*ਪਲਸ ਪੋਲਿਓ ਮੁਹਿੰਮ ਦਾ ਸਫਲ ਆਗਾਜ਼; 5 ਸਾਲ ਤੱਕ ਦੀ ਉਮਰ ਦੇ 1.01 ਲੱਖ ਤੋਂ ਵੱਧ ਬੱਚਿਆਂ ਨੂੰ ਮਿਲੀ ਸੁਰੱਖਿਆ ਦੀਆਂ ਦੋ ਬੂੰਦਾਂ*
Jun28,2026
| Jagrati Lahar Bureau | Ludhiana
ਰਾਸ਼ਟਰੀ ਪਲਸ ਪੋਲਿਓ ਮੁਹਿੰਮ ਦਾ ਆਗਾਜ਼ ਅੱਜ ਲੁਧਿਆਣਾ ਜ਼ਿਲ੍ਹੇ ਵਿੱਚ ਉਤਸ਼ਾਹ ਨਾਲ ਕੀਤਾ ਗਿਆ। ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਅਤੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਹਰਪ੍ਰੀਤ ਸਿੰਘ ਨੇ ਸਿਵਲ ਹਸਪਤਾਲ ਲੁਧਿਆਣਾ ਵਿਖੇ ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾਂ ਪਿਲਾ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ। ਮੁਹਿੰਮ ਦੇ ਪਹਿਲੇ ਹੀ ਦਿਨ ਜ਼ਿਲ੍ਹੇ ਭਰ ਵਿੱਚ 5 ਸਾਲ ਤੱਕ ਦੀ ਉਮਰ ਦੇ ਲਗਭਗ 1,01,571 ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾਂ ਪਿਲਾਈਆਂ ਗਈਆਂ।
ਇਸ ਮੌਕੇ ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਕਿਹਾ ਕਿ ਹਰ ਬੱਚੇ ਤੱਕ ਪੋਲਿਓ ਦੀਆਂ ਦੋ ਬੂੰਦਾਂ ਪਹੁੰਚਾਉਣਾ ਸਿਹਤ ਵਿਭਾਗ ਦੀ ਸਭ ਤੋਂ ਵੱਡੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਪੋਲਿਓ ਤੋਂ ਸੁਰੱਖਿਆ ਲਈ ਹਰ ਪੰਜ ਸਾਲ ਤੱਕ ਦੇ ਬੱਚੇ ਨੂੰ ਪੋਲਿਓ ਦੀ ਖੁਰਾਕ ਪਿਲਾਉਣਾ ਬਹੁਤ ਜ਼ਰੂਰੀ ਹੈ, ਭਾਵੇਂ ਉਹ ਪਹਿਲਾਂ ਵੀ ਰੁਟੀਨ ਟੀਕਾਕਰਨ ਤਹਿਤ ਪੋਲਿਓ ਦੀਆਂ ਖੁਰਾਕਾਂ ਲੈ ਚੁੱਕਾ ਹੋਵੇ। ਉਨ੍ਹਾਂ ਸਮੂਹ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਘਰ-ਘਰ ਜਾਣ ਵਾਲੀਆਂ ਸਿਹਤ ਟੀਮਾਂ ਦਾ ਪੂਰਾ ਸਹਿਯੋਗ ਕਰਨ ਤਾਂ ਜੋ ਕੋਈ ਵੀ ਬੱਚਾ ਇਸ ਮੁਹਿੰਮ ਤੋਂ ਵਾਂਝਾ ਨਾ ਰਹੇ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬੂਥ ਗਤੀਵਿਧੀ ਤੋਂ ਬਾਅਦ ਸਿਹਤ ਵਿਭਾਗ ਦੀਆਂ ਟੀਮਾਂ ਘਰ-ਘਰ ਜਾ ਕੇ ਉਹਨਾਂ ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾਂ ਪਿਲਾਉਣਗੀਆਂ ਜੋ ਕਿਸੇ ਕਾਰਨ ਬੂਥਾਂ ਤੱਕ ਨਹੀਂ ਪਹੁੰਚ ਸਕੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦਾ ਟੀਚਾ ਜ਼ਿਲ੍ਹੇ ਦੇ ਹਰ ਯੋਗ ਬੱਚੇ ਤੱਕ ਪਹੁੰਚਣਾ ਅਤੇ 100 ਫੀਸਦੀ ਕਵਰੇਜ ਯਕੀਨੀ ਬਣਾਉਣਾ ਹੈ।
ਡਾ. ਰਮਨਦੀਪ ਕੌਰ ਨੇ ਪੋਲਿਓ ਮੁਹਿੰਮ ਨੂੰ ਸਫਲ ਬਣਾਉਣ ਲਈ ਸਿਹਤ ਵਿਭਾਗ ਦੀਆਂ ਟੀਮਾਂ, ਸੁਪਰਵਾਈਜ਼ਰਾਂ, ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ, ਵਲੰਟੀਅਰਾਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੇ ਸਮਰਪਿਤ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਮਾਪਿਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਪੋਲਿਓ ਦੀਆਂ ਬੂੰਦਾਂ ਪਿਲਾ ਕੇ ਇਸ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਇਆ।
ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੇਂਡੂ, ਸ਼ਹਿਰੀ ਅਤੇ ਪੈਰੀ-ਅਰਬਨ ਖੇਤਰਾਂ ਵਿੱਚ ਘਰ-ਘਰ ਜਾ ਕੇ ਮੁਹਿੰਮ ਜਾਰੀ ਰਹੇਗੀ ਤਾਂ ਜੋ ਕੋਈ ਵੀ ਯੋਗ ਬੱਚਾ ਪੋਲਿਓ ਦੀ ਖੁਰਾਕ ਤੋਂ ਵਾਂਝਾ ਨਾ ਰਹੇ। ਸਿਹਤ ਵਿਭਾਗ ਨੇ ਇੱਕ ਵਾਰ ਫਿਰ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਟੀਮਾਂ ਦਾ ਸਹਿਯੋਗ ਕਰਨ ਅਤੇ ਲੁਧਿਆਣਾ ਨੂੰ ਪੋਲਿਓ ਮੁਕਤ ਬਣਾਈ ਰੱਖਣ ਵਿੱਚ ਆਪਣਾ ਯੋਗਦਾਨ ਪਾਉਣ।
"ਜ਼ਿੰਦਗੀ ਦੀਆਂ ਦੋ ਬੂੰਦਾਂ—ਹਰ ਬੱਚੇ ਦੀ ਸੁਰੱਖਿਅਤ ਤੇ ਸਿਹਤਮੰਦ ਭਲਕੇ ਦੀ ਗਾਰੰਟੀ।"
Successful-Launch-Of-Pulse-Polio-Campaign