ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕੇਂਦਰੀ ਸ਼ਹਿਰੀ ਹਵਾਬਾਜੀ ਮੰਤਰੀ ਨਾਲ ਕੀਤੀ ਮੁਲਾਕਾਤ
Mar4,2025
| Jagrati Lahar Bureau | Chandigarh
ਸ਼ਹੀਦ-ਏ-ਆਜ਼ਮ ਭਗਤ ਸਿੰਘ ਅੰਤਰਰਾਸ਼ਟਰੀ ਏਅਰਪੋਰਟ ਨੂੰ ਪੁਆਇੰਟ ਆਫ ਕਾਲ ਵਜੋਂ ਮਾਨਤਾ ਦੇਣ ਦੀ ਮੰਗ
ਚੰਡੀਗੜ੍ਹ, 4 ਮਾਰਚ: ਚੰਡੀਗੜ੍ਹ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਕੇਂਦਰੀ ਸ਼ਹਿਰੀ ਹਵਾਬਾਜੀ ਮੰਤਰੀ ਕਿੰਜਰਾਪੂ ਰਾਮਮੋਹਨ ਨਾਇਡੂ ਨਾਲ ਮੁਲਾਕਾਤ ਤੋਂ ਕਰਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅੰਤਰਰਾਸ਼ਟਰੀ ਏਅਰਪੋਰਟ ਨੂੰ ਅੰਤਰਰਾਸ਼ਟਰੀ ਏਅਰਲਾਈਨਾਂ ਵਾਸਤੇ ‘ਪੁਆਇੰਟ ਆਫ ਕਾਲ’ (ਪੀਓਸੀ) ਵਜੋਂ ਮਾਨਤਾ ਦਿੱਤੇ ਜਾਣ ਦੇ ਮੰਗ ਕੀਤੀ ਹੈ।
ਮਨੀਸ਼ ਤਿਵਾੜੀ ਨੇ ਕਿਹਾ ਹੈ ਕਿ ਮੋਹਾਲੀ ਵਿੱਚ ਸਥਿਤ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ, ਜਿਸਨੂੰ ਹੁਣ ਸ਼ਹੀਦ-ਏ-ਆਜ਼ਮ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਕਿਹਾ ਜਾਂਦਾ ਹੈ ਅਤੇ ਇਹ ਪੰਜਾਬ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸੂਬਿਆਂ ਨੂੰ ਸੇਵਾਵਾਂ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਨ੍ਹਾਂ ਤਿੰਨਾਂ ਸੂਬਿਆਂ ਤੋਂ ਵੱਡੀ ਗਿਣਤੀ ਵਿੱਚ ਲੋਕ ਕੰਮਕਾਜ ਦੇ ਨਾਲ-ਨਾਲ ਸੈਰ-ਸਪਾਟੇ ਦੇ ਮੰਤਵ ਲਈ ਅੰਤਰਰਾਸ਼ਟਰੀ ਪੱਧਰ 'ਤੇ ਯਾਤਰਾ ਕਰਦੇ ਹਨ।
ਉਹਨਾਂ ਨੇ ਜੋਰ ਦਿੰਦੇ ਹੋਏ ਕਿਹਾ ਕਿ ਬਦਕਿਸਮਤੀ ਨਾਲ ਸ਼ਹੀਦ-ਏ-ਆਜ਼ਮ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਅੰਤਰਰਾਸ਼ਟਰੀ ਏਅਰਲਾਈਨਾਂ ਲਈ ‘ਪੁਆਇੰਟ ਆਫ਼ ਕਾਲ’ (ਪੀਓਸੀ) ਵਜੋਂ ਮਾਨਤਾ ਨਹੀਂ ਦਿੱਤੀ ਗਈ ਹੈ ਅਤੇ ਇਸ ਲਈ ਇਹ 'ਦੁਵੱਲੀ ਪੇਸ਼ਕਸ਼ ਸੂਚੀ' ਵਿੱਚ ਨਹੀਂ ਹੈ, ਜੋ ਕਿ ਵਿਦੇਸ਼ੀ ਏਅਰਲਾਈਨਾਂ ਲਈ ਸ਼ਹੀਦ-ਏ-ਆਜ਼ਮ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅੰਦਰ-ਬਾਹਰ ਉਡਾਣ ਭਰਨ ਵਾਸਤੇ ਪਹਿਲੀ ਸ਼ਰਤ ਹੈ।
ਤਿਵਾੜੀ ਨੇ ਕੇਂਦਰੀ ਹਵਾਬਾਜੀ ਮੰਤਰੀ ਨੂੰ ਕਿਹਾ ਕਿ ਉਹ ਉਨਾਂ ਦੇ ਬਹੁਤ ਸ਼ੁਕਰਗੁਜ਼ਾਰ ਹੋਣਗੇ, ਜੇਕਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਭਾਰਤ ਦੇ 18 ਹਵਾਈ ਅੱਡਿਆਂ ਦੀ ਸੂਚੀ ਵਿੱਚ ਇੱਕ ਪੁਆਇੰਟ ਆਫ਼ ਕਾਲ (ਪੀਓਸੀ) ਵਜੋਂ ਸ਼ਾਮਲ ਕੀਤਾ ਜਾਂਦਾ ਹੈ। ਜਿਸਦੇ ਤਹਿਤ ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ ਵਰਗੇ ਪੀਓਸੀ ਸ਼ਾਮਿਲ ਹਨ ਅਤੇ ਏਅਰਲਾਈਨਾਂ ਦੇ ਆਉਣ-ਜਾਣ ਵਾਸਤੇ 'ਦੁਵੱਲੀ ਪੇਸ਼ਕਸ਼ ਸੂਚੀ' ਵਿੱਚ ਸ਼ਾਮਿਲ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੰਸਦ ਮੈਂਬਰ ਤਿਵਾੜੀ ਨੇ ਕੇਂਦਰੀ ਸ਼ਹਿਰੀ ਹਵਾਬਾਜੀ ਮੰਤਰੀ ਨੂੰ ਚਿੱਠੀ ਲਿੱਖ ਕੇ ਇਸ ਮੁੱਦੇ ਨੂੰ ਜ਼ੋਰਦਾਰ ਤਰੀਕੇ ਨਾਲ ਚੁੱਕਿਆ ਸੀ ਅਤੇ ਅੱਜ ਮੁਲਾਕਾਤ ਕਰਕੇ ਇਸ ਚਿੱਠੀ ਨੂੰ ਸੌਂਪਿਆ।
Powered by Froala Editor
Manish-Tewari-Mp-Congress-