ਚੰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਮੰਗਲਵਾਰ ਨੂੰ ਚੰਡੀਗੜ੍ਹ ਪਹੁੰਚੇ। ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਇੰਜੀਨੀਅਰਿੰਗ ਕਾਲਜ (PEC) 'ਚ ਹਾਲ ਹੀ 'ਚ ਲਾਗੂ ਕੀਤੇ ਗਏ 3 ਨਵੇਂ ਕ੍ਰਿਮੀਨਲ ਕਾਨੂੰਨਾਂ ਨੂੰ ਲੈ ਕੇ ਸਮੀਖਿਆ ਕੀਤੀ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਆਉਣ ਨਾਲ ਲੱਗਦਾ ਹੈ ਕਿ ਉਹ ਆਪਣਿਆਂ ਵਿਚਕਾਰ ਆ ਗਏ ਹਨ। ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਤਿੰਨ ਕਾਨੂੰਨ ਲਾਗੂ ਹੋਣ 'ਤੇ ਵਧਾਈ ਦਿੱਤੀ। ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ 1857 ਦੀ ਕ੍ਰਾਂਤੀ ਦੇ ਠੀਕ 3 ਸਾਲ ਬਾਅਦ 1860 'ਚ ਅੰਗਰੇਜ਼ ਹਕੂਮਤ ਇੰਡੀਅਨ ਪੈਨਲ ਕੋਡ ਲੈ ਕੇ ਆਈ ਸੀ।
ਉਸ ਤੋਂ ਬਾਅਦ ਇੰਡੀਅਨ ਐਵੀਡੈਂਸ ਐਕਟ ਆਇਆ ਅਤੇ ਫਿਰ ਸੀ. ਆਰ. ਪੀ. ਸੀ. ਦਾ ਡਰਾਫਟ ਹੋਂਦ 'ਚ ਆਇਆ। ਇਹ ਸਾਰੇ ਭਾਰਤੀਆਂ ਨੂੰ ਸਜ਼ਾ ਦੇਣ ਲਈ ਲਿਆਂਦੇ ਗਏ ਸਨ। ਸਮੇਂ-ਸਮੇਂ 'ਤੇ ਇਨ੍ਹਾਂ 'ਚ ਸੋਧਾਂ ਹੋਈਆਂ ਪਰ ਆਜ਼ਾਦ ਦੇਸ਼ 'ਚ ਗੁਲਾਮੀ ਲਈ ਬਣੇ ਕਾਨੂੰਨਾਂ ਨੂੰ ਕਿਉਂ ਢੋਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਨਾਗਰਿਕਾਂ ਲਈ ਸਾਡੇ ਸੰਵਿਧਾਨ 'ਚ ਜਿਨ੍ਹਾਂ ਆਦਰਸ਼ਾਂ ਦੀ ਕਲਪਨਾ ਕੀਤੀ ਗਈ ਸੀ, ਇਹ ਕਾਨੂੰਨ ਉਨ੍ਹਾਂ ਨੂੰ ਪੂਰਾ ਕਰਨ ਲਈ ਠੋਸ ਯਤਨ ਹਨ। ਇਹ ਕਾਨੂੰਨ ਕਿਵੇਂ ਅਮਲ 'ਚ ਲਿਆਂਦੇ ਜਾਣਗੇ, ਇਸ ਦਾ ਮੈਂ ਲਾਈਵ ਡੈਮੋ ਦੇਖਿਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਲਾਈਵ ਡੈਮੋ ਨੂੰ ਜ਼ਰੂਰ ਦੇਖੋ। ਨਵੇਂ ਕਾਨੂੰਨਾਂ ਨੂੰ ਬਣਾਉਣ ਦੀ ਪ੍ਰਕਿਰਿਆ ਬਹੁਤ ਵਿਆਪਕ ਰਹੀ।
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਚੰਡੀਗੜ੍ਹ 'ਚ ਵਾਹਨ ਚੋਰੀ ਦੇ ਮਾਮਲਿਆਂ 'ਚ ਕੇਸ ਦਰਜ ਹੋਣ ਤੋਂ ਬਾਅਦ ਸਿਰਫ 2 ਮਹੀਨੇ, 11 ਦਿਨਾਂ 'ਚ ਅਦਾਲਤ ਨੇ ਸਜ਼ਾ ਸੁਣਾ ਦਿੱਤੀ। ਇਲਾਕੇ 'ਚ ਅਸ਼ਾਂਤੀ ਫੈਲਾਉਣ ਦੇ ਇਕ ਹੋਰ ਦੋਸ਼ੀ ਨੂੰ ਅਦਾਲਤ 'ਚ ਸਿਰਫ 20 ਦਿਨ 'ਚ ਪੂਰੀ ਸੁਣਵਾਈ ਤੋਂ ਬਾਅਦ ਸਜ਼ਾ ਸੁਣਾਈ ਗਈ। ਦਿੱਲੀ 'ਚ ਵੀ ਇਕ ਕੇਸ 'ਚ ਐੱਫ. ਆਈ. ਆਰ. ਤੋਂ ਲੈ ਕੇ ਫ਼ੈਸਲਾ ਆਉਣ ਤੱਕ ਸਿਰਫ 60 ਦਿਨ ਦਾ ਸਮਾਂ ਲੱਗਿਆ ਅਤੇ ਦੋਸ਼ੀ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜਦੋਂ ਨਾਗਰਿਕਾਂ ਨੂੰ ਸਮਰਪਿਤ ਸਰਕਾਰ ਹੁੰਦੀ ਹੈ ਅਤੇ ਜਦੋਂ ਸਰਕਾਰ ਈਮਾਨਦਾਰੀ ਨਾਲ ਜਨਤਾ ਦੀਆਂ ਤਕਲੀਫ਼ਾਂ ਨੂੰ ਦੂਰ ਕਰਨਾ ਚਾਹੁੰਦੀ ਹੈ ਤਾਂ ਬਦਲਾਅ ਵੀ ਹੁੰਦਾ ਹੈ ਅਤੇ ਨਤੀਜੇ ਵੀ ਆਉਂਦੇ ਹਨ।