ ਢੰਗ ਨਾਲ ਕੀਤਾ। ਇਸ ਮੌਕੇ ਨੰਦੀਪਾਲ ਬਾਂਸਲ, ਵਿਧਾਨ ਸਭਾ ਹਲਕਾ ਚੇਅਰਮੈਨ, ਅਗਰਵਾਲ ਵੈਲਫੇਅਰ ਬੋਰਡ ਨੇ ਆਪਣੇ ਸੰਬੋਧਨ ਦੌਰਾਨ ਸ. ਬਹਾਦਰ ਸਿੰਘ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਹੇਠ ਕੁਰਾਲੀ ਦੇ ਵਿਕਾਸ ਨੂੰ ਨਵੀਂ ਗਤੀ ਮਿਲੇਗੀ।
ਆਪਣੇ ਸੰਬੋਧਨ ਵਿੱਚ ਸ. ਬਹਾਦਰ ਸਿੰਘ ਓ.ਕੇ. ਨੇ ਵਿਧਾਇਕਾ ਅਨਮੋਲ ਗਗਨ ਮਾਨ, ਸੋਹੀ ਪਰਿਵਾਰ, ਮਾਨ ਪਰਿਵਾਰ ਅਤੇ ਸਮਾਗਮ ਵਿੱਚ ਪਹੁੰਚੇ ਸਮੂਹ ਪਤਵੰਤਿਆਂ, ਧਾਰਮਿਕ ਆਗੂਆਂ ਅਤੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਨਗਰ ਕੌਂਸਲ ਦੇ ਸਮੂਹ ਕੌਂਸਲਰਾਂ ਨੂੰ ਆਪਣੇ ਭਰਾ ਅਤੇ ਪਰਿਵਾਰ ਦਾ ਹਿੱਸਾ ਸਮਝਦੇ ਹਨ ਅਤੇ ਸਾਰਿਆਂ ਨੂੰ ਨਾਲ ਲੈ ਕੇ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਕੰਮ ਕਰਨਗੇ।
ਉਨ੍ਹਾਂ ਇਸ ਮੌਕੇ ਵਿਧਾਇਕਾ ਅਨਮੋਲ ਗਗਨ ਮਾਨ ਦੇ ਧਿਆਨ ਵਿੱਚ ਕੁਰਾਲੀ ਸ਼ਹਿਰ ਦੀਆਂ ਅਹਿਮ ਲੋੜਾਂ ਵੀ ਰੱਖੀਆਂ, ਜਿਨ੍ਹਾਂ ਵਿੱਚ ਸੀਵਰੇਜ ਪ੍ਰਣਾਲੀ ਨੂੰ ਮਜ਼ਬੂਤ ਕਰਨਾ, ਨਵੇਂ ਟਿਊਬਵੈੱਲ ਲਗਾਉਣਾ ਅਤੇ ਸਰਕਾਰੀ ਹਸਪਤਾਲ ਦਾ ਅਪਗ੍ਰੇਡੇਸ਼ਨ ਕਰਨਾ ਪ੍ਰਮੁੱਖ ਹਨ। ਉਨ੍ਹਾਂ ਵਿਸ਼ਵਾਸ ਪ੍ਰਗਟਾਇਆ ਕਿ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਇਹ ਵਿਕਾਸ ਕਾਰਜ ਜਲਦੀ ਨੇਪਰੇ ਚਾੜ੍ਹੇ ਜਾਣਗੇ।
Sas-Nagar-News-