ਦੁੱਖ ਦੀ ਘੜੀ ਵਿੱਚ ਪਾਰਟੀ ਸਮੇਤ ਹਰ ਪੰਜਾਬੀ ਜ਼ਖ਼ਮੀ ਗਾਇਕ ਲਈ ਕਰ ਰਿਹਾ ਦੁਆਵਾਂ
ਮੋਹਾਲੀ, 7 ਅਕਤੂਬਰ
ਗੁਰਵਿੰਦਰ ਸਿੰਘ
ਪਿਛਲੇ ਦਿਨੀ ਹਿਮਾਚਲ ਪ੍ਰਦੇਸ ਵਿੱਚ ਰਾਈਡਿੰਗ ਦੌਰਾਨ ਇੱਕ ਗੰਭੀਰ ਐਕਸੀਡੈਂਟ ਦੌਰਾਨ ਜ਼ਖ਼ਮੀ ਹੋਏ ਗਾਇਕ ਰਾਜਵੀਰ ਜਵੰਦਾ ਵੈਂਟੀਲੇਟਰ ਤੇ ਚੱਲ ਰਹੇ ਹਨ।
ਸਥਾਨਕ ਫੌਰਟਿਸ ਹਸਪਤਾਲ ਵਿੱਚ ਪਿਛਲੇ ਕਰੀਬ 12 ਦਿਨਾਂ ਤੋਂ ਉਨ੍ਹਾਂ ਨੂੰ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਆਈਸੀਯੂ ਵਿੱਚ ਰੱਖਕੇ ਬਿਹਤਰ ਇਲਾਜ ਦੇਣ ਦੀਆਂ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਹਨ। ਜ਼ਖਮੀ ਗਾਇਕ ਦਾ ਇਲਾਜ ਕਰਨ ਵਾਲੀ ਡਾਕਟਰਾਂ ਦੀ ਟੀਮ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਇਲਾਜ ਕਰਕੇ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਹਿੱਤ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪ੍ਰੰਤੂ ਉਨ੍ਹਾਂ ਦੀ ਗੰਭੀਰ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਇਲਾਜ ਦੇ ਨਾਲ ਨਾਲ ਦੁਆਵਾਂ ਵੀ ਕੀਤੀਆਂ ਜਾਣ ਤਾਂ ਜੋ ਇਲਾਜ ਦਾ ਅਸਰ ਪੀੜਤ ਗਾਇਕ ਨੂੰ ਮਿਲੇ।
ਹਸਪਤਾਲ ਵਿੱਚ ਕਲਾਕਾਰ ਨੂੰ ਚਾਹੁਣ ਵਾਲਿਆਂ ਅਤੇ ਰਿਸ਼ਤੇਦਾਰ ਸਕੇ ਸੰਬੰਧੀਆਂ ਦਾ ਲਗਾਤਾਰ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਕਲਾਕਾਰ ਨੂੰ ਮਿਲਣ ਦੀ ਇਜਾਜ਼ਤ ਕਿਸੇ ਨੂੰ ਵੀ ਨਹੀਂ ਪ੍ਰੰਤੂ ਪ੍ਰਸ਼ੰਸਕ ਪਰਿਵਾਰ ਨਾਲ ਦਰਦ ਵੰਡਾ ਰਹੇ ਹਨ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਸਪਤਾਲ ਪਹੁੰਚ ਕੇ ਪਰਿਵਾਰ ਨਾਲ ਮੁਲਾਕਾਤ ਕੀਤੀ ਉਨ੍ਹਾਂ ਪਰਿਵਾਰ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਸਮੁੱਚੀ ਪਾਰਟੀ ਪੀੜਤ ਪਰਿਵਾਰ ਦੇ ਨਾਲ ਹੈ ਜੋਕਿ ਦੁਆਵਾਂ ਦੇ ਨਾਲ ਨਾਲ ਹਰ ਸੰਭਵ ਸਹਾਇਤਾ ਕਰ ਰਹੇ ਹਨ। ਚੇਤੇ ਰਹੇ ਕਿ ਜਿਸ ਵੇਲੇ ਜ਼ਖ਼ਮੀ ਗਾਇਕ ਨੂੰ ਭਰਤੀ ਕਰਵਾਇਆ ਗਿਆ ਸੀ ਉਸ ਵੇਲੇ ਸਭੋਂ ਪਹਿਲਾਂ ਪਾਰਟੀ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਵੀ ਪਹੁੰਚੇ ਸਨ। ਇਸ ਮੌਕੇ ਸੁਖਬੀਰ ਬਾਦਲ ਨੇ ਉਨ੍ਹਾਂ ਦਾ ਇਲਾਜ਼ ਕਰ ਰਹੇ ਡਾਕਟਰਾਂ ਨਾਲ ਮੁਲਾਕਾਤ ਕਰਕੇ ਵੀ ਸਾਰੀ ਸਥਿਤੀ ਦਾ ਜਾਣਕਾਰੀ ਹਾਸਲ ਕੀਤੀ। ਇਸ ਮੌਕੇ ਪਰਿਵਾਰ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਜਥੇਦਾਰ ਪਰਵਿੰਦਰ ਸਿੰਘ ਸੋਹਾਣਾ, ਗਾਇਕ ਕੰਵਰ ਗਰੇਵਾਲ ਤੇ ਕੁਲਵਿੰਦਰ ਬਿੱਲਾ ਕੰਵਲਜੀਤ ਸਿੰਘ ਰੋਜ਼ੀ ਬਰਕੰਦੀ ਪਰਮਬੰਸ ਸਿੰਘ ਬੰਟੀ ਰੋਮਾਣਾ ਅਰਸ਼ਦੀਪ ਕਲੇਰ ਸਮੇਤ ਪਾਰਟੀ ਦੇ ਕਈ ਮੋਹਰੀ ਆਗੂ ਹਾਜ਼ਰ ਸਨ।