ਪਾਕਿਸਤਾਨ ਦੇ ਫਾਰੂਕਾਬਾਦ ਸਥਿਤ ਤਕਰੀਬਨ 125 ਸਾਲ ਪੁਰਾਣੇ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਇੱਕ ਹਿੱਸੇ ਨੂੰ ਭੂ-ਮਾਫੀਆ ਵੱਲੋਂ ਢਾਹੇ ਜਾਣ ਦੀ ਘਟਨਾ ਨੂੰ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਨਿੰਦਣਯੋਗ ਦੱਸਿਆ ਹੈ। ਉਨ੍ਹਾਂ ਇਸ ਮੰਦਭਾਗੀ ਕਾਰਵਾਈ ਨੂੰ ਲੈ ਕੇ ਪਾਕਿਸਤਾਨ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ।
ਢਿੱਲੋਂ ਨੇ ਕਿਹਾ ਕਿ ਇਹ ਇਮਾਰਤ ਪਾਕਿਸਤਾਨ ਸਰਕਾਰ ਵੱਲੋਂ ਖ਼ੁਦ 'ਇਤਿਹਾਸਕ ਸਮਾਰਕ' ਐਲਾਨੀ ਗਈ ਹੈ ਅਤੇ ਇਸ ਨੂੰ ਢਾਹੁਣ 'ਤੇ ਮੁਕੰਮਲ ਪਾਬੰਦੀ ਹੈ। ਇਸ ਦੇ ਬਾਵਜੂਦ, ਸਿੱਖਾਂ ਦੀ ਇਤਿਹਾਸਕ ਵਿਰਾਸਤ ਨੂੰ ਨੁਕਸਾਨ ਪਹੁੰਚਾਉਣ ਦਾ ਮਾਮਲਾ ਮੰਦਭਾਗਾ ਹੈ।
ਢਿੱਲੋਂ ਨੇ ਪਾਕਿਸਤਾਨ ਵਿੱਚ ਸਿੱਖਾਂ ਦੇ ਮੌਜੂਦਾ ਹਾਲਾਤ 'ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਲਗਾਤਾਰ ਪਾਕਿਸਤਾਨੀ ਪੰਜਾਬ ਵਿੱਚ ਸਿੱਖਾਂ 'ਤੇ ਹਮਲੇ ਅਤੇ ਤਸ਼ੱਦਦ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਜੇ ਕੁਝ ਦਿਨ ਪਹਿਲਾਂ ਹੀ ਉੱਥੇ ਇੱਕ ਗੁਰੂ ਘਰ ਦੇ ਸੇਵਾਦਾਰ ਅਤੇ ਉਨ੍ਹਾਂ ਦੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸੇ ਤਰ੍ਹਾਂ ਨਿਤ ਦਿਹਾੜੇ ਗੁਰੂ ਘਰਾਂ 'ਤੇ ਹਮਲੇ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ, ਜੋ ਕਿ ਬੇਹੱਦ ਚਿੰਤਾਜਨਕ ਅਤੇ ਅਸਹਿਣਯੋਗ ਹਨ।
ਉਹਨਾਂ ਕਿਹਾ ਕਿ ਪਾਕਿਸਤਾਨ ਸਰਕਾਰ ਸਿੱਖ ਭਾਵਨਾਵਾਂ ਨਾਲ ਜੁੜੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਵੇ ਅਤੇ ਗੁਰੂ ਘਰ ਦੀ ਇਮਾਰਤ ਨੂੰ ਢਾਹੁਣ ਤੋਂ ਰੋਕਿਆ ਜਾਵੇ।
ਉਹਨਾਂ ਕਿਹਾ ਕਿ ਪਾਕਿਸਤਾਨ ਵਿੱਚ ਸਿੱਖ ਕੌਮ ਘੱਟ-ਗਿਣਤੀ ਵਿੱਚ ਹੈ, ਇਸ ਲਈ ਉਨ੍ਹਾਂ ਦੇ ਬਨਿਆਦੀ ਹੱਕਾਂ, ਜਾਨ-ਮਾਲ ਅਤੇ ਸਾਰੇ ਇਤਿਹਾਸਕ ਗੁਰੂ-ਘਰਾਂ ਤੇ ਸਿੱਖ ਵਿਰਾਸਤੀ ਇਮਾਰਤਾਂ ਦੀ ਸੁਰੱਖਿਆ ਨੂੰ ਹਰ ਹਾਲ ਵਿੱਚ ਯਕੀਨੀ ਬਣਾਇਆ ਜਾਵੇ।
Demolition-Of-125-year-old-Gurdwara-Sahib-Building-In-Pakistan-Highly-Condemnable-Dhillon-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)