ਮੋਹਾਲੀ ਪੁਲੀਸ ਅਤੇ ਗਮਾਡਾ ਦੀ ਸਾਂਝੀ ਕਾਰਵਾਈ ਦੌਰਾਨ ਪਿੰਡ ਵਾਸੀਆਂ ਦੇ ਸਹਿਯੋਗ ਨਾਲ 800 ਦੇ ਕਰੀਬ ਝੁੱਗੀਆਂ ਹਟਾਈਆਂ
ਮੋਹਾਲੀ, 27 ਜੁਲਾਈ
ਗੁਰਵਿੰਦਰ ਸਿੰਘ
ਮੋਹਾਲੀ ਪੁਲੀਸ ਅਤੇ ਗਮਾਡਾ ਵਲੋਂ ਪਿੰਡ ਸੋਹਾਣਾ ਦੇ ਵਸਨੀਕਾਂ ਦੇ ਸਹਿਯੋਗ ਨਾਲ ਕੀਤੀ ਗਈ ਇੱਕ ਵਿਸ਼ੇਸ਼ ਕਾਰਵਾਈ ਦੌਰਾਨ ਅੱਜ ਪਿੰਡ ਸੋਹਾਣਾ ਨੇੜੇ ਬਣੀਆਂ 800 ਦੇ ਕਰੀਬ ਝੁੱਗੀਆਂ ਨੂੰ ਹਟਾ ਕੇ ਇਹ ਜਗਾ ਖਾਲੀ ਕਰਵਾ ਲਈ ਗਈ। ਹੋਮ ਲੈਂਡ ਦੇ ਸਾਮ੍ਹਣੇ ਪੈਂਦੀ ਇਸ ਜਗਾ ਤੇ ਪਿਛਲੇ ਲੰਬੇ ਸਮੇਂ ਤੋਂ ਰਾਜਸਥਾਨੀ ਲੇਬਰ ਅਤੇ ਯੂ ਪੀ ਬਿਹਾਰ ਦੇ ਮਜਦੂਰਾਂ ਵਲੋਂ ਕਬਜੇ ਕਰਕੇ ਇੱਥੇ ਝੁੱਗੀਆਂ ਬਣਾ ਲਈਆਂ ਗਈਆਂ ਸਨ ਅਤੇ ਇੱਥੇ ਕੁੱਝ ਵਿਅਕਤੀਆਂ ਵਲੋਂ ਬਾਕਾਇਦਾ ਲੈਂਟਰ ਵੀ ਪਾਏ ਹੋਏ ਸਨ ਜਿਹਨਾ ਨੂੰ ਅੱਜ ਹੋਈ ਇਸ ਕਾਰਵਾਈ ਦੌਰਾਨ ਜੇ ਸੀ ਬੀ ਮਸ਼ੀਨ ਦੀ ਮਦਦ ਨਾਲ ਹਟਾ ਦਿੱਤਾ ਗਿਆ ਅਤੇ ਇੱਥੇ ਰਹਿਣ ਵਾਲੇ ਲੋਕਾਂ ਦਾ ਸਾਮਾਨ ਪਿੰਡ ਵਾਸੀਆਂ ਵਲੋਂ ਆਪਣੀਆਂ ਟਰਾਲੀਆਂ ਰਾਹੀਂ ਮਜਦੂਰਾਂ ਵਲੋਂ ਦੱਸੇ ਸਥਾਨ ਤੇ ਪਹੁੰਚਾ ਦਿੱਤਾ ਗਿਆ। ਇਸ ਮੌਕੇ ਕਾਰਵਾਈ ਦੀ ਅਗਵਾਈ ਕਰ ਰਹੇ ਡੀ ਐਸ ਪੀ ਸਿਟੀ 2 ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਜਗਾ ਤੇ ਬਣੀਆਂ ਝੁੱਗੀਆਂ ਸਮਾਜ ਵਿਰੋਧੀ ਅਨਸਰਾਂ ਦੀ ਪਨਾਹਗਾਹ ਬਣ ਰਹੀਆਂ ਸਨ ਅਤੇ ਇੱਥੇ ਨਸ਼ਾ ਵਿਕਣ ਦੀਆਂ ਸ਼ਿਕਾਇਤਾਂ ਵੀ ਮਿਲਦੀਆਂ ਸਨ। ਇਸ ਤੋਂ ਇਲਾਵਾ ਸਮਾਜ ਵਿਰੋਧੀ ਅਨਸਰ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਇਹਨਾਂ ਝੁੱਗੀਆਂ ਵਿੱਚ ਜਾ ਕੇ ਲੁਕ ਜਾਂਦੇ ਸਨ। ਉਹਨਾਂ ਦੱਸਿਆ ਕਿ ਇਸ ਸੰਬੰਧੀ ਪੁਲੀਸ ਵਲੋਂ ਇਹਨਾਂ ਝੁੱਗੀ ਵਾਲਿਆਂ ਨੂੰ ਇਹ ਜਗਾ ਨੂੰ ਖਾਲੀ ਕਰਨ ਲਈ ਨੋਟਿਸ ਦਿੱਤਾ ਗਿਆ ਸੀ ਅਤੇ ਗਮਾਡਾ ਦੇ ਅਧਿਕਾਰੀਆਂ ਨੂੰ ਮਿਲ ਕੇ ਇਹ ਜਗਾ ਖਾਲੀ ਕਰਵਾਉਣ ਦੀ ਮੰਗ ਕੀਤੀ ਗਈ ਸੀ ਜਿਸਤੋਂ ਬਾਅਦ ਅੱਜ ਗਮਾਡਾ ਵਲੋਂ ਆਪਣੇ ਅਧਿਕਾਰੀਆਂ ਨੂੰ ਭੇਜ ਕੇ ਇਹ ਕਾਰਵਾਈ ਕਰਵਾਈ ਗਈ ਹੈ। ਉਹਨਾਂ ਦੱਸਿਆ ਕਿ ਇਸ ਕਾਰਵਾਈ ਦੌਰਾਨ ਪਿੰਡ ਦੇ ਵਸਨੀਕਾਂ ਵਲੋਂ ਵੀ ਭਰਪੂਰ ਸਹਿਯੋਗ ਦਿੱਤਾ ਗਿਆ ਹੈ ਅਤੇ ਪਿੰਡ ਵਾਸੀਆਂ ਵਲੋਂ ਇੱਥੇ ਰਹਿੰਦੇ ਲੋਕਾਂ ਦਾ ਸਾਮਾਨ ਉਹਨਾਂ ਦੀ ਦੱਸੀ ਜਗਾ ਤਕ ਪਹੁੰਚਾਉਣ ਲਈ ਟਰਾਲੀਆਂ ਵੀ ਮੁਹਈਆ ਕਰਵਾਈਆਂ ਗਈਆਂ ਹਨ। ਉਹਨਾ ਕਿਹਾ ਕਿ ਕਾਰਵਾਈ ਤੋਂ ਪਹਿਲਾ ਝੁੱਗੀਆਂ ਵਾਲਿਆਂ ਨੂੰ ਆਪਣਾ ਸਾਮਾਨ ਕੱਢਣ ਲਈ ਕਿਹਾ ਗਿਆ ਸੀ ਅਤੇ ਇਹਨਾਂ ਵਲੋਂ ਸਾਮਾਨ ਕੱਢੇ ਜਾਣ ਤੋਂ ਬਾਅਦ ਇਹ ਢਾਂਚੇ ਹਟਾ ਕੇ ਜਗਾ ਨੂੰ ਪੱਧਰਾ ਕਰ ਦਿੱਤਾ ਗਿਆ ਹੈ। ਇਸ ਮੌਕੇ ਨਗਰ ਨਿਗਮ ਦੇ ਕੌਂਸਲਰ ਹਰਜੀਤ ਸਿੰਘ ਭੋਲੂ ਨੇ ਕਿਹਾ ਕਿ ਇਹਨਾਂ ਝੁੱਗੀਆਂ ਵਿੱਚ ਕੁੱਝ ਵਿਅਕਤੀਆਂ ਵਲੋਂ ਨਸ਼ੇ ਦੀ ਵਿਕਰੀ ਵੀ ਕੀਤੀ ਜਾਂਦੀ ਸੀ ਅਤੇ ਇਹ ਨਸ਼ੇੜੀਆਂ ਦਾ ਅੱਡਾ ਬਣ ਗਈਆਂ ਸਨ। ਉਹਨਾ ਕਿਹਾ ਕਿ ਪਿੰਡ ਵਾਸੀਆਂ ਵਲੋਂ ਕਾਫੀ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਇਹਨਾਂ ਝੁੱਗੀਆਂ ਨੂੰ ਇੱਥੋਂ ਹਟਾ ਕੇ ਸਫਾਈ ਕਰਵਾਈ ਜਾਵੇ ਅਤੇ ਅੱਜ ਜਦੋਂ ਇਹ ਕਾਰਵਾਈ ਹੋਈ ਤਾਂ ਪਿੰਡ ਵਾਸੀਆਂ ਵਲੋਂ ਵੀ ਇਸ ਵਿੱਚ ਭਰਪੂਰ ਸਹਿਯੋਗ ਦਿੱਤਾ ਗਿਆ ਹੈ।
ਉਹਨਾਂ ਦੱਸਿਆ ਕਿ ਪਿੰਡ ਵਿੱਚ ਨਸ਼ਾ ਵੇਚਣ ਦੀ ਸਮੱਸਿਆ ਤੋਂ ਲੋਕ ਬੁਰੀ ਤਰ੍ਹਾਂ ਤੰਗ ਹਨ ਅਤੇ ਇਸ ਸੰਬੰਧੀ ਕਾਰਵਾਈ ਕਰਦਿਆਂ ਸੋਹਾਣਾ ਦੇ ਐਸ ਐਚ ਓ ਜਸਪ੍ਰੀਤ ਸਿੰਘ ਦੀ ਅਗਵਾਈ ਵਿੱਚ ਪੁਲੀਸ ਵਲੋਂ ਦੋ ਵਿਅਕਤੀਆਂ ਨੂੰ ਕਾਬੂ ਵੀ ਕੀਤਾ ਗਿਆ ਹੈ ਜਿਸ ਨਾਲ ਲੋਕਾਂ ਵਿੱਚ ਭਰੋਸਾ ਬਣਿਆ ਹੈ ਕਿ ਪੁਲੀਸ ਵਲੋਂ ਪਿੰਡ ਵਿੱਚ ਚਲਦੇ ਨਸ਼ੇ ਦੇ ਕਾਲੇ ਕਾਰੋਬਾਰ ਨੂੰ ਬੰਦ ਕਰਵਾ ਦਿੱਤਾ ਜਾਵੇਗਾ। ਇੱਥੇ ਜਿਕਰਯੋਗ ਹੈ ਕਿ ਬੀਤੇ ਕੱਲ ਪਿੰਡ ਸੋਹਾਣਾ ਦੇ ਵਸਨੀਕਾਂ ਵਲੋਂ ਪਿੰਡ ਵਿੱਚ ਚਿੱਟਾ ਅਤੇ ਹੋਰ ਨਸ਼ਿਆਂ ਦੀ ਵਿਕਰੀ ਤੇ ਕਾਬੂ ਕਰਨ ਲਈ ਲੋੜੀਂਦੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਅਜਿਹਾ ਨਾ ਕਰਨ ਤੇ ਸੜਕ ਜਾਮ ਦੀ ਚਿਤਾਵਨੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਪੁਲੀਸ ਅਤੇ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ ਅਤੇ ਇਸ ਦਾ ਪਿੰਡ ਵਾਸੀਆਂ ਵਲੋਂ ਸੁਆਗਤ ਕੀਤਾ ਜਾ ਰਿਹਾ ਹੈ।