*ਕੂੜਾ ਪ੍ਰਬੰਧਨ, ਬਕਾਇਆ ਟੈਕਸ ਦੀ ਵਸੂਲੀ, ਬਿਹਤਰ ਅਤੇ ਮੁਸ਼ਕਲ ਰਹਿਤ ਜਨਤਕ ਸੇਵਾਵਾਂ
ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣਾ, ਬੁੱਢੇ ਨਾਲੇ ਦੀ ਕਾਇਆਕਲਪ, 24x7 ਨਹਿਰੀ ਜਲ ਸਪਲਾਈ ਪ੍ਰਾਜੈਕਟ ਤਰਜੀਹਾਂ ਵਿੱਚ ਸ਼ਾਮਲ*
*ਸ਼ਹਿਰ ਵਾਸੀਆਂ ਨੂੰ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਅਤੇ ਕੂੜੇ ਦੇ ਪ੍ਰਬੰਧਨ ਵਿੱਚ ਸੁਧਾਰ ਲਈ ਨਗਰ ਨਿਗਮ ਦਾ ਸਹਿਯੋਗ ਕਰਨ ਦੀ ਕੀਤੀ ਅਪੀਲ*
2016 ਬੈਚ ਦੇ ਆਈ.ਏ.ਐਸ ਅਧਿਕਾਰੀ ਆਦਿਤਿਆ ਡੇਚਲਵਾਲ ਨੇ ਸੋਮਵਾਰ ਨੂੰ ਕਮਿਸ਼ਨਰ, ਨਗਰ ਨਿਗਮ ਲੁਧਿਆਣਾ ਦਾ ਅਹੁਦਾ ਸੰਭਾਲ ਲਿਆ ਹੈ।
ਸਰਾਭਾ ਨਗਰ ਵਿੱਚ ਜ਼ੋਨ ਡੀ ਦੇ ਦਫ਼ਤਰ ਵਿੱਚ ਚਾਰਜ ਸੰਭਾਲਣ ਤੋਂ ਤੁਰੰਤ ਬਾਅਦ, ਨਵ-ਨਿਯੁਕਤ ਨਗਰ ਨਿਗਮ ਕਮਿਸ਼ਨਰ ਡੇਚਲਵਾਲ ਨੇ ਨਗਰ ਨਿਗਮ ਦੀਆਂ ਵੱਖ-ਵੱਖ ਸ਼ਾਖਾਵਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਸੈਨੀਟੇਸ਼ਨ, ਜਨਤਕ ਸੇਵਾਵਾਂ ਵਿੱਚ ਸੁਧਾਰ, ਬਕਾਇਆ ਟੈਕਸ ਦੀ ਵਸੂਲੀ ਆਦਿ ਲਈ 100 ਦਿਨਾਂ ਦੇ ਟੀਚੇ ਤੈਅ ਕਰਨ ਦੇ ਨਿਰਦੇਸ਼ ਦਿੱਤੇ।
ਪਹਿਲਾਂ ਪਟਿਆਲਾ ਨਗਰ ਨਿਗਮ ਵਿੱਚ ਕਮਿਸ਼ਨਰ ਵਜੋਂ ਤਾਇਨਾਤ ਰਹੇ ਡੇਚਲਵਾਲ ਨੇ ਕਿਹਾ ਕਿ ਉਹ ਪਿਛਲੇ ਸਮੇਂ ਵਿੱਚ ਨਗਰ ਨਿਗਮ ਲੁਧਿਆਣਾ ਵਿੱਚ ਵਧੀਕ ਕਮਿਸ਼ਨਰ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ, ਇਸ ਲਈ ਉਹ ਸ਼ਹਿਰ ਦੇ ਮੁੱਖ ਮੁੱਦਿਆਂ ਤੋਂ ਜਾਣੂ ਹਨ।
ਡੇਚਲਵਾਲ ਨੇ ਪਾਰਦਰਸ਼ਤਾ ਅਤੇ ਕੁਸ਼ਲਤਾ ਨਾਲ ਸਰਵਪੱਖੀ ਵਿਕਾਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਕੂੜਾ ਪ੍ਰਬੰਧਨ, ਬਕਾਇਆ ਟੈਕਸ ਦੀ ਵਸੂਲੀ, ਬਿਹਤਰ ਅਤੇ ਮੁਸ਼ਕਲ ਰਹਿਤ ਜਨਤਕ ਸੇਵਾਵਾਂ, ਵਿਕਾਸ ਕਾਰਜਾਂ ਵਿੱਚ ਤੇਜ਼ੀ ਲਿਆਉਣਾ, ਬੁੱਢੇ ਨਾਲੇ ਦੀ ਕਾਇਆਕਲਪ, 24x7 ਨਹਿਰੀ ਜਲ ਸਪਲਾਈ ਪ੍ਰਾਜੈਕਟ ਆਦਿ ਉਹਨਾਂ ਦੀ ਤਰਜੀਹ ਵਿੱਚ ਸ਼ਾਮਲ ਹਨ ਅਤੇ ਜ਼ਮੀਨੀ ਪੱਧਰ ਤੇ ਹਾਲਾਤਾਂ ਨੂੰ ਸੁਧਾਰਨ ਲਈ ਸਖ਼ਤ ਯਤਨ ਕੀਤੇ ਜਾਣਗੇ।
ਇਸ ਦੌਰਾਨ ਡੇਚਲਵਾਲ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਅਤੇ ਕੂੜੇ ਦੇ ਪ੍ਰਬੰਧਨ ਵਿੱਚ ਸੁਧਾਰ ਲਈ ਅਧਿਕਾਰੀਆਂ ਦਾ ਸਹਿਯੋਗ ਕਰਨ ਅਤੇ ਸੁੱਕੇ ਅਤੇ ਗਿੱਲੇ ਕੂੜੇ ਨੂੰ ਵੱਖ-ਵੱਖ ਕਰਕੇ ਕੂੜਾ ਇਕੱਠਾ ਕਰਨ ਵਾਲਿਆਂ ਨੂੰ ਸੌਂਪਣ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਟੈਕਸ ਸਮੇਂ ਸਿਰ ਅਦਾ ਕਰਨ ਕਿਉਂਕਿ ਇਕੱਠੇ ਕੀਤੇ ਫੰਡਾਂ ਦੀ ਵਰਤੋਂ ਸ਼ਹਿਰ ਵਾਸੀਆਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਨ ਅਤੇ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਕੀਤੀ ਜਾਂਦੀ ਹੈ।
ਇਸ ਤੋਂ ਪਹਿਲਾਂ ਨਗਰ ਨਿਗਮ ਕਮਿਸ਼ਨਰ ਡੇਚਲਵਾਲ ਦਾ ਸਵਾਗਤ ਵਧੀਕ ਕਮਿਸ਼ਨਰ ਪਰਮਦੀਪ ਸਿੰਘ, ਸੰਯੁਕਤ ਕਮਿਸ਼ਨਰ ਇੰਦਰਪਾਲ, ਸੰਯੁਕਤ ਕਮਿਸ਼ਨਰ ਚੇਤਨ ਬੰਗੜ, ਸਹਾਇਕ ਕਮਿਸ਼ਨਰ ਨੀਰਜ ਜੈਨ, ਸਹਾਇਕ ਕਮਿਸ਼ਨਰ ਜਸਦੇਵ ਸਿੰਘ ਸੇਖੋਂ, ਸਹਾਇਕ ਕਮਿਸ਼ਨਰ ਗੁਰਪਾਲ ਸਿੰਘ, ਨਿਗਰਾਨ ਇੰਜੀਨੀਅਰ ਰਵਿੰਦਰ ਗਰਗ, ਨਿਗਰਾਨ ਇੰਜੀਨੀਅਰ ਸੰਜੇ ਕੰਵਰ, ਨਿਗਰਾਨ ਇੰਜੀਨੀਅਰ ਪਰਵੀਨ ਸਿੰਗਲਾ, ਨਿਗਰਾਨ ਇੰਜੀਨੀਅਰ ਰਣਜੀਤ ਸਿੰਘ ਸਮੇਤ ਨਗਰ ਨਿਗਮ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਸਨ।
ਚੇਅਰਮੈਨ ਅਸ਼ਵਨੀ ਸਹੋਤਾ ਦੀ ਅਗਵਾਈ ਹੇਠ ਮਿਊਂਸੀਪਲ ਇੰਪਲਾਈਜ਼ ਸੰਘਰਸ਼ ਕਮੇਟੀ ਨੇ ਵੀ ਕਮਿਸ਼ਨਰ ਡੇਚਲਵਾਲ ਦਾ ਸਵਾਗਤ ਕੀਤਾ।