ਮਿਊਂਸਪਲ ਕਾਰਪੋਰੇਸ਼ਨ ਮੋਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) ਵੱਲੋਂ ਲੰਮੇ ਸਮੇਂ ਤੋਂ ਪ੍ਰਾਪਰਟੀ ਟੈਕਸ ਦੀ ਅਦਾਇਗੀ ਨਾ ਕਰਨ ਵਾਲੇ ਡਿਫਾਲਟਰਾਂ, ਖ਼ਾਸ ਕਰਕੇ ਵੱਡੀਆਂ ਵਪਾਰਕ ਅਤੇ ਉਦਯੋਗਿਕ ਸੰਪਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨਰ ਪਰਮਿੰਦਰ ਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਮਿਊਂਸਪਲ ਕਾਰਪੋਰੇਸ਼ਨ ਐਕਟ, 1976 ਦੀ ਧਾਰਾ 138-ਸੀ ਤਹਿਤ ਡਿਫਾਲਟਰ ਸੰਪਤੀਆਂ ਨੂੰ ਸੀਲ ਕਰਨ ਲਈ ਨੋਟਿਸ ਜਾਰੀ ਕੀਤੇ ਗਏ ਹਨ। ਕਈ ਮਾਮਲਿਆਂ ਵਿੱਚ ਪੂਰਾ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ ਅੰਤਿਮ ਤੌਰ ’ਤੇ ਤਿੰਨ ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਨਿਰਧਾਰਿਤ ਸਮੇਂ ਅੰਦਰ ਬਕਾਇਆ ਰਕਮ ਅਦਾ ਨਾ ਕਰਨ ਦੀ ਸੂਰਤ ਵਿੱਚ ਬਿਨਾਂ ਕਿਸੇ ਹੋਰ ਸੂਚਨਾ ਦੇ ਸੰਪਤੀ ਨੂੰ ਸੀਲ ਕਰ ਦਿੱਤਾ ਜਾਵੇਗਾ ਅਤੇ ਸੀਲ ਕੀਤੀ ਸੰਪਤੀ ਅੰਦਰ ਪਏ ਸਮਾਨ, ਸਟਾਕ ਜਾਂ ਮਸ਼ੀਨਰੀ ਨੂੰ ਹੋਣ ਵਾਲੇ ਕਿਸੇ ਵੀ ਨੁਕਸਾਨ ਲਈ ਮਾਲਕ ਜਾਂ ਕਬਜ਼ਾਧਾਰੀ ਖੁਦ ਜ਼ਿੰਮੇਵਾਰ ਹੋਵੇਗਾ। ਜੁਆਇੰਟ ਕਮਿਸ਼ਨਰ ਜਸਜੀਤ ਸਿੰਘ ਨੇ ਕਿਹਾ ਕਿ ਸੰਪਤੀ ਨੂੰ ਸੀਲ ਕਰਨ ਤੋਂ ਬਾਅਦ ਮਿਊਂਸਪਲ ਕਾਰਪੋਰੇਸ਼ਨ ਕਾਨੂੰਨ ਅਧੀਨ ਬਕਾਇਆ ਪ੍ਰਾਪਰਟੀ ਟੈਕਸ ਦੀ ਵਸੂਲੀ ਲਈ ਸੰਪਤੀ ਦੀ ਜਨਤਕ ਨੀਲਾਮੀ ਕਰ ਸਕਦੀ ਹੈ, ਜਿਸ ਵਿੱਚ ਟੈਕਸ ਦੀ ਰਕਮ ’ਤੇ 20 ਫੀਸਦੀ ਤੱਕ ਜੁਰਮਾਨਾ ਅਤੇ 01.04.2014 ਤੋਂ ਵਸੂਲੀ ਦੀ ਤਾਰੀਖ ਤੱਕ 18 ਫੀਸਦੀ ਵਿਆਜ ਵੀ ਸ਼ਾਮਲ ਹੋਵੇਗਾ। ਮੌਜੂਦਾ ਕਾਰਵਾਈ ਹੇਠ ਐੱਸ.ਏ.ਐੱਸ. ਨਗਰ ਦੇ ਵੱਖ-ਵੱਖ ਫੇਜ਼ਾਂ ਅਤੇ ਸੈਕਟਰਾਂ ਵਿੱਚ ਸਥਿਤ ਪ੍ਰਮੁੱਖ ਉਦਯੋਗਿਕ ਅਤੇ ਵਪਾਰਕ ਇਕਾਈਆਂ ਸ਼ਾਮਲ ਹਨ, ਜਿਨ੍ਹਾਂ ਦੀ ਸੂਚੀ ਮਿਊਂਸਪਲ ਕਾਰਪੋਰੇਸ਼ਨ ਵੱਲੋਂ ਤਿਆਰ ਕੀਤੀ ਗਈ ਹੈ। ਸਾਰੇ ਪ੍ਰਾਪਰਟੀ ਟੈਕਸ ਡਿਫਾਲਟਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਤੁਰੰਤ ਆਪਣਾ ਬਕਾਇਆ ਪ੍ਰਾਪਰਟੀ ਟੈਕਸ ਜੁਰਮਾਨੇ ਅਤੇ ਵਿਆਜ ਸਮੇਤ ਮਿਊਂਸਪਲ ਭਵਨ, ਸੈਕਟਰ-68, ਐੱਸ.ਏ.ਐੱਸ. ਨਗਰ ਵਿਖੇ ਜਾਂ ਐੱਮ-ਸੇਵਾ ਐਪ ਰਾਹੀਂ ਨਿਰਧਾਰਿਤ ਸਮੇਂ ਅੰਦਰ ਜਮ੍ਹਾਂ ਕਰਵਾਉਣ। ਦੇਰੀ ਜਾਂ ਅਣਗਹਿਲੀ ਦੀ ਸੂਰਤ ਵਿੱਚ ਸੰਪਤੀ ਦੀ ਸੀਲਿੰਗ, ਨੀਲਾਮੀ ਅਤੇ ਹੋਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਮਿਊਂਸਪਲ ਕਾਰਪੋਰੇਸ਼ਨ ਵੱਲੋਂ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਸ਼ਹਿਰ ਦੀਆਂ ਬੁਨਿਆਦੀ ਸਹੂਲਤਾਂ ਜਿਵੇਂ ਸੜਕਾਂ, ਸਫ਼ਾਈ, ਸਟਰੀਟ ਲਾਈਟਿੰਗ ਆਦਿ ਨੂੰ ਬਿਹਤਰ ਬਣਾਈ ਰੱਖਣ ਲਈ ਸਮੇਂ ਸਿਰ ਪ੍ਰਾਪਰਟੀ ਟੈਕਸ ਅਦਾ ਕੀਤਾ ਜਾਵੇ। ਬਕਾਇਆ ਰਕਮ ਜਾਂ ਭੁਗਤਾਨ ਪ੍ਰਕਿਰਿਆ ਸੰਬੰਧੀ ਜਾਣਕਾਰੀ ਲਈ ਟੈਕਸਦਾਤਾ ਦਫ਼ਤਰੀ ਸਮੇਂ ਦੌਰਾਨ ਪ੍ਰਾਪਰਟੀ ਟੈਕਸ ਸ਼ਾਖਾ, ਮਿਊਂਸਪਲ ਕਾਰਪੋਰੇਸ਼ਨ ਐੱਸ.ਏ.ਐੱਸ. ਨਗਰ ਨਾਲ ਸੰਪਰਕ ਕਰ ਸਕਦੇ ਹਨ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)