ਪਿੰਡ ਵਾਸੀਆਂ ਦੀ ਮੱਦਦ ਨਾਲ ਮਲਬੇ ਹੇਠਾਂ ਦਬੇ ਵਿਅਕਤੀਆਂ ਦੀ ਭਾਲ ਜਾਰੀ, ਕਈ ਵਿਅਕਤੀਆਂ ਦੇ ਮਰਨ ਦਾ ਖਦਸਾ
ਮੋਹਾਲੀ, 21 ਦਸੰਬਰ (ਗੁਰਵਿੰਦਰ ਸਿੰਘ) ਮੋਹਾਲੀ ਵਿਚਲੇ ਪਿੰਡ ਸੋਹਾਣਾ ਵਿੱਚ ਅੱਜ ਬਾਅਦ ਦੁਪਹਿਰ ਇਕ ਚਾਰ ਮੰਜਿਲਾ ਬਿਲਡਿੰਗ ਦੇ ਡਿੱਗਣ ਕਾਰਨ ਕਈ ਦਰਜਨ ਵਿਅਕਤੀਆਂ ਦੇ ਹੇਠਾਂ ਦਬ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਮੁਤਾਬਕ ਰਾਇਲ ਜਿਮ ਦੇ ਨਾਮ ਵਾਲੀ ਉਕਤ ਇਮਾਰਤ ਦੇ ਨਾਲ ਲਗਦੀ ਖਾਲੀ ਥਾਂ ਤੇ ਬੇਸਮੈਂਟ ਦੀ ਪੁਟਾਈ ਦਾ ਕੰਮ. ਚੱਲ ਰਿਹਾ ਸੀ ਅਤੇ ਰਾਇਲ ਜਿਮ ਵਾਲੀ ਇਮਾਰਤ ਦੇ ਡਿਗਣ ਦਾ ਕਾਰਨ ਉਸੇ ਬੇਸਮੈਂਟ ਦੀ ਪਟਾਈ ਦੱਸਿਆ ਜਾ ਰਿਹਾ ਹੈ। ਮੌਕੇ ਤੇ ਮੌਜੂਦ ਪਿੰਡ ਵਾਸੀਆਂ ਵਲੋਂ ਮਲਬਾ ਹਟਾਉਣ ਦਾ ਕੰਮ ਚੱਲ ਰਿਹਾ ਸੀ ਅਤੇ ਮੌਕੇ ਤੇ ਸਿਰਫ ਪੁਲੀਸ ਦੀ ਟੀਮ ਹੀ ਪਹੁੰਚੀ ਹੋਈ ਸੀ।
ਮੌਕੇ ਤੇ ਮੌਜੂਦ ਪਹਿਲਵਾਨ ਅਮਰਜੀਤ ਸਿੰਘ ਲਖਨੌਰ ਅਤੇ ਹੋਰਨਾਂ ਨੇ ਦੱਸਿਆ ਕਿ ਬਾਅਦ ਦੁਪਹਿਰ ਇਕ ਧਮਾਕੇ ਦੀ ਆਵਾਜ ਆਈ ਅਤੇ ਲੋਕ ਬਾਹਰ ਵੱਲ ਨੂੰ ਭੱਜੇ। ਉਹਨਾਂ ਦੱਸਿਆ ਕਿ ਰਾਇਲ ਜਿੰਮ ਵਾਲੀ ਇਮਾਰਤ ਕੁਝ ਹੀ ਸਕਿੰਟਾ ਵਿੱਚ ਮਲਬੇ ਵਿੱਚ ਤਬਦੀਲ ਹੋ ਗਈ। ਇਹ ਜਿੰਮ ਇਮਰਾਤ ਦੀਆਂ ਦੋ ਮੰਜਿਲਾ ਵਿੱਚ ਚੱਲ ਰਿਹਾ ਸੀ, ਜਦੋਂ ਕਿ ਉਪਰਲੀ ਮੰਜਿਲ ਤੇ ਇਕ ਟਿਊਸ਼ਨ ਸੈਂਟਰ ਦੱਸਿਆ ਜਾ ਰਿਹਾ ਹੈ। ਇਸ ਜਿੰਮ ਵਿਚ ਸ਼ਾਮ 4 ਵਜੇ ਦੇ ਕਰੀਬ ਲੋਕ ਜਿੰਮ ਕਰਨ ਲਈ ਪਹੁੰਚ ਜਾਂਦੇ ਹਨ।
ਇਸ ਸਬੰਧੀ ਪਿੰਡ ਦੇ ਵਸਨੀਕ ਅਕਾਲੀ ਆਗੂ ਪਰਵਿੰਦਰ ਸਿੰਘ ਸੋਹਾਣਾ ਨੇ ਦੱਸਿਆ ਕਿ ਉਕਤ ਬਿਲਡਿੰਗ ਦੀ ਘਟਨਾ ਬੜੀ ਮੰਦਭਾਗੀ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਪਿੰਡ ਵਾਸੀਆਂ ਦੀ ਮੱਦਦ ਨਾਲ ਬਿਲਡਿੰਗ ਦਾ ਮਲਬਾ ਹਟਾਇਆ ਜਾ ਰਿਹਾ ਹੈ। ਉਨ੍ਹਾਂ ਮੁਹਾਲੀ ਪ੍ਰਸਾਸ਼ਨ ਨੂੰ ਅਪੀਲ ਕੀਤੀ ਕਿ ਜਲਦ ਐਨ. ਡੀ. ਆਰ. ਐਫ ਦੀ ਟੀਮ ਸੱਦ ਕੇ ਮਲਬੇ ਹੇਠਾਂ ਦੱਬੇ ਲੋਕਾਂ ਨੂੰ ਬਾਹਰ ਕੱਢਿਆ ਜਾਵੇ।
ਮੌਕੇ ਤੇ ਪਹੁੰਚੇ ਡੀ. ਐਸ. ਪੀ. ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਮੌਕੇ ਤੇ ਫਾਇਰ ਬ੍ਰਿਗੇਡ ਅਤੇ ਐਬੂਲੈਂਸ ਦੀ ਟੀਮ ਮੌਜੂਦ ਹੈ, ਪਿੰਡ ਵਾਸੀਆਂ ਦੀ ਮੱਦਦ ਨਾਲ ਰਾਹਤ ਕਾਰਜ ਜਾਰੀ ਹਨ। ਉਹਨਾਂ ਕਿਹਾ ਕਿ ਪੁਲੀਸ ਦੇ 100 ਦੇ ਕਰੀਬ ਮੁਲਾਜਮ ਰਾਹਤ ਦੇ ਕੰਮ ਵਿੱਚ ਲੱਗੇ ਹੋਏ ਹਨ ਅਤੇ ਐਨ ਡੀ ਆਰ ਐਫ ਦੀ ਟੀਮ (ਜੋ ਚੰਡੀ ਮੰਦਰ ਤੋਂ ਚਲ ਚੁੱਕੀ ਹੈ) ਵੀ ਛੇਤੀ ਹੀ ਪਹੁੰਚ ਜਾਵੇਗੀ ਅਤੇ ਉਸਤੋਂ ਬਾਅਦ ਮਲਬੇ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਤੇਜ ਹੋ ਜਾਵੇਗਾ।