ਸ਼ੰਭੂ ਸਰਹੱਦ ਤੇ ਮੁੜ ਪ੍ਰਦਰਸ਼ਨ ਕਰਨ ਲਈ ਜੁਟੇ ਕਿਸਾਨ, ਖਨੌਰੀ ਬਾਰਡਰ ਤੇ ਹਰਿਆਣਾ ਪੁਲੀਸ ਤੇ ਕਿਸਾਨਾਂ ਵਿਚਾਲੇ ਟਕਰਾਅ, ਪੱਥਰਬਾਜ਼ੀ ਤੇ ਅੱਥਰੂ ਗੈਸ ਕਾਰਨ ਕਈ ਜ਼ਖ਼ਮੀ ਚੰਡੀਗੜ੍ਹ, 14 ਫਰਵਰੀ[ਗੁਰਵਿੰਦਰ ਸਿੰਘ] ਕਿਸਾਨਾਂ ਦਾ ਦਿੱਲੀ ਕੂਚ ਦੇ ਦੂਜੇ ਦਿਨ ਵੀ ਹਰਿਆਣਾ ਪੁਲੀਸ ਦੀ ਸਖਤੀ ਕਾਰਨ ਹਰਿਆਣਾ ਬਾਰਡਰ ਤੇ ਹਰਿਆਣਾ ਪੁਲੀਸ ਅਤੇ ਪ੍ਰਦਰਸ਼ਨਕਾਰੀ ਕਿਸਾਨਾਂ ਵਿਚਕਾਰ ਟਕਰਾਓ ਦੇ ਹਾਲਾਤ ਬਣੇ ਹੋਏ ਹਨ। ਕਿਸਾਨਾਂ ਵੱਲੋਂ ਸ਼ੰਭੂ ਅਤੇ ਖਨੋਰੀ ਬਾਰਡਰ ਤੋਂ ਹਰਿਆਣਾ ਵਿੱਚ ਦਾਖਿਲ ਹੋਣ ਦੀਆਂ ਕੋਸ਼ਿਸ਼ਾਂ ਜਾਰੀ ਹਨ ਅਤੇ ਹਰਿਆਣਾ ਪੁਲੀਸ ਵਲੋਂ ਕਿਸਾਨਾਂ ਤੇ ਹੰਝੂ ਗੈਸ ਦੇ ਗੋਲੇ ਦਾਗੇ ਜਾ ਰਹੇ ਹਨ। ਅੱਜ ਸਾਰਾ ਦਿਨ ਦੋਵਾਂ ਵਿਚਾਲੇ ਟਕਰਾਅ ਦੇ ਹਾਲਾਤ ਬਣੇ ਰਹੇ। ਇਸ ਦੌਰਾਨ ਖਨੌਰੀ ਬਾਰਡਰ ਤੇ ਹਰਿਆਣਾ ਪੁਲੀਸ ਤੇ ਕਿਸਾਨਾਂ ਵਿਚਾਲੇ ਟਕਰਾਅ ਹੋਇਆ ਜਿਸ ਦੌਰਾਨ ਪੁਲੀਸ ਵਲੋਂ ਕਿਸਾਨਾਂ ਤੇ ਲਾਠੀਚਾਰਜ ਕੀਤਾ ਗਿਆ ਅਤੇ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ। ਇਸ ਦੌਰਾਨ ਦੋਵਾਂ ਪਾਸਿਉਂ ਪੱਥਰਬਾਜ਼ੀ ਵੀ ਹੋਈ ਅਤੇ ਕਈ ਵਿਅਕਤੀਆਂ ਦੇ ਜਖਮੀ ਹੋਣ ਦੀ ਖਬਰ ਹੈ। ਸ਼ੰਭੂ ਬਾਰਡਰ ਤੇ ਵੀ ਤਨਾਅਪੂਰਨ ਹਾਲਾਤ ਹਨ। ਇੱਥੇ ਇਕੱਠੇ ਹੋਏ ਕਿਸਾਨ ਦਿੱਲੀ ਕੂਚ ਲਈ ਅੜੇ ਹੋਏ ਹਨ ਅਤੇ ਦੂਜੇ ਪਾਸੇ ਹਰਿਆਣਾ ਪੁਲੀਸ ਵੱਲੋਂ ਲਗਾਤਾਰ ਹੰਝੂ ਗੈਸ ਦੇ ਗੋਲੇ ਦਾਗੇ ਜਾ ਰਹੇ ਹਨ। ਇਸ ਦੌਰਾਨ ਮੰਚ ਤੋਂ ਕਿਸਾਨ ਨੇਤਾਵਾਂ ਵਲੋਂ ਨੌਜਵਾਨ ਕਿਸਾਨਾਂ ਨੂੰ ਸੰਜਮ ਬਣਾ ਕੇ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਦੌਰਾਨ ਕਿਸਾਨਾਂ ਨੇ ਸ਼ੰਭੂ ਬਾਰਡਰ ਤੇ ਚੱਲੀਆਂ ਗੋਲੀਆਂ ਦਾ ਇੱਕ ਵੀਡੀਓ ਸ਼ੇਅਰ ਕੀਤਾ ਜਿਸ ਵਿੱਚ ਉਹਨਾਂ ਕਿਹਾ ਕਿ ਦੇਖੋ ਅਸਲੀ ਗੋਲੀਆਂ ਚੱਲ ਰਹੀਆਂ ਹਨ। ਖਨੌਰੀ ਬਾਰਡਰ ਤੇ ਅੱਜ ਹਾਲਾਤ ਮੁੜ ਤਣਾਅ ਵਾਲੇ ਬਣੇ ਰਹੇ। ਬਾਅਦ ਦੁਪਹਿਰ ਕਿਸਾਨਾਂ ਨੇ ਜਿਉ ਹੀ ਅੱਗੇ ਵਧਣ ਦਾ ਯਤਨ ਕੀਤਾ, ਹਰਿਆਣਾ ਪੁਲੀਸ ਵੱਲੋਂ ਕਿਸਾਨਾਂ ਉਪਰ ਲਾਠੀਚਾਰਜ ਕੀਤਾ ਗਿਆ। ਇਸ ਦੌਰਾਨ ਦੋਵੇਂ ਪਾਸੇ ਤੋਂ ਪੱਥਰਬਾਜ਼ੀ ਵੀ ਹੋਈ ਹੈ। ਪੁਲੀਸ ਵੱਲੋਂ ਵੱਡੀ ਗਿਣਤੀ ਵਿੱਚ ਅੱਥਰੂ ਗੈਸ ਦੇ ਗੋਲੇ ਦਾਗੇ ਗਏ। ਪੁਲੀਸ ਲਾਠੀਚਾਰਜ ਨਾਲ ਕਰੀਬ 7-8 ਕਿਸਾਨ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਵਿੱਚੋਂ ਗਭੀਰ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਹਾਲਾਤ ਤਣਾਅ ਵਾਲੇ ਬਣੇ ਹੋਏ ਹਨ। ਕਿਸਾਨ ਬਾਰਡਰ ਦੇ ਨੇੜੇ ਪੁੱਜ ਗਏ ਹਨ ਅਤੇ ਹਰਿਆਣਾ ਪੁਲੀਸ ਵੱਲੋਂ ਕਿਸਾਨਾਂ ਉਪਰ ਲਗਾਤਾਰ ਅੱਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਹਨ। ਖਨੌਰੀ ਬਾਰਡਰ ਤੇ ਕਿਸਾਨਾਂ ਅਤੇ ਪੈਰਾ ਮਿਲਟਰੀ ਫੋਰਸ ਦੇ ਵਿਚਾਲੇ ਝੜਪ ਹੋਣ ਦੀ ਵੀ ਖਬਰ ਹੈ ਜਿਸਤੋਂ ਬਾਅਦ ਕਿਸਾਨਾਂ ਨੇ ਜਵਾਨਾ ਦੇ ਹੈਲਮਟ ਅਤੇ ਡੰਡੇ ਖੋਹ ਲਏ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪਾਣੀ ਪੀਣ ਗਏ ਸੀ ਅਤੇ ਫੋਰਸ ਨੂੰ ਲੱਗਿਆ ਕਿ ਉਹ ਹਮਲਾ ਕਰਨ ਆਏ ਹਨ ਜਿਸਤੇ 50-60 ਜਵਾਨ ਡੰਡੇ ਲੈ ਕੇ ਉਹਨਾਂ ਦੇ ਪਿੱਛੇ ਭੱਜੇ। ਇਸ ਦੌਰਾਨ ਇਕੱਠੇ ਹੋਏ ਕਿਸਾਨਾਂ ਨੇ ਮੋਰਚਾ ਸੰਭਾਲਿਆ ਅਤੇ ਜਵਾਨਾਂ ਨੂੰ ਘੇਰ ਕੇ ਹੈਲਮੈਟ ਅਤੇ ਡੰਡੇ ਖੋਹ ਲਏ। ਇਸ ਦੌਰਾਨ ਜੀਂਦ ਵਿੱਚ ਦਾਤਾ ਸਿੰਘ ਵਾਲਾ ਬਾਰਡਰ ਤੇ ਇੱਕ ਵਾਰ ਫਿਰ ਹਾਲਾਤ ਬੇਕਾਬੂ ਹੋ ਗਏ ਹਨ। ਪੰਜਾਬ ਤੋਂ ਆਏ ਕਿਸਾਨਾਂ ਨੇ ਸੜਕ ਤੇ ਲੱਗੀਆਂ ਕਿੱਲਾਂ ਨੂੰ ਉਖਾੜਨਾ ਸ਼ੁਰੂ ਕਰ ਦਿੱਤਾ ਤਾਂ ਪੁਲੀਸ ਨੇ ਹੰਝੂ ਗੈਸ ਦੇ ਗੋਲੇ ਛੱਡੇ। ਕਿਸਾਨਾਂ ਨੇ ਹੰਝੂ ਗੈਸ ਦੇ ਗੋਲਿਆਂ ਤੇ ਪਾਣੀ ਦੀਆਂ ਬੁਛਾੜਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਪੁਲਿਸ ਨੇ ਪਲਾਸਟਿਕ ਦੀਆਂ ਗੋਲੀਆਂ ਚਲਾਈਆਂ ਜਿਸ ਦੌਰਾਨ ਕੁੱਝ ਕਿਸਾਨ ਇਹ ਗੋਲੀਆਂ ਲੱਗਣ ਕਾਰਨ ਜ਼ਖਮੀ ਹੋ ਗਏ। ਦਾਤਾ ਸਿੰਘ ਵਾਲਾ ਬਾਰਡਰ ਤੇ ਭੀੜ ਲਗਾਤਾਰ ਵੱਧ ਰਹੀ ਹੈ। ਉੱਥੇ ਮੌਜੂਦ ਅਤੇ ਕਿਸਾਨ ਪਿੱਛੇ ਹਟਣ ਲਈ ਤਿਆਰ ਨਹੀਂ ਹਨ ਅਤੇ ਟਰੈਕਟਰ ਲੈ ਕੇ ਅੱਗੇ ਵੱਧ ਰਹੇ ਹਨ।
Kisan-Andolan-13-Feb-2024-Delhi-Chalo
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)