ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਬਾਹਰ ਹੀ ਆਟੋ ਵਿੱਚ ਬੱਚੀ ਦਾ ਜਨਮ
Jun27,2026
| Ravinder Singh Dhillon | Khanna
ਖੰਨਾ ਦੇ ਸਿਵਲ ਹਸਪਤਾਲ ਵਿੱਚ ਸ਼ੁੱਕਰਵਾਰ ਰਾਤ ਵਾਪਰੀ ਇੱਕ ਘਟਨਾ ਨੇ ਪੰਜਾਬ ਸਰਕਾਰ ਦੀਆਂ ਸਿਹਤ ਸੇਵਾਵਾਂ ਅਤੇ 'ਸਿਹਤ ਕ੍ਰਾਂਤੀ' ਦੇ ਦਾਵਿਆਂ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇੱਕ ਗਰਭਵਤੀ ਔਰਤ ਨੂੰ ਸਮੇਂ ਸਿਰ ਨਾ ਤਾਂ 108 ਐਂਬੂਲੈਂਸ ਸੇਵਾ ਮਿਲੀ ਅਤੇ ਨਾ ਹੀ ਕੋਈ ਆਸ਼ਾ ਵਰਕਰ ਜਾਂ ਸਿਹਤ ਵਿਭਾਗ ਦਾ ਕਰਮਚਾਰੀ ਉਸ ਦੇ ਨਾਲ ਮੌਜੂਦ ਸੀ। ਗਰੀਬ ਪਰਿਵਾਰ ਨੂੰ ਕਿਸੇ ਨੇ ਅੱਜ ਤੱਕ ਇਹ ਵੀ ਨਹੀਂ ਦੱਸਿਆ ਕਿ ਕਿਵੇਂ ਐਂਬੂਲੈਂਸ ਬੁਲਾਈ ਜਾਵੇ। 108 ਐਂਬੂਲੈਂਸ ਸੇਵਾ ਬਾਰੇ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਸੀ। ਨਤੀਜੇ ਵਜੋਂ ਔਰਤ ਨੂੰ ਆਟੋ ਰਾਹੀਂ ਹਸਪਤਾਲ ਲਿਆਂਦਾ ਗਿਆ, ਜਿੱਥੇ ਸਰਕਾਰੀ ਹਸਪਤਾਲ ਦੇ ਐਮਰਜੈਂਸੀ ਵਾਰਡ ਦੇ ਬਾਹਰ ਹੀ ਆਟੋ ਵਿੱਚ ਬੱਚੀ ਦਾ ਜਨਮ ਹੋ ਗਿਆ।
ਜਾਣਕਾਰੀ ਅਨੁਸਾਰ ਅਵਤਾਰ ਨਗਰ, ਲਲਹੇੜੀ ਰੋਡ ਦੀ ਰਹਿਣ ਵਾਲੀ ਗਰਭਵਤੀ ਔਰਤ ਨੂੰ ਅਚਾਨਕ ਜਣੇਪੇ ਦਾ ਦਰਦ ਸ਼ੁਰੂ ਹੋ ਗਿਆ। ਉਸਦਾ ਪਤੀ ਪਹਾੜੂ ਨੇੜਲੇ ਚੌਂਕ ਤੋਂ ਆਟੋ ਲੈ ਕੇ ਆਇਆ ਅਤੇ ਪਤਨੀ ਨੂੰ ਸਿਵਲ ਹਸਪਤਾਲ ਲਈ ਰਵਾਨਾ ਹੋ ਗਿਆ। ਜਿਵੇਂ ਹੀ ਆਟੋ ਹਸਪਤਾਲ ਦੇ ਮੁੱਖ ਗੇਟ ਰਾਹੀਂ ਅੰਦਰ ਦਾਖਲ ਹੋ ਕੇ ਐਮਰਜੈਂਸੀ ਦੇ ਬਾਹਰ ਪਹੁੰਚਿਆ, ਔਰਤ ਨੇ ਆਟੋ ਵਿੱਚ ਹੀ ਬੱਚੀ ਨੂੰ ਜਨਮ ਦੇ ਦਿੱਤਾ। ਇਹ ਦੇਖ ਕੇ ਹਸਪਤਾਲ ਸਟਾਫ਼ ਵਿੱਚ ਹੜਕੰਪ ਮਚ ਗਿਆ ਅਤੇ ਤੁਰੰਤ ਜੱਚਾ-ਬੱਚਾ ਨੂੰ ਲੇਬਰ ਰੂਮ ਵਿੱਚ ਲਿਜਾ ਕੇ ਇਲਾਜ ਸ਼ੁਰੂ ਕੀਤਾ ਗਿਆ। ਡਾਕਟਰਾਂ ਮੁਤਾਬਕ ਮਾਂ ਅਤੇ ਨਵਜੰਮੀ ਬੱਚੀ ਦੋਵੇਂ ਸੁਰੱਖਿਅਤ ਹਨ।
ਔਰਤ ਦੇ ਪਤੀ ਪਹਾੜੂ ਨੇ ਦੱਸਿਆ ਕਿ ਉਨ੍ਹਾਂ ਨੂੰ 108 ਐਂਬੂਲੈਂਸ ਸੇਵਾ ਬਾਰੇ ਕੋਈ ਜਾਣਕਾਰੀ ਨਹੀਂ ਸੀ, ਇਸ ਲਈ ਮਜ਼ਬੂਰੀ ਵਿੱਚ ਆਟੋ ਕਰਕੇ ਹਸਪਤਾਲ ਆਉਣਾ ਪਿਆ। ਉਸ ਨੇ ਇਹ ਵੀ ਕਿਹਾ ਕਿ ਇਸ ਦੌਰਾਨ ਉਨ੍ਹਾਂ ਦੇ ਨਾਲ ਕੋਈ ਆਸ਼ਾ ਵਰਕਰ ਜਾਂ ਸਿਹਤ ਵਿਭਾਗ ਦਾ ਕਰਮਚਾਰੀ ਮੌਜੂਦ ਨਹੀਂ ਸੀ।
ਆਟੋ ਚਾਲਕ ਗੁਰਚਰਨ ਸਿੰਘ ਨੇ ਦੱਸਿਆ ਕਿ ਉਹ ਕਰੀਬ ਡੇਢ ਕਿਲੋਮੀਟਰ ਦਾ ਸਫ਼ਰ ਕਰਕੇ ਹਸਪਤਾਲ ਪਹੁੰਚੇ ਸਨ। ਜਿਵੇਂ ਹੀ ਹਸਪਤਾਲ ਦੇ ਗੇਟ ਅੰਦਰ ਦਾਖਲ ਹੋਏ, ਔਰਤ ਨੇ ਆਟੋ ਵਿੱਚ ਹੀ ਬੱਚੀ ਨੂੰ ਜਨਮ ਦੇ ਦਿੱਤਾ। ਬਾਅਦ ਵਿੱਚ ਹਸਪਤਾਲ ਸਟਾਫ਼ ਵ੍ਹੀਲਚੇਅਰ ਰਾਹੀਂ ਜੱਚਾ-ਬੱਚਾ ਨੂੰ ਅੰਦਰ ਲੈ ਗਿਆ।
ਇਹ ਘਟਨਾ ਇੱਕ ਵਾਰ ਫਿਰ ਸਰਕਾਰੀ ਸਿਹਤ ਪ੍ਰਣਾਲੀ, 108 ਐਂਬੂਲੈਂਸ ਸੇਵਾ ਬਾਰੇ ਲੋਕਾਂ ਵਿੱਚ ਜਾਗਰੂਕਤਾ ਦੀ ਕਮੀ ਅਤੇ ਆਸ਼ਾ ਵਰਕਰਾਂ ਦੀ ਉਪਲਬਧਤਾ 'ਤੇ ਸਵਾਲ ਖੜ੍ਹੇ ਕਰਦੀ ਹੈ। ਹਾਲਾਂਕਿ, ਇਸ ਘਟਨਾ ਤੋਂ ਇਹ ਸਿੱਧ ਨਹੀਂ ਹੁੰਦਾ ਕਿ ਐਂਬੂਲੈਂਸ ਸੇਵਾ ਉਪਲਬਧ ਨਹੀਂ ਸੀ; ਪਰਿਵਾਰ ਦੇ ਬਿਆਨ ਮੁਤਾਬਕ ਉਨ੍ਹਾਂ ਨੂੰ ਸੇਵਾ ਮੰਗਵਾਉਣ ਦੀ ਜਾਣਕਾਰੀ ਨਹੀਂ ਸੀ ਅਤੇ ਇਸ ਕਾਰਨ ਉਹ ਆਟੋ ਰਾਹੀਂ ਹਸਪਤਾਲ ਪਹੁੰਚੇ।
Woman-Birth-Child-Outside-Govt-Hospital-Emergency-In-Auto