ਦਿੱਲੀ ਦੀਆਂ 109 ਪੰਜਾਬੀ ਸੰਸਥਾਵਾਂ ਵੱਲੋਂ ਰਾਜ ਸਭਾ ਮੈਂਬਰ ਤਰੁਣ ਚੁੱਘ ਅਤੇ ਦਿੱਲੀ ਭਾਜਪਾ ਪ੍ਰਧਾਨ ਹਰਸ਼ ਮਲਹੋਤਰਾ ਦਾ ਭਵਿਆ ਨਾਗਰਿਕ ਸਨਮਾਨ
ਪੰਜਾਬੀ ਕੋਈ ਕੌਮ ਨਹੀਂ, ਸਗੋਂ ਸੇਵਾ, ਸੰਘਰਸ਼ ਅਤੇ ਰਾਸ਼ਟਰ ਭਗਤੀ ਦਾ ਜੀਵੰਤ ਵਿਚਾਰ ਹੈ: ਤਰੁਣ ਚੁੱਘ
ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਤਰੁਣ ਚੁੱਘ ਅਤੇ ਹਰਸ਼ ਮਲਹੋਤਰਾ ਨੂੰ 'ਪੰਜਾਬੀ ਗੌਰਵ' ਸਨਮਾਨ ਨਾਲ ਨਿਵਾਜਿਆ ਗਿਆ
ਚੰਡੀਗੜ੍ਹ, 1 ਜੁਲਾਈ 2026
ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਮਹਾਮੰਤਰੀ ਅਤੇ ਰਾਜ ਸਭਾ ਮੈਂਬਰ ਤਰੁਣ ਚੁੱਘ ਨੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਲ ਸੰਬੰਧਿਤ ਪ੍ਰਸਤਾਵਿਤ ਕਾਨੂੰਨ ਨੂੰ ਮਹਾਰਾਸ਼ਟਰ ਸਰਕਾਰ ਵੱਲੋਂ ਮੁਲਤਵੀ ਕੀਤੇ ਜਾਣ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਦੇਵੇਂਦਰ ਫਡਣਵੀਸ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਨਾਨਕ ਨਾਮ ਲੇਵਾ ਸੰਗਤਾਂ ਅਤੇ ਵੱਖ ਵੱਖ ਸਿੱਖ ਜਥੇਬੰਦੀਆਂ ਦੀ ਭਾਵਨਾ ਸੀ ਕਿ ਇਸ ਵਿਸ਼ੇ 'ਤੇ ਵਿਸਥਾਰਪੂਰਵਕ ਚਰਚਾ ਤੋਂ ਬਾਅਦ ਹੀ ਕੋਈ ਅੰਤਿਮ ਫ਼ੈਸਲਾ ਲਿਆ ਜਾਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਤਖ਼ਤ ਸ੍ਰੀ ਹਜ਼ੂਰ ਸਾਹਿਬ ਕਰੋੜਾਂ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਹੈ ਅਤੇ ਇਸ ਨਾਲ ਜੁੜਿਆ ਹਰ ਫ਼ੈਸਲਾ ਸਿੱਖ ਪਰੰਪਰਾਵਾਂ ਅਤੇ ਸੰਗਤਾਂ ਦੀਆਂ ਭਾਵਨਾਵਾਂ ਦਾ ਪੂਰਾ ਸਤਿਕਾਰ ਕਰਦਿਆਂ ਹੀ ਲਿਆ ਜਾਣਾ ਚਾਹੀਦਾ ਹੈ।
ਇਸੇ ਦੌਰਾਨ ਰਾਜ ਸਭਾ ਮੈਂਬਰ ਬਣਨ ਉਪਰੰਤ ਦਿੱਲੀ ਵਿੱਚ ਆਯੋਜਿਤ ਪੰਜਾਬੀ ਗੌਰਵ ਅਭਿਨੰਦਨ ਸਮਾਰੋਹ ਵਿੱਚ ਦਿੱਲੀ ਦੀਆਂ 109 ਪੰਜਾਬੀ ਸਮਾਜਿਕ, ਧਾਰਮਿਕ ਅਤੇ ਸੱਭਿਆਚਾਰਕ ਸੰਸਥਾਵਾਂ ਨੇ ਤਰੁਣ ਚੁੱਘ ਅਤੇ ਦਿੱਲੀ ਭਾਜਪਾ ਪ੍ਰਧਾਨ ਤੇ ਕੇਂਦਰੀ ਰਾਜ ਮੰਤਰੀ ਹਰਸ਼ ਮਲਹੋਤਰਾ ਦਾ ਭਵਿਆ ਨਾਗਰਿਕ ਸਨਮਾਨ ਕੀਤਾ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਦੋਵੇਂ ਆਗੂਆਂ ਨੂੰ 'ਪੰਜਾਬੀ ਗੌਰਵ' ਸਨਮਾਨ ਅਤੇ ਯਾਦਗਾਰੀ ਚਿੰਨ੍ਹ ਭੇਟ ਕੀਤੇ।
ਸਮਾਰੋਹ ਨੂੰ ਸੰਬੋਧਨ ਕਰਦਿਆਂ ਚੁੱਘ ਨੇ ਕਿਹਾ, "ਪੰਜਾਬੀ ਕੋਈ ਕੌਮ ਨਹੀਂ, ਸਗੋਂ ਇੱਕ ਵਿਚਾਰ ਹੈ ਜੋ ਹਰ ਵੇਲੇ ਦੂਜਿਆਂ ਦੀ ਮਦਦ ਲਈ ਤਿਆਰ ਰਹਿੰਦਾ ਹੈ।" ਉਨ੍ਹਾਂ ਕਿਹਾ ਕਿ ਪੰਜਾਬੀਆਂ ਦਾ ਸੰਘਰਸ਼ ਅਤੇ ਬਲੀਦਾਨ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ ਅਤੇ ਪੰਜਾਬੀ ਉਹ ਹੈ ਜੋ ਹਰ ਔਖੇ ਵੇਲੇ ਸਭ ਤੋਂ ਅੱਗੇ ਖੜ੍ਹਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਿਰਫ਼ ਭੂਗੋਲ ਨਹੀਂ, ਸਗੋਂ ਜ਼ਿੰਦਾਦਿਲੀ, ਬਹਾਦਰੀ, ਰਾਸ਼ਟਰ ਭਗਤੀ ਅਤੇ ਸਭਿਆਚਾਰਕ ਪਛਾਣ ਦਾ ਪ੍ਰਤੀਕ ਹੈ।
ਚੁੱਘ ਨੇ ਸਾਰੀਆਂ 109 ਸੰਸਥਾਵਾਂ ਅਤੇ ਆਯੋਜਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਸਮਾਜ ਵੱਲੋਂ ਮਿਲਿਆ ਇਹ ਸਨਮਾਨ ਉਨ੍ਹਾਂ ਨੂੰ ਰਾਸ਼ਟਰ ਸੇਵਾ ਲਈ ਹੋਰ ਵੱਧ ਸਮਰਪਣ ਅਤੇ ਊਰਜਾ ਨਾਲ ਕੰਮ ਕਰਨ ਦੀ ਪ੍ਰੇਰਣਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਉਹ ਰਾਜ ਸਭਾ ਵਿੱਚ ਵੀ ਪੰਜਾਬ, ਪੰਜਾਬੀ ਸਮਾਜ ਅਤੇ ਰਾਸ਼ਟਰੀ ਹਿਤਾਂ ਨਾਲ ਜੁੜੇ ਹਰ ਮੁੱਦੇ ਨੂੰ ਪੂਰੀ ਦ੍ਰਿੜਤਾ ਨਾਲ ਉਠਾਉਂਦੇ ਰਹਿਣਗੇ।
ਸਮਾਰੋਹ ਵਿੱਚ ਮੁੱਖ ਮੰਤਰੀ ਰੇਖਾ ਗੁਪਤਾ, ਦਿੱਲੀ ਭਾਜਪਾ ਪ੍ਰਧਾਨ ਹਰਸ਼ ਮਲਹੋਤਰਾ, ਸੰਸਦ ਮੈਂਬਰ ਰਾਮਵੀਰ ਸਿੰਘ ਬਿਧੂੜੀ, ਯੋਗੇਂਦਰ ਚਾਂਦੋਲੀਆ, ਕਮਲਜੀਤ ਸਹਰਾਵਤ, ਬਾਂਸੁਰੀ ਸਵਰਾਜ, ਦਿੱਲੀ ਦੇ ਮੇਅਰ ਪ੍ਰਵੇਸ਼ ਵਾਹੀ, ਮੰਤਰੀ ਮਨਜਿੰਦਰ ਸਿੰਘ ਸਿਰਸਾ, ਆਸ਼ੀਸ਼ ਸੂਦ, ਸਾਬਕਾ ਰਾਜਪਾਲ ਜਗਦੀਸ਼ ਮੁਖੀ, ਸੰਤ ਅਜੈ ਭਾਈ ਜੀ, ਵਿਧਾਇਕਾਂ, ਪਾਰਸ਼ਦਾਂ, ਸਮਾਜ ਸੇਵੀਆਂ ਅਤੇ ਪੰਜਾਬੀ ਸੰਸਥਾਵਾਂ ਦੇ ਵੱਡੀ ਗਿਣਤੀ ਵਿੱਚ ਨੁਮਾਇੰਦੇ ਮੌਜੂਦ ਸਨ।