*ਤਿਉਹਾਰਾਂ ਦੇ ਸੀਜ਼ਨ ਦੌਰਾਨ ਪੰਜਾਬ ਫੂਡ ਸੇਫਟੀ ਵਿਭਾਗ ਨੇ ਮਿਲਾਵਟਖੋਰੀ ਵਿਰੁੱਧ ਵਧਾਈ ਚੌਕਸੀ*
*ਸੂਬੇ ਭਰ ’ਚੋਂ 1950 ਖੁਰਾਕੀ ਨਮੂਨੇ ਕੀਤੇ ਇਕੱਠੇ;51 ਨਮੂਨਿਆਂ ਨੂੰ ਅਸੁਰੱਖਿਅਤ ਐਲਾਨਿਆ*
*ਮਿਲਾਵਟਖੋਰੀ ਵਿਰੁੱਧ ਜ਼ੀਰੋ ਟਾਲਰੈਂਸ ; ਉਲੰਘਣਾ ਕਰਨ ਵਾਲਿਆਂ ਵਿਰੁੱਧ ਹੋਵੇਗੀ ਸਖ਼ਤ ਕਾਨੂੰਨੀ ਕਾਰਵਾਈ: ਡਾ. ਬਲਬੀਰ ਸਿੰਘ*
ਚੰਡੀਗੜ੍ਹ, 4 ਨਵੰਬਰ:
ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਪੰਜਾਬ ਦੇ ਖੁਰਾਕ ਸੁਰੱਖਿਆ ਵਿਭਾਗ ਨੇ ਸੂਬੇ ਭਰ ਵਿੱਚ ਖੁਰਾਕੀ ਪਦਾਰਥਾਂ ਵਿੱਚ ਮਿਲਾਵਟਖੋਰੀ ਰੋਕਣ ਅਤੇ ਲੋਕਾਂ ਨੂੰ ਸੁਰੱਖਿਅਤ, ਪੌਸ਼ਟਿਕ ਅਤੇ ਸ਼ੁੱਧ ਖਾਧ ਪਦਾਰਥਾਂ ਦੀ ਉਪਲਬਧਤਾ ਯਕੀਨੀ ਬਣਾਉਣ ਲਈ ਵੱਡੇ ਪੱਧਰ ’ਤੇ ਨਿਗਰਾਨੀ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਮੁਹਿੰਮ ਚਲ ਰਹੀ ਹੈ।
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਅਤੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਕੁਮਾਰ ਰਾਹੁਲ ਦੇ ਸਖ਼ਤ ਨਿਰਦੇਸ਼ਾਂ ’ਤੇ ਵਿਸ਼ੇਸ਼ ਟੀਮਾਂ ਸੂਬੇ ਦੇ ਸਾਰੇ 23 ਜ਼ਿਲਿ੍ਹਆਂ ਵਿੱਚ ਨਿਰਮਾਣ ਇਕਾਈਆਂ, ਥੋਕ ਮੰਡੀਆਂ, ਮਿਠਾਈ ਦੀਆਂ ਦੁਕਾਨਾਂ, ਡੇਅਰੀਆਂ, ਰੈਸਟੋਰੈਂਟਾਂ ਅਤੇ ਪ੍ਰਚੂਨ ਦੁਕਾਨਾਂ ’ਤੇ ਦਿਨ-ਰਾਤ ਚੈਕਿੰਗ ਕਰ ਰਹੀਆਂ ਹਨ।
ਸੂਬਾ ਸਰਕਾਰ ਦੇ ਇਸ ਸਖ਼ਤ ਰੁਖ਼ ਦਾ ਜ਼ਿਕਰ ਕਰਦਿਆਂ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਉਨ੍ਹਾਂ ਲੋਕਾਂ ਵਿਰੁੱਧ ’ਜ਼ੀਰੋ-ਟਾਲਰੈਂਸ’ ਨੀਤੀ ਅਪਣਾਈ ਹੈ, ਜੋ ਮਾਮੂਲੀ ਵਪਾਰਕ ਮੁਨਾਫ਼ੇ ਲਈ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ। ਸਿਹਤ ਮੰਤਰੀ ਨੇ ਚੇਤਾਵਨੀ ਦਿੰਦਿਆਂ ਕਿਹਾ, ‘‘ਤਿਉਹਾਰ ਖੁਸ਼ੀ ਅਤੇ ਜਸ਼ਨ ਦਾ ਸਮਾਂ ਹੁੰਦਾ ਹੈ ਅਤੇ ਹਰ ਘਰ ਤੱਕ ਮਿਲਾਵਟ ਰਹਿਤ ਤੇ ਪੌਸ਼ਟਿਕ ਭੋਜਨ ਪਹੁੰਚਾਉਣਾ ਸਾਡੀ ਪਹਿਲੀ ਤਰਜੀਹ ਹੈ। ਮਿਲਾਵਟਖੋਰੀ, ਨਕਲੀ ਵਸਤਾਂ ਬਣਾਉਣ ਜਾਂ ਘਟੀਆ ਪੱਧਰ ਦੇ ਖੁਰਾਕੀ ਪਦਾਰਥ ਵੇਚਣ ਵਾਲਿਆਂ ਵਿਰੁੱਧ ‘ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006’ ਤਹਿਤ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।’’
ਸੂਬੇ ਭਰ ’ਚ ਚੱਲ ਰਹੀ ਇਸ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਪਿਛਲੇ ਇੱਕ ਮਹੀਨੇ ਦੌਰਾਨ ਖੁਰਾਕ ਸੁਰੱਖਿਆ ਵਿਭਾਗ ਨੇ ਤਿਉਹਾਰਾਂ ਦੇ ਦਿਨਾਂ ’ਚ ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਵਸਤਾਂ- ਜਿਵੇਂ ਦੇਸੀ ਘਿਓ, ਦੁੱਧ, ਪਨੀਰ, ਖੋਆ, ਰਵਾਇਤੀ ਮਿਠਾਈਆਂ, ਖਾਣ ਵਾਲੇ ਤੇਲ, ਵਨਸਪਤੀ ਅਤੇ ਮਸਾਲਿਆਂ ’ਤੇ ਵਿਸ਼ੇਸ਼ ਤੌਰ ਤਿੱਖੀ ਨਜ਼ਰ ਰੱਖੀ ਹੈ। ਇਨ੍ਹਾਂ ਛਾਪੇਮਾਰੀਆਂ ਦੌਰਾਨ ਵਿਭਾਗ ਨੇ 11 ਟਨ ਤੋਂ ਵੱਧ ਅਜਿਹੇ ਖੁਰਾਕੀ ਪਦਾਰਥ ਜ਼ਬਤ ਕੀਤੇ ਹਨ, ਜਿਨ੍ਹਾਂ ਦੇ ਅਸੁਰੱਖਿਅਤ ਹੋਣ ਦਾ ਸ਼ੱਕ ਸੀ। ਇਨ੍ਹਾਂ ਪਾਧ-ਪਦਾਰਥਾਂ ਵਿੱਚ ਦੇਸੀ ਘਿਓ, ਪਨੀਰ, ਖੋਆ, ਮਿਠਾਈਆਂ, ਖਾਣ ਵਾਲੇ ਤੇਲ ਅਤੇ ਵਨਸਪਤੀ ਸ਼ਾਮਲ ਹਨ। ਇਸ ਤੋਂ ਇਲਾਵਾ ਲਗਭਗ 5 ਟਨ ਮਿਲਾਵਟੀ ਦੁੱਧ ਉਤਪਾਦ ਅਤੇ ਮਿਠਾਈਆਂ, ਜੋ ਖਾਣ ਲਈ ਪੂਰੀ ਤਰ੍ਹਾਂ ਅਯੋਗ ਸਨ, ਨੂੰ ਵੀ ਨਿਯਮਾਂ ਅਨੁਸਾਰ ਨਸ਼ਟ ਕੀਤਾ ਹੈ।
ਇਸ ਸੂਬਾ ਪੱਧਰੀ ਮੁਹਿੰਮ ਤਹਿਤ ਵਿਭਾਗ ਨੇ ਲੈਬਾਰਟਰੀ ਜਾਂਚ ਲਈ ਕੁੱਲ 1950 ਖੁਰਾਕੀ ਨਮੂਨੇ ਇਕੱਠੇ ਕੀਤੇ ਗਏ। ਵਿਸ਼ੇਸ਼ ਤੌਰ ’ਤੇ ਪਨੀਰ ਅਤੇ ਖੋਏ ਦੀ ਸ਼ੁੱਧਤਾ ਦੀ ਜਾਂਚ ਕਰਨ ਲਈ ਚਲਾਈ ਗਈ ਮੁਹਿੰਮ ਦੌਰਾਨ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਦੇ 437 ਨਮੂਨੇ ਲਏ ਗਏ ਅਤੇ ਉਨ੍ਹਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਵਿੱਚੋਂ 218 ਨਮੂਨੇ ਨਿਰਧਾਰਤ ਮਾਪਦੰਡਾਂ ’ਤੇ ਖਰੇ ਨਹੀਂ ਉਤਰੇ, ਜਿਨ੍ਹਾਂ ਵਿੱਚੋਂ 51 ਨਮੂਨਿਆਂ ਨੂੰ ਅਧਿਕਾਰਤ ਤੌਰ ’ਤੇ ਅਸੁਰੱਖਿਅਤ ਅਤੇ ਮਿਲਾਵਟੀ ਐਲਾਨਿਆ ਗਿਆ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਾਰੇ ਖੁਰਾਕ ਕਾਰੋਬਾਰੀਆਂ (ਐਫਬੀਓਜ਼) ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਦੌਰਾਨ, ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐਫ.ਡੀ.ਏ.) ਪੰਜਾਬ ਦੀ ਕਮਿਸ਼ਨਰ ਕੰਵਲ ਪ੍ਰੀਤ ਬਰਾੜ ਨੇ ਦੱਸਿਆ ਕਿ ਫੂਡ ਸੇਫਟੀ ਅਫਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਖੁਰਾਕੀ ਇਕਾਈਆਂ ’ਤੇ ਸਖ਼ਤ ਨਜ਼ਰ ਰੱਖਣ ਅਤੇ ਕਿਸੇ ਵੀ ਸ਼ੱਕੀ ਵਸਤੂ ਨੂੰ ਜਾਂਚ ਲਈ ਤੁਰੰਤ ਖਰੜ ਸਥਿਤ ’ਸਟੇਟ ਫੂਡ ਐਂਡ ਡਰੱਗ ਲੈਬਾਰਟਰੀ’ ਵਿੱਚ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਨਿੱਜੀ ਸਵੱਛਤਾ, ਰਸੋਈ ਵਿੱਚ ਸਾਫ਼-ਸਫ਼ਾਈ, ਕੱਚੇ ਮਾਲ ਦੀ ਗੁਣਵੱਤਾ ਅਤੇ ਖੁਰਾਕੀ ਵਸਤੂਆਂ ਨੂੰ ਸਹੀ ਢੰਗ ਨਾਲ ਸਟੋਰ ਕਰਨ ਸਬੰਧੀ ਮਾਪਦੰਡਾਂ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ।
ਐਫ.ਡੀ.ਏ. ਕਮਿਸ਼ਨਰ ਨੇ ਸਾਰੇ ਖੁਰਾਕ ਕਾਰੋਬਾਰੀਆਂ, ਮਠਿਆਈ ਵਿਕਰੇਤਾਵਾਂ ਅਤੇ ਮਠਿਆਈ ਬਨਾਉਣ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਤਿਉਹਾਰਾਂ ਦੇ ਸੀਜ਼ਨ ਦੌਰਾਨ ਗੁਣਵੱਤਾ ਅਤੇ ਸਫਾਈ ਦੇ ਉੱਚਤਮ ਮਿਆਰਾਂ ਨੂੰ ਕਾਇਮ ਰੱਖਣ। ਉਨ੍ਹਾਂ ਖਪਤਕਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੁਚੇਤ ਰਹਿਣ, ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਵਿਭਾਗ ਤੱਕ ਪਹੁਚਾਉਣ ਅਤੇ ਸਿਰਫ਼ ਰਜਿਸਟਰਡ ਅਤੇ ਲਾਇਸੰਸਸ਼ੁਦਾ ਅਦਾਰਿਆਂ ਤੋਂ ਹੀ ਖੁਰਾਕੀ ਵਸਤੂਆਂ ਖਰੀਦੀਆਂ ਜਾਣ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)