ਵਰਲਡ ਬੈਂਕ ਦੇ ਸੀਨੀਅਰ ਅਧਿਕਾਰੀਆਂ ਦੇ ਇੱਕ ਵਫ਼ਦ ਨੇ ਸ਼ਹਿਰ ਵਿੱਚ ਚੱਲ ਰਹੇ ਨਹਿਰੀ ਪਾਣੀ ਸਪਲਾਈ ਪ੍ਰੋਜੈਕਟ ਦੇ ਤਹਿਤ ਪ੍ਰਗਤੀ ਦਾ ਜਾਇਜ਼ਾ ਲਿਆ।
ਵਰਲਡ ਬੈਂਕ ਦੇ ਕੋ-ਟਾਸਕ ਟੀਮ ਲੀਡਰ, ਸ਼੍ਰੀਨਿਵਾਸ ਰਾਓ ਪੋਡੀਪੀਰੇਡੀ ਦੀ ਅਗਵਾਈ ਵਿੱਚ ਵਫ਼ਦ ਸ਼ਹਿਰ ਦੇ ਤਿੰਨ ਦਿਨਾਂ ਦੌਰੇ ‘ਤੇ ਸੀ। ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗਾਂ ਕਰਨ ਤੋਂ ਇਲਾਵਾ, ਵਫ਼ਦ ਨੇ ਪਿੰਡ ਬਿਲਗਾ (ਨੇੜੇ ਸਾਹਨੇਵਾਲ) ਵਿੱਚ ਵਾਟਰ ਟ੍ਰੀਟਮੈਂਟ ਪਲਾਂਟ (ਡਬਲਯੂ.ਟੀ.ਪੀ) ਸਾਈਟ ਅਤੇ ਕਈ ਹੋਰ ਥਾਵਾਂ ‘ਤੇ ਸਾਈਟ ਨਿਰੀਖਣ ਵੀ ਕੀਤਾ ਜਿੱਥੇ ਪਾਣੀ ਦੀਆਂ ਟੈਂਕੀਆਂ ਬਣਾਈਆਂ ਜਾ ਰਹੀਆਂ ਹਨ ਜਾਂ ਪ੍ਰੋਜੈਕਟ ਦੇ ਤਹਿਤ ਪਾਈਪਲਾਈਨ ਵਿਛਾਈ ਜਾ ਰਹੀ ਹੈ।
ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਅਤੇ ਵਫ਼ਦ ਦੇ ਮੈਂਬਰਾਂ ਵਿਚਕਾਰ ਇੱਕ ਸਮੀਖਿਆ ਮੀਟਿੰਗ ਵੀ ਹੋਈ ਜਿਸ ਵਿੱਚ ਵਰਲਡ ਬੈਂਕ ਦੇ ਅਧਿਕਾਰੀਆਂ ਨੇ ਇਸ ਸਾਲ ਫਰਵਰੀ ਵਿੱਚ ਅਧਿਕਾਰਤ ਤੌਰ ‘ਤੇ ਸ਼ੁਰੂ ਕੀਤੇ ਗਏ ਪ੍ਰੋਜੈਕਟ ਦੇ ਤਹਿਤ 14.8 ਪ੍ਰਤੀਸ਼ਤ ਤੋਂ ਵੱਧ ਪ੍ਰਗਤੀ ਦੀ ਸ਼ਲਾਘਾ ਕੀਤੀ।
ਸਮੀਖਿਆ ਮੀਟਿੰਗਾਂ ਅਤੇ ਸਾਈਟ ਨਿਰੀਖਣ ਦੌਰਾਨ ਮੁੱਖ ਇੰਜੀਨੀਅਰ ਰਵਿੰਦਰ ਗਰਗ; ਜਨਰਲ ਮੈਨੇਜਰ (ਪ੍ਰੋਜੈਕਟ), ਪੀ.ਐਮ.ਆਈ.ਡੀ.ਸੀ, ਹਰ ਸਤਿੰਦਰ ਪਾਲ ਸਿੰਘ ਢਿੱਲੋਂ; ਮੈਨੇਜਰ (ਵਾਤਾਵਰਣ ਅਤੇ ਸਮਾਜਿਕ), ਪੀ.ਐਮ.ਆਈ.ਡੀ.ਸੀ, ਬਾਦਲ ਸੋਨੀ; ਨਿਗਰਾਨ ਇੰਜੀਨੀਅਰ ਪਾਰੁਲ ਗੋਇਲ ਸਮੇਤ ਪ੍ਰੋਜੈਕਟ ਲਾਗੂਕਰਨ ਯੂਨਿਟ (ਪੀ.ਆਈ.ਯੂ) ਦੇ ਹੋਰ ਅਧਿਕਾਰੀ ਅਤੇ ਠੇਕੇਦਾਰ ਦਾ ਸਟਾਫ ਮੌਜੂਦ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਪ੍ਰੋਜੈਕਟ ਨੂੰ ਹੋਰ ਤੇਜ਼ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਕੰਮ ਨਿਰਧਾਰਤ ਸਮੇਂ ਦੇ ਅੰਦਰ ਪੂਰੇ ਹੋਣ। ਨਾਲ ਹੀ ਪੀ.ਆਈ.ਯੂ ਮੈਂਬਰਾਂ ਅਤੇ ਠੇਕੇਦਾਰ ਦੇ ਸਟਾਫ ਨੂੰ ਹਿੱਸੇਦਾਰਾਂ ਦੇ ਤਾਲਮੇਲ ਅਤੇ ਗੁਣਵੱਤਾ ਅਤੇ ਸੁਰੱਖਿਆ ਮਾਪਦੰਡਾਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।
ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਲਵਾਲ ਨੇ ਦੱਸਿਆ ਕਿ ਪ੍ਰੋਜੈਕਟ ਅਧੀਨ ਸ਼ਾਮਲ ਵੱਖ-ਵੱਖ ਵਿਭਾਗਾਂ ਵਿੱਚ ਤਾਲਮੇਲ ਨੂੰ ਬਿਹਤਰ ਬਣਾਉਣ ਅਤੇ ਕੰਮ ਨੂੰ ਤੇਜ਼ ਕਰਨ ਲਈ ਪ੍ਰੋਜੈਕਟ ਮੋਨਿਟਰਿੰਗ ਕਮੇਟੀ (ਪੀ.ਐਮ.ਸੀ) ਦੀਆਂ ਨਿਯਮਤ ਸਮੀਖਿਆ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।