*ਕੇਜਰੀਵਾਲ ਨੇ ਪੰਜਾਬ ਦੇ ਨੌਜਵਾਨਾਂ ਅਤੇ ਬੱਚਿਆਂ ਨੂੰ ਕੀਤੀ ਭਾਵੁਕ ਅਪੀਲ- ਮੈਂ ਤੁਹਾਡੇ ਪਿਤਾ ਦੇ ਸਮਾਨ ਹਾਂ, ਮੈਂ ਤੁਹਾਨੂੰ ਹੱਥ ਜੋੜ ਕੇ ਅਪੀਲ ਕਰਦਾ ਹਾਂ- ਨਸ਼ਿਆਂ ਦੇ ਜਾਲ ਵਿੱਚ ਨਾ ਫਸੋ*
Apr2,2025
| Gautam Jalandhari | Ludhiana
*ਕੇਜਰੀਵਾਲ ਦੀ ਸਖ਼ਤ ਚੇਤਾਵਨੀ- ਇਹ ਪੰਜਾਬ ਦੇ ਬੱਚੇ ਸਾਡੇ ਆਪਣੇ ਹਨ, ਜਿਹੜਾ ਵੀ ਇਹਨਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰੇਗਾ, ਉਸਨੂੰ ਬਖ਼ਸ਼ਾਂਗੇ ਨਹੀਂ*
*'ਯੁੱਧ ਨਸ਼ਿਆਂ ਵਿਰੁੱਧ' ਦੇ ਸਹੁੰ ਚੁੱਕ ਸਮਾਗਮ ਦੌਰਾਨ ਅਰਵਿੰਦ ਕੇਜਰੀਵਾਲ ਨੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਡੱਟ ਕੇ ਖੜੇ ਹੋਣ ਦਾ ਦਿੱਤਾ ਸੱਦਾ*
*ਨਸ਼ਿਆਂ ਵਿਰੁੱਧ 'ਆਪ' ਦੀ ਜੰਗ ਵਿੱਚ ਪੁਲਿਸ ਦੀ ਸਖ਼ਤੀ, ਨਸ਼ੇੜੀਆਂ ਦਾ ਮੁੜ ਵਸੇਬਾ, ਨਸ਼ਾ ਵੇਚਣ ਵਾਲਿਆਂ ਦੀ ਰਿਪੋਰਟ ਕਰਨ ਲਈ ਹੈਲਪਲਾਈਨ ਦੇ ਨਾਲ ਸਮਾਜ ਦੀ ਵੀ ਜ਼ਿੰਮੇਵਾਰੀ ਬੇਹੱਦ ਜ਼ਰੂਰੀ- ਕੇਜਰੀਵਾਲ*
*ਨਸ਼ੇ ਵਿਰੁੱਧ ਸਹੁੰ - ਮੈਂ ਕਦੇ ਵੀ ਨਸ਼ੇ ਦਾ ਸੇਵਨ ਨਹੀਂ ਕਰਾਂਗਾ, ਮੈਂ ਨਸ਼ਾ ਛਡਾਉਣ ਲਈ ਦੂਜਿਆਂ ਦੀ ਮਦਦ ਕਰਾਂਗਾ, ਮੈਂ ਆਪਣੇ ਇਲਾਕੇ ਵਿੱਚ ਕਿਸੇ ਵੀ ਨਸ਼ੇ ਨਾਲ ਸਬੰਧਿਤ ਗਤੀਵਿਧੀ ਦੀ ਰਿਪੋਰਟ ਕਰਾਂਗਾ*
ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਲੁਧਿਆਣਾ ਵਿੱਚ 'ਯੁੱਧ ਨਸ਼ਿਆਂ ਵਿਰੁੱਧ' ਸਹੁੰ ਚੁੱਕ ਸਮਾਗਮ ਦੌਰਾਨ ਹਜ਼ਾਰਾਂ ਨੌਜਵਾਨਾਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਤੁਰੰਤ ਸਮੂਹਿਕ ਕਾਰਵਾਈ ਦੀ ਲੋੜ 'ਤੇ ਜ਼ੋਰ ਦਿੰਦਿਆਂ ਨੌਜਵਾਨਾਂ ਨੂੰ ਪੰਜਾਬ ਦੇ ਭਵਿੱਖ ਦੀ ਜ਼ਿੰਮੇਵਾਰੀ ਲੈਣ ਦੀ ਅਪੀਲ ਕੀਤੀ।
ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ, "ਅੱਜ ਇੱਥੇ ਇੰਨੇ ਸਾਰੇ ਨੌਜਵਾਨਾਂ ਨੂੰ ਦੇਖ ਕੇ ਮੇਰਾ ਦਿਲ ਖ਼ੁਸ਼ੀ ਨਾਲ ਭਰ ਗਿਆ ਹੈ। ਪੰਜਾਬ ਦਾ ਭਵਿੱਖ ਤੁਹਾਡੇ ਹੱਥਾਂ ਵਿੱਚ ਹੈ। ਤੁਹਾਡੇ ਵਿੱਚੋਂ ਪੰਜਾਬ ਦੇ ਭਵਿੱਖ ਦੇ ਮੁੱਖ ਮੰਤਰੀ, ਮੰਤਰੀ, ਵਿਧਾਇਕ ਅਤੇ ਸਫਲ ਉੱਦਮੀ ਹੋਣਗੇ। ਤੁਸੀਂ ਹੀ ਨਵੇਂ ਪੰਜਾਬ ਦੀ ਸਿਰਜਣਾ ਕਰੋਗੇ। ਘਰਾਂ ਵਿੱਚ ਤੇਜ਼ੀ ਨਾਲ ਫੈਲ ਰਹੀ ਨਸ਼ੇ ਦੀ ਸਮੱਸਿਆ ਸਾਡੇ ਰਾਜ ਦੇ ਭਵਿੱਖ ਲਈ ਖ਼ਤਰਾ ਹੈ। ਜੇਕਰ ਅਸੀਂ ਇਕੱਠੇ ਹੋ ਕੇ ਇਸ ਸਮੱਸਿਆ ਨੂੰ ਖ਼ਤਮ ਨਹੀਂ ਕਰਾਂਗੇ, ਤਾਂ ਪੰਜਾਬ ਦੀ ਰੱਖਿਆ ਕੌਣ ਕਰੇਗਾ?"
ਕੇਜਰੀਵਾਲ ਨੇ ਪਿਛਲੀਆਂ ਸਰਕਾਰਾਂ ਦੀ ਸਖ਼ਤ ਆਲੋਚਨਾ ਕਰਦਿਆਂ ਉਨ੍ਹਾਂ 'ਤੇ ਆਪਣੇ ਫ਼ਾਇਦੇ ਲਈ ਨਸ਼ੇ ਦੇ ਵਪਾਰ ਨੂੰ ਵਧਣ-ਫੁੱਲਣ ਦੇਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ "ਪਿਛਲੀਆਂ ਸਰਕਾਰਾਂ ਨੇ ਕੁਝ ਪੈਸੇ ਅਤੇ ਰਾਜਨੀਤਿਕ ਲਾਭ ਲਈ ਪੰਜਾਬ ਦੇ ਨੌਜਵਾਨਾਂ ਦੀ ਇੱਕ ਪੂਰੀ ਪੀੜ੍ਹੀ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਨੇ ਹਰ ਪਿੰਡ, ਗਲੀ ਅਤੇ ਘਰ ਵਿੱਚ ਨਸ਼ੇ ਨੂੰ ਘੁਸਪੈਠ ਕਰਨ ਦਿੱਤੀ। ਪ੍ਰਮਾਤਮਾ ਉਨ੍ਹਾਂ ਨੂੰ ਪੰਜਾਬ ਵਿਰੁੱਧ ਕੀਤੇ ਪਾਪਾਂ ਲਈ ਕਦੇ ਮਾਫ਼ ਨਹੀਂ ਕਰੇਗਾ,"।
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ 'ਆਪ' ਸਰਕਾਰ ਵੱਲੋਂ ਕੀਤੇ ਗਏ ਕੰਮਾਂ ਨੂੰ ਉਜਾਗਰ ਕਰਦੇ ਹੋਏ, ਕੇਜਰੀਵਾਲ ਨੇ ਜਨਤਾ ਨੂੰ ਭਰੋਸਾ ਦਿੱਤਾ ਕਿ ਨਸ਼ਿਆਂ ਵਿਰੁੱਧ ਸੂਬੇ ਦੀ ਲੜਾਈ ਹੁਣ ਇੱਕ ਇਮਾਨਦਾਰ ਅਤੇ ਦੇਸ਼ ਭਗਤ ਪ੍ਰਸ਼ਾਸਨ ਵੱਲੋਂ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ "ਸਾਨੂੰ ਨਾ ਤਾਂ ਖ਼ਰੀਦਿਆ ਜਾ ਸਕਦਾ ਹੈ ਅਤੇ ਨਾ ਹੀ ਸਾਨੂੰ ਡਰਾਇਆ ਜਾ ਸਕਦਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਤੁਸੀਂ ਪੰਜਾਬ ਵਿੱਚ ਜੋ ਕੰਮ ਦੇਖ ਰਹੇ ਹੋ, ਉਹ ਭਾਰਤ ਦੇ 75 ਸਾਲਾਂ ਦੇ ਇਤਿਹਾਸ ਵਿੱਚ ਕਦੇ ਨਹੀਂ ਹੋਏ। ਨਸ਼ੇ ਵੇਚਣ ਤੋਂ ਕਮਾਏ ਪੈਸੇ ਨਾਲ ਬਣੇ ਆਲੀਸ਼ਾਨ ਘਰ ਹੁਣ ਬੁਲਡੋਜ਼ਰਾਂ ਦੁਆਰਾ ਢਾਹ ਦਿੱਤੇ ਜਾ ਰਹੇ ਹਨ। ਇਹ ਸਾਡੀ ਚੇਤਾਵਨੀ ਹੈ - ਨਸ਼ਿਆਂ ਦੇ ਵਪਾਰ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।"
ਉਨ੍ਹਾਂ ਨੇ ਇਸ ਮੁੱਦੇ ਨਾਲ ਨਜਿੱਠਣ ਲਈ ਪੰਜਾਬ ਪੁਲਿਸ ਦੇ ਅਣਥੱਕ ਯਤਨਾਂ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਨਸ਼ਿਆਂ ਦੇ ਖ਼ਤਰੇ ਨਾਲ ਲੜਨ ਲਈ ਸਰਕਾਰ, ਕਾਨੂੰਨ ਲਾਗੂ ਕਰਨ ਵਾਲੇ ਅਤੇ ਨਾਗਰਿਕਾਂ ਦੇ ਸਾਂਝੇ ਯਤਨਾਂ ਦੀ ਲੋੜ ਹੈ।
ਕੇਜਰੀਵਾਲ ਨੇ ਨੌਜਵਾਨਾਂ ਨੂੰ ਇੱਕ ਭਾਵੁਕ ਅਪੀਲ ਕਰਦਿਆਂ ਉਨ੍ਹਾਂ ਨੂੰ ਨਸ਼ਿਆਂ ਅਤੇ ਬੁਰੀ ਸੰਗਤ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ "ਹਰ ਮਾਪੇ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਦੇ ਸੁਪਨੇ ਦੇਖਦੇ ਹਨ, ਅਤੇ ਤੁਸੀਂ ਵੀ ਆਪਣੇ ਲਈ ਸੁਪਨੇ ਦੇਖਦੇ ਹੋ। ਪਰ ਜਿਸ ਪਲ ਤੁਸੀਂ ਨਸ਼ਿਆਂ ਜਾਂ ਮਾੜੇ ਪ੍ਰਭਾਵਾਂ ਵਿੱਚ ਫਸ ਜਾਂਦੇ ਹੋ, ਤੁਹਾਡੀ ਪੂਰੀ ਦੁਨੀਆ ਢਹਿ ਜਾਂਦੀ ਹੈ। ਤੁਹਾਡੇ ਸੁਪਨੇ ਟੁੱਟ ਜਾਂਦੇ ਹਨ, ਤੁਹਾਡਾ ਪਰਿਵਾਰ ਟੁੱਟ ਜਾਂਦਾ ਹੈ, ਅਤੇ ਤੁਹਾਡੇ ਮਾਪੇ ਜਿਸ ਦਰਦ ਵਿੱਚੋਂ ਗੁਜ਼ਰਦੇ ਹਨ ਉਹ ਕਲਪਨਾ ਯੋਗ ਨਹੀਂ ਹੈ।"
ਕੇਜਰੀਵਾਲ ਨੇ ਨੌਜਵਾਨਾਂ ਨੂੰ ਕਿਹਾ "ਤੁਹਾਡੇ ਵੱਡੇ ਭਰਾ ਅਤੇ ਤੁਹਾਡੇ ਪਿਤਾ ਦੀ ਉਮਰ ਦਾ ਵਿਅਕਤੀ ਹੋਣ ਦੇ ਨਾਤੇ, ਮੈਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦਾ ਹਾਂ - ਇਸ ਜਾਲ ਵਿੱਚ ਨਾ ਫਸੋ। ਨਸ਼ਿਆਂ ਅਤੇ ਬੁਰੀ ਸੰਗਤ ਤੋਂ ਦੂਰ ਰਹੋ, ਨਹੀਂ ਤਾਂ ਤੁਸੀਂ ਆਪਣਾ ਭਵਿੱਖ ਬਰਬਾਦ ਕਰ ਦਿਓਗੇ,"।
ਨਸ਼ੇ ਦੀ ਲਤ ਨਾਲ ਨਜਿੱਠਣ ਲਈ 'ਆਪ' ਦੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹੋਏ, ਕੇਜਰੀਵਾਲ ਨੇ ਵੱਖ-ਵੱਖ ਪਹਿਲਕਦਮੀਆਂ, ਹਸਪਤਾਲਾਂ ਅਤੇ ਮੁੜ ਵਸੇਬਾ ਕੇਂਦਰਾਂ, ਨਸ਼ਾ ਤਸਕਰਾਂ ਦੀ ਰਿਪੋਰਟ ਕਰਨ ਲਈ ਹੈਲਪ ਲਾਈਨ ਅਤੇ ਭਾਈਚਾਰਕ ਚੌਕਸੀ ਨੂੰ ਮਜ਼ਬੂਤ ਕਰਨ 'ਤੇ ਚਾਨਣਾ ਪਾਇਆ। ਪੰਜਾਬ ਸਰਕਾਰ ਨਸ਼ੇ ਨਾਲ ਜੂਝ ਰਹੇ ਲੋਕਾਂ ਦੀ ਮਦਦ ਲਈ ਨਸ਼ਾ ਛੁਡਾਊ ਕੇਂਦਰਾਂ ਦੀ ਸਰਗਰਮੀ ਨਾਲ ਸਥਾਪਨਾ ਕਰ ਰਹੀ ਹੈ। ਕੇਜਰੀਵਾਲ ਨੇ ਅੱਗੇ ਕਿਹਾ, "ਜੇਕਰ ਤੁਸੀਂ ਕਿਸੇ ਨੂੰ ਨਸ਼ੇ ਦੀ ਵਰਤੋਂ ਕਰਦੇ ਹੋਏ ਦੇਖਦੇ ਹੋ, ਤਾਂ ਉਸ ਦਾ ਇਲਾਜ ਕਰਵਾਉਣ ਵਿੱਚ ਮਦਦ ਕਰੋ। ਕਿਸੇ ਨੂੰ ਨਸ਼ਾ ਛੁਡਾਉਣ ਵਿੱਚ ਮਦਦ ਕਰਨ ਤੋਂ ਵੱਡਾ ਕੋਈ ਚੰਗਾ ਕੰਮ ਨਹੀਂ ਹੈ। ਜੇਕਰ ਤੁਸੀਂ ਆਪਣੇ ਖੇਤਰ ਵਿੱਚ ਨਸ਼ੇ ਦੀ ਵਿੱਕਰੀ ਬਾਰੇ ਜਾਣਦੇ ਹੋ, ਤਾਂ ਸਰਕਾਰ ਦੁਆਰਾ ਜਾਰੀ ਕੀਤੀ ਗਈ ਹੈਲਪ ਲਾਈਨ 'ਤੇ ਕਾਲ ਕਰੋ। ਤੁਹਾਡੀ ਪਛਾਣ ਗੁਪਤ ਰੱਖੀ ਜਾਵੇਗੀ।" ਉਨ੍ਹਾਂ ਕਿਹਾ ਇਹ ਲੜਾਈ ਸਿਰਫ਼ ਪੁਲਿਸ ਜਾਂ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਸਗੋਂ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਡੇ ਪਿੰਡਾਂ ਅਤੇ ਮੁਹੱਲਿਆਂ ਵਿੱਚ ਕੋਈ ਵੀ ਨਸ਼ਾ ਵੇਚਣ ਦੀ ਹਿੰਮਤ ਨਾ ਕਰੇ।
ਸਮਾਗਮ ਵਿੱਚ, ਹਜ਼ਾਰਾਂ ਨੌਜਵਾਨਾਂ ਅਤੇ ਬੱਚਿਆਂ ਨੇ ਕੇਜਰੀਵਾਲ ਦੇ ਨਾਲ ਸਹੁੰ ਚੁੱਕੀ ਕਿ- ਮੈਂ ਕਦੇ ਵੀ ਨਸ਼ੇ ਦਾ ਸੇਵਨ ਨਹੀਂ ਕਰਾਂਗਾ, ਦੂਜਿਆਂ ਨੂੰ ਨਸ਼ਾ ਛੁਡਾਉਣ ਵਿੱਚ ਮਦਦ ਕਰਾਂਗਾ, ਆਪਣੇ ਇਲਾਕੇ ਵਿੱਚ ਕਿਸੇ ਵੀ ਨਸ਼ੇ ਨਾਲ ਸਬੰਧਿਤ ਗਤੀਵਿਧੀ ਦੀ ਰਿਪੋਰਟ ਕਰਾਂਗਾ
ਕੇਜਰੀਵਾਲ ਨੇ ਕਿਹਾ "ਇਹ ਪੰਜਾਬ ਨੂੰ ਬਚਾਉਣ ਦੀ ਜੰਗ ਹੈ, ਅਤੇ ਤੁਸੀਂ ਇਸਦੇ ਯੋਧੇ ਹੋ, ਪੰਜਾਬ ਹਮੇਸ਼ਾ ਆਪਣੀ ਤਾਕਤ ਅਤੇ ਏਕਤਾ ਲਈ ਜਾਣਿਆ ਜਾਂਦਾ ਹੈ। ਇਕੱਠੇ ਮਿਲ ਕੇ, ਅਸੀਂ ਆਪਣੀ ਧਰਤੀ ਤੋਂ ਨਸ਼ਿਆਂ ਦਾ ਖ਼ਾਤਮਾ ਕਰਾਂਗੇ ਅਤੇ ਪੰਜਾਬ ਦੇ ਮਾਣ ਨੂੰ ਬਹਾਲ ਕਰਾਂਗੇ।"
ਕੇਜਰੀਵਾਲ ਨੇ ਨੌਜਵਾਨਾਂ ਦੇ ਵਿਕਾਸ ਲਈ ਇੱਕ ਸਕਾਰਾਤਮਿਕ ਮਾਹੌਲ ਬਣਾਉਣ ਲਈ ਵੱਡੀਆਂ ਪਹਿਲਕਦਮੀਆਂ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ ਦੇ ਨੌਜਵਾਨਾਂ ਲਈ ਮਿਆਰੀ ਸਿੱਖਿਆ ਅਤੇ ਨੌਕਰੀਆਂ ਪੈਦਾ ਕਰਨ ਨੂੰ ਯਕੀਨੀ ਬਣਾਉਣ ਲਈ ਅਣਥੱਕ ਮਿਹਨਤ ਕਰ ਰਹੀ ਹੈ। ਹਰ ਪਿੰਡ ਅਤੇ ਇਲਾਕੇ ਵਿੱਚ ਨਸ਼ਿਆਂ ਦੀ ਬਜਾਏ ਖੇਡਾਂ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਲਈ ਚੰਗੀ ਤਰ੍ਹਾਂ ਲੈਸ ਖੇਡ ਮੈਦਾਨ ਅਤੇ ਸਹੂਲਤਾਂ ਹੋਣਗੀਆਂ। ਸਭਿਆਚਾਰਕ ਗਤੀਵਿਧੀਆਂ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ।
ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਤੋਂ ਸਮੂਹਿਕ ਸਹਿਯੋਗ ਦੀ ਮੰਗ ਕੀਤੀ ਅਤੇ ਕਿਹਾ "ਸਰਕਾਰ ਤੁਹਾਡੇ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ, ਪਰ ਸਾਨੂੰ ਤੁਹਾਡੇ ਸਮਰਥਨ ਦੀ ਲੋੜ ਹੈ। ਜੇਕਰ ਅਸੀਂ ਸਾਰੇ ਇਕੱਠੇ ਖੜ੍ਹੇ ਹੋ ਜਾਈਏ, ਤਾਂ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪਰਮਾਤਮਾ ਸਾਡੇ ਯਤਨਾਂ 'ਤੇ ਬਰਕਤ ਦੇਵੇਗਾ, ਅਤੇ ਅਸੀਂ ਇੱਕ ਵਾਰ ਫਿਰ ਪੰਜਾਬ ਨੂੰ 'ਰੰਗਲਾ ਪੰਜਾਬ' ਬਣਾਵਾਂਗੇ।"
Powered by Froala Editor
Ludhiana-West-Byelection-2025-Arvind-Kejriwal-Aap-Candidate-Sanjeev-Arora