21 ਲੱਖ ਦੀ ਨਕਦੀ, ਕਾਰ, ਨਕਦੀ ਗਿਣਨ ਵਾਲੀ ਮਸ਼ੀਨ ਅਤੇ ਮੋਬਾਇਲ ਫੋਨ ਬਰਾਮਦ
ਮੋਹਾਲੀ, 3 ਅਪ੍ਰੈਲ (ਗੁਰਵਿੰਦਰ ਸਿੰਘ) ਮੋਹਾਲੀ ਪੁਲੀਸ ਨੇ ਸਾਈਬਰ ਧੋਖਾਧੜੀ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਸਾਈਬਰ ਕਰਾਇਮ ਦੀ ਪੁਲੀਸ ਨੇ 21 ਲੱਖ ਰੁਪਏ ਸਮੇਤ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਵਿਅਕਤੀਆਂ ਦੀ ਪਹਿਚਾਣ ਪਟੇਲ ਪੀਯੂਸ਼, ਨੀਰਜ ਭਾਈ ਅਤੇ ਗੋਹਿਲ ਨਿਕੁਲ ਵਾਸੀ ਗੁਜਰਾਤ ਵਜੋਂ ਹੋਈ ਹੈ।
ਇਸ ਸੰਬੰਧੀ ਜਾਣਕਾਰੀ ਦਿਦਿਆਂ ਜਿਲਾ ਪੁਲੀਸ ਮੁਖੀ ਦੀਪਕ ਪਾਰਿਕ ਨੇ ਦੱਸਿਆ ਕਿ ਸਾਈਬਰ ਕਰਾਇਮ ਪੁਲੀਸ ਨੂੰ ਸ਼ਿਕਾਇਤ ਮਿਲੀ ਸੀ ਕਿ ਮੋਬਾਇਲ ਐਪਲੀਕੇਸ਼ਨ ਰਾਹੀਂ ਸ਼ੇਅਰ ਮਾਰਕੀਟ ਵਿਚ ਪੈਸੇ ਲਗਾਉਣ ਬਦਲੇ 15 ਲੱਖ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ। ਇਸ ਮਾਮਲੇ ਵਿੱਚ ਜਦੋਂ ਪੀੜਤ ਨੇ ਪੈਸੇ ਕਢਵਾਉਣੇ ਚਾਹੇ ਤਾਂ ਉਸ ਕੋਲੋਂ ਹੋਰ ਪੈਸਿਆਂ ਦੀ ਮੰਗ ਕੀਤੀ ਗਈ। ਉਸ ਨੇ ਹੋਰ ਪੈਸੇ ਦੇਣ ਤੋਂ ਮਨਾਂ ਕੀਤਾ ਤਾਂ ਉਸ ਨੂੰ 5 ਲੱਖ ਰੁਪਏ ਦੇਣ ਲਈ ਕਿਹਾ ਗਿਆ। ਪੀੜਤ ਨੂੰ ਇਕ ਵਿਅਕਤੀ ਨਾਲ ਸੰਪਰਕ ਕਰਨ ਲਈ ਕਿਹਾ ਗਿਆ, ਜੋ ਕਿ ਪੈਸੇ ਹਾਸਲ ਕਰੇਗਾ।
ਉਹਨਾਂ ਦੱਸਿਆ ਕਿ ਪੁਲੀਸ ਵਲੋਂ ਇਸ ਸ਼ਿਕਾਇਤ ਉੱਤੇ ਕੇਸ ਦਰਜ ਕਰਕੇ ਜਾਂਚ ਆਰੰਭ ਕੀਤੀ ਜਿਸਤੋਂ ਬਾਅਦ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਲਾ ਪੁਲੀਸ ਮੁਖੀ ਨੇ ਦੱਸਿਆ ਕਿ ਗ੍ਰਿਫਤਾਰ ਤਿੰਨਾਂ ਵਿਅਕਤੀਆਂ ਕੋਲੋਂ 21 ਲੱਖ ਨਕਦ, ਇਕ ਕਾਰ, ਇਕ ਸਕੂਟਰ, ਨਕਦੀ ਗਿਣਨ ਵਾਲੀ ਮਸ਼ੀਨ, ਮੋਬਾਇਲ ਫੋਨ ਬਰਾਮਦ ਕੀਤੇ ਗਏ ਹਨ।
ਉਹਨਾਂ ਦੱਸਿਆ ਕਿ ਤਿੰਨਾਂ ਵਿਅਕਤੀਆਂ ਦੀ ਪੁੱਛਗਿੱਛ ਵਿਚ ਖੁਲਾਸਾ ਹੋਇਆ ਹੈ ਕਿ ਉਹ ਤਿੰਨ ਸਾਲਾਂ ਤੋਂ ਇਸ ਠੱਗੀ ਦੇ ਗਿਰੋਹ ਨੂੰ ਚਲਾ ਰਹੇ ਸਨ। ਉਹ ਹਰ ਰੋਜ 70-80 ਲੱਖ ਦੀ ਨਕਦੀ ਇਕੱਠੀ ਕਰ ਰਹੇ ਸਨ।