ਅਮਨ ਅਰੋੜਾ ਨੇ ਪੰਜਾਬ ਸਰਕਾਰ ਦੇ ਸੰਪੂਰਨ ਦ੍ਰਿਸ਼ਟੀਕੋਣ, 360-ਡਿਗਰੀ ਰਣਨੀਤੀ-ਲਾਗੂਕਰਨ, ਜਾਗਰੂਕਤਾ ਅਤੇ ਪੁਨਰਵਾਸ ਦੀ ਕੀਤੀ ਸ਼ਲਾਘਾ
ਪੁਲਿਸ ਕਾਰਵਾਈ ਅਤੇ ਨੌਜਵਾਨਾਂ ਦੀ ਜਾਗਰੂਕਤਾ ਨਾਲ ਪੰਜਾਬ 'ਚੋਂ ਨਸ਼ਿਆਂ ਦੀ ਸਮੱਸਿਆ ਖਤਮ ਹੋਵੇਗੀ : ਅਰੋੜਾ
ਇਹ ਡਰੱਗ ਮਾਫੀਆ ਵਿਰੁੱਧ ਇੱਕ ਫੈਸਲਾਕੁੰਨ ਅਤੇ ਆਖਰੀ ਲੜਾਈ ਹੈ, ਸਿਰਫ ਸਮੂਹਿਕ ਯਤਨ ਹੀ ਇਸ ਬੁਰਾਈ ਨੂੰ ਖਤਮ ਕਰ ਸਕਦੇ ਹਨ-ਅਮਨ ਅਰੋੜਾ
ਸਰਕਾਰ ਤਸਕਰਾਂ ਦੇ ਤਾਬੂਤ ਵਿੱਚ ਆਖਰੀ ਕਿੱਲ ਠੋਕਣ ਲਈ ਦ੍ਰਿੜ ਹੈ: ਅਰੋੜਾ
ਅਮਨ ਅਰੋੜਾ ਦੀ ਲੋਕਾਂ ਨੂੰ ਅਪੀਲ-ਆਓ ਅਸੀਂ ਆਪਣੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਮਿਲ ਕੇ ਕੰਮ ਕਰੀਏ
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅਤੇ 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਸਮਰਥਨ ਹੇਠ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ਨੂੰ ਨਤੀਜਾ-ਮੁਖੀ ਪਹੁੰਚ ਲਈ ਵਿਆਪਕ ਪ੍ਰਸ਼ੰਸਾ ਮਿਲ ਰਹੀ ਹੈ।
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਦਫ਼ਤਰ ਵਿਖੇ 'ਆਪ' ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ 'ਆਪ' ਆਗੂ ਨੀਲ ਗਰਗ ਅਤੇ ਗੁਲਸ਼ਨ ਛਾਬੜਾ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਸੂਬੇ ਵਿੱਚ ਨਸ਼ਿਆਂ ਦੇ ਖ਼ਤਰੇ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਦੇ ਚੱਲ ਰਹੇ ਯਤਨਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਅਮਨ ਅਰੋੜਾ ਨੇ ਕਿਹਾ ਕਿ ਇਹ ਪਹਿਲ ਸਿਰਫ਼ ਇੱਕ ਸਰਕਾਰੀ ਯਤਨ ਨਹੀਂ ਹੈ ਬਲਕਿ ਪੰਜਾਬ ਦੇ ਹਰ ਨਾਗਰਿਕ ਨੂੰ ਸ਼ਾਮਲ ਕਰਨ ਵਾਲਾ ਇੱਕ ਸਮੂਹਿਕ ਮਿਸ਼ਨ ਹੈ।ਅਰੋੜਾ ਨੇ ਕਿਹਾ "ਨਸ਼ਿਆਂ ਦੇ ਖ਼ਤਰੇ ਨੇ ਪੰਜਾਬ ਦੇ ਲਗਭਗ ਹਰ ਘਰ ਨੂੰ ਪ੍ਰਭਾਵਿਤ ਕੀਤਾ ਹੈ। ਅੱਜ, ਸਰਕਾਰ ਰਾਜ ਵਿੱਚੋਂ ਇਸ ਕੈਂਸਰ ਨੂੰ ਖਤਮ ਕਰਨ ਲਈ ਮਹੱਤਵਪੂਰਨ ਕਦਮ ਚੁੱਕ ਰਹੀ ਹੈ,"
ਅਰੋੜਾ ਨੇ ਕਿਹਾ ਕਿ ਚੱਲ ਰਹੀ ਨਸ਼ਾ ਵਿਰੋਧੀ ਮੁਹਿੰਮ ਦੇ ਹਿੱਸੇ ਵਜੋਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਖਤਰੇ ਨਾਲ ਨਜਿੱਠਣ ਲਈ ਮਹੱਤਵਪੂਰਨ ਤਰੱਕੀ ਕੀਤੀ ਹੈ। 1 ਮਾਰਚ ਤੋਂ ਹੁਣ ਤੱਕ ਕੁੱਲ 1,163 ਐਨਡੀਪੀਐਸ ਕੇਸ ਦਰਜ ਕੀਤੇ ਗਏ ਹਨ, ਜਿਸ ਦੇ ਨਤੀਜੇ ਵਜੋਂ 1,615 ਨਸ਼ਾ ਤਸਕਰਾਂ ਅਤੇ ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਹੁਣ ਸਲਾਖਾਂ ਪਿੱਛੇ ਹਨ। ਇਸ ਤੋਂ ਇਲਾਵਾ, ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ 21 ਤਸਕਰ ਜ਼ਖਮੀ ਹੋ ਗਏ । ਇਹ ਕੋਸ਼ਿਸ਼ਾਂ ਨਸ਼ਿਆਂ ਦੇ ਵਪਾਰ ਨੂੰ ਖ਼ਤਮ ਕਰਨ ਅਤੇ ਇਸ ਵਿੱਚ ਸ਼ਾਮਲ ਲੋਕਾਂ ਨੂੰ ਜਵਾਬਦੇਹ ਬਣਾਉਣ ਲਈ ਸਰਕਾਰ ਦੇ ਦ੍ਰਿੜ ਇਰਾਦੇ ਨੂੰ ਦਰਸਾਉਂਦੀਆਂ ਹਨ।
ਅਰੋੜਾ ਨੇ ਕਿਹਾ ਕਿ ਸਰਕਾਰ ਨੇ 27 ਗੈਰ-ਕਾਨੂੰਨੀ ਇਮਾਰਤਾਂ ਨੂੰ ਢਾਹ ਦਿੱਤਾ ਹੈ, ਜਿਸ ਵਿੱਚ ਨਸ਼ਾ ਤਸਕਰਾਂ ਦੁਆਰਾ ਸਰਕਾਰੀ ਜ਼ਮੀਨ 'ਤੇ ਬਣਾਏ ਗਏ ਆਲੀਸ਼ਾਨ ਮਕਾਨ ਵੀ ਸ਼ਾਮਲ ਹਨ, ਜਿਸ ਨਾਲ ਇੱਕ ਸਖ਼ਤ ਸੰਦੇਸ਼ ਗਿਆ ਹੈ ਕਿ ਅਪਰਾਧ ਦੀ ਕਮਾਈ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਏਜੰਸੀਆਂ ਨੇ 1,115 ਕਿਲੋਗ੍ਰਾਮ ਨਸ਼ੀਲੇ ਪਦਾਰਥ, ਲਗਭਗ 7 ਲੱਖ ਗੋਲੀਆਂ ਅਤੇ ਕੈਪਸੂਲ, ਅਤੇ ਲਗਭਗ 60 ਲੱਖ ਰੁਪਏ ਦੇ ਡਰਗ ਮਨੀ ਨੂੰ ਵੀ ਸਫਲਤਾਪੂਰਵਕ ਜ਼ਬਤ ਕੀਤਾ ਹੈ। ਇਹ ਪ੍ਰਾਪਤੀਆਂ ਪੰਜਾਬ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਉਜਾਗਰ ਕਰਦੀਆਂ ਹਨ।
ਅਰੋੜਾ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੇ ਖ਼ਤਰਿਆਂ ਬਾਰੇ ਜਾਗਰੂਕ ਕਰਨ ਲਈ ਸਿਵਲ ਸੁਸਾਇਟੀ, ਸਕੂਲਾਂ ਅਤੇ ਗੈਰ-ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ 115 ਜਨ ਜਾਗਰੂਕਤਾ ਮੁਹਿੰਮਾਂ ਚਲਾਈਆਂ ਗਈਆਂ ਹਨ। ਨਸ਼ਾ ਛੁਡਾਊ ਅਤੇ ਪੁਨਰਵਾਸ ਕੇਂਦਰ ਕਾਰਜਸ਼ੀਲ ਹਨ, ਜੋ ਨਸ਼ਾ ਕਰਨ ਵਾਲਿਆਂ ਨੂੰ ਅਪਰਾਧੀਆਂ ਦੀ ਬਜਾਏ ਮਰੀਜ਼ਾਂ ਵਾਂਗ ਸਮਝਦੇ ਹਨ ਅਤੇ ਉਨ੍ਹਾਂ ਨੂੰ ਸਮਾਜ ਵਿੱਚ ਮੁੜ ਜੁੜਨ ਵਿੱਚ ਮਦਦ ਕਰਦੇ ਹਨ।
ਅਮਨ ਅਰੋੜਾ ਨੇ ਸਰਕਾਰ ਦੀ 360 ਡਿਗਰੀ ਰਣਨੀਤੀ 'ਤੇ ਚਾਨਣਾ ਪਾਇਆ, ਜਿਸ ਨੂੰ ਸਖ਼ਤੀ ਨਾਲ ਲਾਗੂ ਕਰਨ ਦੇ ਨਾਲ-ਨਾਲ ਇਸ ਵਿੱਚ ਜਾਗਰੂਕਤਾ ਅਤੇ ਪੁਨਰਵਾਸ ਨੂੰ ਜੋੜਿਆ ਗਿਆ ਹੈ। ਉਨ੍ਹਾਂ ਕਿਹਾ, "ਇਕ ਪਾਸੇ ਪੁਲਿਸ ਤਸਕਰਾਂ ਅਤੇ ਸਮੱਗਲਰਾਂ ਵਿਰੁੱਧ ਸਖ਼ਤ ਕਾਰਵਾਈ ਕਰ ਰਹੀ ਹੈ, ਜਦਕਿ ਦੂਜੇ ਪਾਸੇ ਸਕੂਲਾਂ-ਕਾਲਜਾਂ ਵਿਚ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ। ਨੌਜਵਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਨਸ਼ਾ ਛੁਡਾਊ ਕੇਂਦਰਾਂ ਵਿਚ ਨਸ਼ਾ ਛੱਡਣ ਦੇ ਚਾਹਵਾਨਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ।"
ਆਪ ਆਗੂ ਨੇ ਸਮੂਹਿਕ ਸਮਾਜਿਕ ਯਤਨਾਂ ਦੀ ਮਹੱਤਤਾ ਨੂੰ ਦੁਹਰਾਇਆ ਅਤੇ ਹਰ ਘਰ, ਪਰਿਵਾਰ ਅਤੇ ਸੰਸਥਾ ਨੂੰ ਇਸ ਮਿਸ਼ਨ ਨਾਲ ਜੁੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, "ਇਹ ਇਕੱਲੀ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਹੈ। ਪੰਜਾਬ ਦੇ ਲੋਕਾਂ ਨੂੰ ਇਸ ਮੁਹਿੰਮ ਦਾ ਦਿਲੋਂ ਸਮਰਥਨ ਕਰਨਾ ਚਾਹੀਦਾ ਹੈ, ਤਾਂ ਹੀ ਅਸੀਂ ਇਸ ਖ਼ਤਰੇ ਦਾ ਖਾਤਮਾ ਕਰ ਸਕਾਂਗੇ।"
ਅਰੋੜਾ ਨੇ ਇਸ ਮੁੱਦੇ 'ਤੇ ਸਰਕਾਰ ਦੀ ਵਚਨਬੱਧਤਾ' ਤੇ ਭਰੋਸਾ ਪ੍ਰਗਟਾਇਆ। ਉਨ੍ਹਾਂ ਕਿਹਾ "ਇਹ ਮੁਹਿੰਮ ਸਿਰਫ਼ ਇੱਕ ਹੋਰ ਪਹਿਲਕਦਮੀ ਨਹੀਂ ਹੈ, ਇਹ ਡਰੱਗ ਮਾਫੀਆ ਅਤੇ ਉਹਨਾਂ ਦੀ ਸਰਪ੍ਰਸਤੀ ਕਰਨ ਵਾਲਿਆਂ ਵਿਰੁੱਧ ਇੱਕ ਨਿਰਣਾਇਕ ਅਤੇ ਅੰਤਮ ਲੜਾਈ ਹੈ। ਸਰਕਾਰ ਇਹਨਾਂ ਤਸਕਰਾਂ ਦੇ ਤਾਬੂਤ ਵਿੱਚ ਆਖਰੀ ਕਿਲ ਠੋਕਣ ਲਈ ਦ੍ਰਿੜ ਹੈ,"।
ਉਨ੍ਹਾਂ ਨੇ ਪੰਜਾਬ ਪੁਲਿਸ ਦੇ ਅਣਥੱਕ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਜਾਗਰੂਕਤਾ ਫੈਲਾਉਣ ਵਿੱਚ ਉਨ੍ਹਾਂ ਦੀ ਕਵਰੇਜ ਅਤੇ ਸਹਾਇਤਾ ਲਈ ਮੀਡੀਆ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, "ਤੁਹਾਡੀ ਨਿਰੰਤਰ ਰਿਪੋਰਟਿੰਗ ਨੇ ਲੋਕਾਂ ਵਿੱਚ ਵਿਸ਼ਵਾਸ ਪੈਦਾ ਕੀਤਾ ਹੈ ਕਿ ਇਹ ਸਰਕਾਰ ਪੰਜਾਬ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਖਤਮ ਕਰਨ ਲਈ ਗੰਭੀਰ ਹੈ।"
ਅਮਨ ਅਰੋੜਾ ਨੇ ਸਾਰੀਆਂ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸੰਸਥਾਵਾਂ ਦੇ ਨਾਲ-ਨਾਲ ਗੈਰ-ਸਰਕਾਰੀ ਸੰਗਠਨਾਂ ਨੂੰ ਇਸ ਲੜਾਈ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ "ਇਹ ਪੰਜਾਬ ਦੇ ਭਵਿੱਖ ਲਈ ਇੱਕ ਮਿਸ਼ਨ ਹੈ। ਆਓ ਇਸ ਬੁਰਾਈ ਨੂੰ ਜੜ੍ਹੋਂ ਪੁੱਟਣ ਅਤੇ ਆਪਣੀ ਜਵਾਨੀ ਨੂੰ ਬਚਾਉਣ ਲਈ ਇਕੱਠੇ ਕੰਮ ਕਰੀਏ,"।
ਅਮਨ ਅਰੋੜਾ ਨੇ ਪੰਜਾਬ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ 'ਆਪ' ਸਰਕਾਰ ਨਸ਼ਾ ਮੁਕਤ ਪੰਜਾਬ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ "ਇਕੱਠੇ ਮਿਲ ਕੇ, ਹਰੇਕ ਨਾਗਰਿਕ ਦੇ ਸਮਰਥਨ ਨਾਲ, ਅਸੀਂ ਇਹ ਲੜਾਈ ਜਿੱਤਾਂਗੇ,"।
Powered by Froala Editor
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)