ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਦੇ
ਸਹਿਯੋਗ ਨਾਲ ‘ਪੰਜਾਬੀ ਗ਼ਜ਼ਲ: ਸਥਿਤੀ ਅਤੇ ਸਰੋਕਾਰ’ ਵਿਸ਼ੇ ’ਤੇ ਇਕ ਰੋਜ਼ਾ ਰਾਸ਼ਟਰੀ
ਸੈਮੀਨਾਰ ਕਰਵਾਇਆ ਗਿਆ ਜੋ ਕਿ ਸੰਤ ਬਾਬਾ ਮਲਕੀਤ ਸਿੰਘ ਜੀ (ਬਾਨੀ ਚਾਂਸਲਰ, ਸੰਤ ਬਾਬਾ
ਭਾਗ ਸਿੰਘ ਯੂਨੀਵਰਸਿਟੀ) ਅਤੇ ਸੰਤ ਬਾਬਾ ਦਿਲਾਵਰ ਸਿੰਘ ਜੀ (ਬ੍ਰਹਮ ਜੀ) ਦੇ ਆਸ਼ੀਰਵਾਦ
ਨਾਲ, ਸੰਤ ਬਾਬਾ ਮਨਮੋਹਨ ਸਿੰਘ ਜੀ ਚਾਂਸਲਰ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੀ
ਸਰਪ੍ਰਸਤੀ ਹੇਠ ਅਤੇ ਡਾ. ਧਰਮਜੀਤ ਸਿੰਘ ਪਰਮਾਰ ਜੀ ਵਾਇਸ-ਚਾਂਸਲਰ ਦੀ ਯੋਗ ਅਗਵਾਈ ਵਿਚ
ਸਫ਼ਲਤਾਪੂਰਵਕ ਸੰਪੂਰਣ ਹੋਇਆ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਸਭ ਨੂੰ ਜੀ
ਆਇਆਂ ਨੂੰ ਕਹਿੰਦਿਆਂ ਅਕਾਡਮੀ ਵਲੋਂ ਕੀਤੀਆਂ ਜਾ ਰਹੀਆਂ ਸਾਹਿਤਕ ਗਤੀਵਿਧਿੀਆਂ ਬਾਰੇ
ਸੰਖੇਪ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸੈਮੀਨਾਰ ਦੀ ਰੂਪ-ਰੇਖਾ ਬਾਬਤ ਤਫ਼ਸੀਲ ਵਿਚ
ਜਾਣਕਾਰੀ ਦਿੰਦਿਆਂ ਪੰਜਾਬੀ ਗ਼ਜ਼ਲ ਦੇ ਇਤਿਹਾਸ ਅਤੇ ਵਰਤਮਾਨ ਬਾਰੇ ਗੱਲ ਕੀਤੀ। ਉਹਨਾਂ
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਨਿਰੰਤਰ ਸਿਰਜੇ ਜਾ ਰਹੇ ਸੰਵਾਦ ਬਾਰੇ ਵੀ
ਜਣਕਾਰੀ ਦਿੱਤੀ। ਗ਼ਜ਼ਲ ਸਬੰਧੀ ਸੈਮੀਨਾਰ ਦੀ ਲੋੜ ਅਤੇ ਮਹੱਤਵ ਬਾਰੇ ਬਹੁਤ ਸੂਖ਼ਮ ਗੱਲਾਂ
ਕੀਤੀਆਂ। ਇਸ ਮੌਕੇ ਪੰਜਾਬੀ ਸਾਹਿਤ ਅਕਾਡਮੀ ਵਲੋਂ 14 ਤੋਂ 17 ਨਵੰਬਰ, 2024 ਨੂੰ
ਕਰਵਾਏ ਜਾ ਰਹੇ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਸਬੰਧੀ ਪੋਸਟਰ ਵੀ ਰਿਲੀਜ਼ ਕੀਤਾ ਗਿਆ।
ਸੈਮੀਨਾਰ ਦਾ ਆਰੰਭ ਸ਼ਮ੍ਹਾ ਰੌਸ਼ਨ ਕਰਕੇ ਕੀਤਾ ਗਿਆ। ਸੈਮੀਨਾਰ ਬਾਰੇ ਦੱਸਦਿਆਂ ਡਾ.
ਹਰਪ੍ਰੀਤ ਸਿੰਘ ਨੇ ਪੰਜਾਬੀ ਗ਼ਜ਼ਲ ਦੇ ਵਿਚਾਰਧਾਰਾਈ ਪਹਿਲੂਆਂ ਦੇ ਸਮਾਜਕ-ਸਾਹਿਤਕ ਮਹੱਤਵ
ਨੂੰ ਸਥਾਪਤ ਕੀਤਾ। ਉਹਨਾਂ ਸੈਮੀਨਾਰ ਦੇ ਅਕਾਦਮਿਕ ਮਹੱਤਵ ਬਾਰੇ ਗੱਲ ਕੀਤੀ। ਉਦਘਾਟਨੀ
ਭਾਸ਼ਨ ਦਿੰਦਿਆਂ ਡਾ. ਅਨੀਤ ਕੁਮਾਰ, ਰਜਿਸਟਰਾਰ ਨੇ ਕਿਹਾ ਕਿ ਅਕਾਡਮੀ ਵਲੋਂ ਉਲੀਕੇ ਇਸ
ਸੈਮੀਨਾਰ ਨੇ ਵਿਦਿਆਰਥੀਆਂ ਅੰਦਰ ਨਵਾਂ ਉਤਸ਼ਾਹ ਪੈਦਾ ਕੀਤਾ ਹੈ। ਉਹਨਾਂ ਕਿਹਾ ਕਿ
ਵਿਦਿਆਰਥੀਆਂ ਲਈ ਸਾਹਿਤ ਨੂੰ ਸਿੱਖਣ, ਸਮਝਣ ਅਤੇ ਅਨੁਸਰਣ ਕਰਨ ਦੀਆਂ ਨਵੀਂਆਂ ਵਿਧੀਆਂ
ਅਤੇ ਜੁਗਤਾਂ ਨੂੰ ਅਪਣਾਉਣਾ ਸਮੇਂ ਦੀ ਲੋੜ ਹੈ। ਉਹਨਾਂ ਪੰਜਾਬੀ ਸਾਹਿਤ ਅਕਾਡਮੀ
ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ।
ਸੈਮੀਨਾਰ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਪ੍ਰੋ. ਸੁਰਜੀਤ ਜੱਜ ਨੇ ਕੀਤੀ। ਇਸ ਸੈਸ਼ਨ ਦਾ
ਮੁੱਖ ਸੁਰ ਭਾਸ਼ਨ ਡਾ. ਜਗਵਿੰਦਰ ਜੋਧਾ ਨੇ ਦਿੱਤਾ। ਉਹਨਾਂ ਸੈਮੀਨਾਰ ਦੇ ਥੀਮ ਦੇ ਸੰਦਰਭ
ਵਿਚ ਪੰਜਾਬੀ ਗ਼ਜ਼ਲ ਦੀ ਇਤਿਹਾਸਕਾਰੀ ਦੇ ਬਹੁ-ਆਯਾਮੀ ਬਿੰਦੂਆਂ ਨੂੰ ਪ੍ਰਗਟ ਕੀਤਾ।
ਅਰਬੀ, ਫ਼ਾਰਸੀ, ਉਰਦੂ ਅਤੇ ਪੰਜਾਬੀ ਗ਼ਜ਼ਲ ਦੇ ਇਤਿਹਾਸਕ ਪ੍ਰਵਾਹ ਬਾਰੇ ਚਿੰਤਨਸ਼ੀਲ ਸੰਵਾਦ
ਉਸਾਰਿਆ। ਸੈਮੀਨਾਰ ਦੇ ਪਹਿਲੇ ਸੈਸ਼ਨ ਮੌਕੇ ਡਾ. ਸ਼ਮਸ਼ੇਰ ਮੋਹੀ ਨੇ ‘ਸਮਕਾਲੀ ਪੰਜਾਬੀ
ਗ਼ਜ਼ਲ : ਕਾਵਿ ਸ਼ਾਸਤਰੀ ਵਿਵੇਕ’ ਵਿਸ਼ੇ ਬਾਰੇ ਅਤੇ ‘ਪੰਜਾਬੀ ਨਾਰੀ ਗ਼ਜ਼ਲ: ਸਥਿਤੀ ਅਤੇ
ਸਰੋਕਾਰ ਵਿਸ਼ੇ ’ਤੇ ਡਾ. ਸੰਦੀਪ ਸਿੰਘ ਦੁਆਰਾ ਪੇਪਰ ਪੜ੍ਹੇ ਗਏ। ਪੰਜਾਬੀ ਨਾਰੀ ਗ਼ਜ਼ਲ
ਦੀਆਂ ਵਿਭਿੰਨ ਪਰਤਾਂ ਬਾਰੇ ਸੰਵਾਦ ਉਸਾਰਿਆ ਗਿਆ। ਪ੍ਰਧਾਨਗੀ ਭਾਸ਼ਨ ਵਿਚ ਪ੍ਰੋ.
ਸੁਰਜੀਤ ਜੱਜ ਨੇ ਪੜ੍ਹੇ ਗਏ ਪਰਚਿਆਂ ’ਤੇ ਸਾਰਥਕ ਟਿੱਪਣੀ ਕਰਦਿਆਂ ਪੰਜਾਬੀ ਗ਼ਜ਼ਲ ਦੀ
ਵਿਚਾਰਧਾਰਾ ਅਤੇ ਪ੍ਰਤੀਰੋਧੀ ਚੇਤਨਾ ਬਾਰੇ ਗੰਭੀਰ ਗੱਲ ਕੀਤੀ। ਉਹਨਾਂ ਗ਼ਜ਼ਲ ਦੇ ਸਮਾਜਿਕ
ਰਾਜਨੀਤਿਕ ਸਰੋਕਾਰਾਂ ਦੇ ਮੁੱਲ ਬਾਬਤ ਚਿੰਤਨੀ ਸੰਵਾਦ ਪੈਦਾ ਕੀਤਾ। ਇਸ ਸੈਸ਼ਨ ਵਿਚ
ਸਮਕਾਲੀ ਪੰਜਾਬੀ ਗ਼ਜ਼ਲ ਦੇ ਕਾਵਿ-ਸ਼ਾਸਤਰ ਅਤੇ ਸੁਹਜ-ਸ਼ਾਸਤਰ ਬਾਰੇ ਭਰਪੂਰ ਸੰਵਾਦ ਸਿਰਜਿਆ
ਗਿਆ। ਇਸ ਮੌਕੇ ਅਜੇ ਤਨਵੀਰ ਦੀ ਪਲੇਠੀ ਗ਼ਜ਼ਲ-ਪੁਸਤਕ ‘ਫ਼ਤਵਿਆਂ ਦੇ ਦੌਰ ਵਿਚ’ ਰਿਲੀਜ਼
ਕੀਤੀ ਗਈ। ਇਸ ਸੈਸ਼ਨ ਦਾ ਮੰਚ ਸੰਚਾਲਨ ਡਾ. ਹਰਪ੍ਰੀਤ ਸਿੰਘ ਨੇ ਬਾਖ਼ੂਬੀ ਕੀਤਾ।
ਸੈਮੀਨਾਰ ਦੇ ਦੂਜੇ ਸੈਸ਼ਨ ਦੀ ਪ੍ਰਧਾਨਗੀ ਡਾ. ਜਸਵਿੰਦਰ ਸੈਣੀ (ਪੰਜਾਬੀ ਯੂਨੀਵਰਸਿਟੀ,
ਪਟਿਆਲਾ) ਨੇ ਕੀਤੀ। ਇਸ ਸੈਸ਼ਨ ਦੇ ਮੁੱਖ ਮਹਿਮਾਨ ਸੰਧੂ ਵਰਿਆਣਵੀ ਸਨ। ਇਸ ਸੈਸ਼ਨ ਡਾ.
ਇਕਬਾਲ ਸਿੰਘ ਸੋਮੀਆ ਦੁਆਰਾ ‘ਪਰਵਾਸੀ ਪੰਜਾਬੀ ਗ਼ਜ਼ਲ: ਜਗਤ ਤੇ ਜੁਗਤ’ ਵਿਸ਼ੇ ’ਤੇ ਅਤੇ
ਡਾ. ਦੀਪਕ ਧਲੇਵਾਂ ਨੇ ‘ਸਮਕਾਲੀ ਪੰਜਾਬੀ ਗ਼ਜ਼ਲ ਦੀ ਕਾਵਿ-ਭਾਸ਼ਾ’ ਵਿਸ਼ੇ ’ਤੇ ਪੇਪਰ
ਪੜ੍ਹੇ। ਮੁੱਖ ਮਹਿਮਾਨ ਸੰਧੂ ਵਰਿਆਣਵੀ ਨੇ ਸਮਕਾਲੀ ਪੰਜਾਬੀ ਗ਼ਜ਼ਲ ਦੇ ਮਾਨਵਵਾਦੀ ਅਤੇ
ਸਮਾਜਿਕ ਸਰੋਕਾਰਾਂ ਬਾਰੇ ਅਹਿਮ ਨੁਕਤੇ ਵਿਚਾਰੇ। ਇਸ ਸੈਸ਼ਨ ਦਾ ਪ੍ਰਧਾਨਗੀ ਭਾਸ਼ਨ
ਦਿੰਦਿਆਂ ਡਾ. ਜਸਵਿੰਦਰ ਸੈਣੀ ਨੇ ਪੜ੍ਹੇ ਗਏ ਪਰਚਿਆਂ ਦੀ ਸਮੀਖਿਆ ਕਰਦਿਆਂ ਪਰਚਿਆਂ
ਬਾਬਤ ਬੌਧਿਕ ਟਿੱਪਣੀਆਂ ਕੀਤੀਆਂ। ਉਹਨਾਂ ਨੇ ਪੰਜਾਬੀ ਗ਼ਜ਼ਲ ਦੇ ਇਤਿਹਾਸ ਅਤੇ ਸਮਕਾਲ ਦੀ
ਯਾਤਰਾ ਦੇ ਅਹਿਮ ਪੜ੍ਹਾਵਾਂ ਬਾਰੇ ਗੱਲ ਕਰਦਿਆਂ ਹੁਸ਼ਿਆਰਪੁਰ ਅਤੇ ਦੁਆਬੇ ਦੀ ਧਰਤੀ ਦੇ
ਸ਼ਾਇਰਾਂ ਦਾ ਜ਼ਿਕਰ ਕੀਤਾ।
ਸੈਮੀਨਾਰ ਦੇ ਅੰਤ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਰਨਲ ਸਕੱਤਰ ਗੁਲਜ਼ਾਰ ਸਿੰਘ
ਪੰਧੇਰ ਨੇ ਆਏ ਹੋਏ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਉਹਨਾਂ ਸੰਤ ਬਾਬਾ
ਭਾਗ ਸਿੰਘ ਯੂਨੀਵਰਸਿਟੀ ਦੇ ਚਾਂਸਲਰ ਸੰਤ ਬਾਬਾ ਮਨਮੋਹਨ ਸਿੰਘ ਜੀ, ਵਾਇਸ ਚਾਂਸਲਰ ਡਾ.
ਧਰਮਜੀਤ ਸਿੰਘ ਪਰਮਾਰ ਜੀ ਅਤੇ ਸਕੱਤਰ ਸ. ਹਰਦਮਨ ਸਿੰਘ ਮਿਨਹਾਸ ਜੀ ਦਾ ਸਹਿਯੋਗ ਲਈ
ਵਿਸ਼ੇਸ਼ ਧੰਨਵਾਦ ਕੀਤਾ। ਉਹਨਾਂ ਡਾ. ਹਰਪ੍ਰੀਤ ਸਿੰਘ (ਮੁਖੀ, ਹਿਊਮੈਨੀਟੀਜ਼) ਅਤੇ
ਸਮੁੱਚੇ ਪੰਜਾਬੀ ਵਿਭਾਗ ਨੂੰ ਸੈਮੀਨਾਰ ਉਲੀਕਣ ਲਈ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿਚ
ਯੂਨਵਰਸਿਟੀ ਨਾਲ ਜੁੜ ਕੇ ਅਕਾਡਮੀ ਵਲੋਂ ਹੋਰ ਸਮਾਗਮ ਕਰਵਾਉਣ ਦਾ ਅਹਿਦ ਕੀਤਾ। ਉਹਨਾਂ
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਸਮੁੱਚੀ ਟੀਮ ਅਤੇ ਸਾਰੇ ਵਿਦਵਾਨਾਂ ਦਾ ਸ਼ੁਕਰਾਨਾ
ਕੀਤਾ। ਇਸ ਸੈਸ਼ਨ ਦਾ ਮੰਚ ਸੰਚਾਲਨ ਵਾਹਿਦ ਦੁਆਰਾ ਕੀਤਾ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਹਰਦਮਨ ਸਿੰਘ ਮਿਨਹਾਸ, ਸਕੱਤਰ, ਸੰਤ ਬਾਬਾ ਭਾਗ
ਸਿੰਘ ਮੈਮੋਰੀਅਲ ਚੈਰੀਟੇਬਲ ਸੁਸਾਇਟੀ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ ਦੇ
ਵਾਈਸ-ਚਾਂਸਲਰ ਡਾ. ਧਰਮਜੀਤ ਸਿੰਘ ਪਰਮਾਰ, ਰਜਿਸਟਰਾਰ ਡਾ. ਅਨੀਤ ਕੁਮਾਰ, ਡਿਪਟੀ
ਰਜਿਸਟਰਾਰ ਸ. ਰੂਪ ਸਿੰਘ, ਡੀਨ ਅਕਾਦਮਿਕ, ਡਾ. ਵਿਜੈ ਧੀਰ ਅਤੇ ਵੱਖ-ਵੱਖ ਵਿਭਾਗਾਂ ਦੇ
ਡੀਨ, ਮੁਖੀ, ਅਧਿਆਪਕ, ਵਿਦਿਆਰਥੀ/ਖੋਜਾਰਥੀ ਸਮੇਤ ਕਾਫ਼ੀ ਗਿਣਤੀ ਵਿਚ ਸਰੋਤੇ ਹਾਜ਼ਰ ਸਨ।
Powered by Froala Editor
Punjabi-Sahit-Academy-Ludhiana-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)