ਖੰਨਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ: ਡਰਾਈਵਰ ਨੂੰ ਅਗਵਾ ਕਰਕੇ ਸਕਰੈਪ ਨਾਲ ਭਰਿਆ ਟਰੱਕ ਖੋਹਣ ਵਾਲੇ ਅੰਤਰਰਾਜੀ ਗਿਰੋਹ ਦੇ 4 ਮੈਂਬਰ ਕਾਬੂ; ਖੋਹਿਆ ਟਰੱਕ ਤੇ ₹1.10 ਲੱਖ ਦੀ ਨਗਦੀ ਬਰਾਮਦ
Sep14,2026
| Ravinder Singh Dhillon | Khanna
ਮਾੜੇ ਅਨਸਰਾਂ ਵਿਰੁੱਧ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਡਾ. ਦਰਪਣ ਆਹਲੂਵਾਲੀਆ, ਆਈ.ਪੀ.ਐਸ., ਸੀਨੀਅਰ ਕਪਤਾਨ ਪੁਲਿਸ ਖੰਨਾ ਦੀ ਰਹਿਨੁਮਾਈ ਹੇਠ ਖੰਨਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਪੁਲਿਸ ਟੀਮ ਨੇ ਡਰਾਈਵਰ ਦੀ ਕੁੱਟਮਾਰ ਕਰਕੇ ਟਰੱਕ ਖੋਹਣ ਵਾਲੇ ਗਿਰੋਹ ਦੇ 4 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਕਾਰਵਾਈ ਮੁੱਖ ਅਫ਼ਸਰ ਥਾਣਾ ਸਦਰ ਖੰਨਾ, ਇੰਚਾਰਜ ਸਪੈਸ਼ਲ ਬ੍ਰਾਂਚ ਅਤੇ ਇੰਚਾਰਜ ਟੈਕਨੀਕਲ ਸੈੱਲ ਦੀ ਸਾਂਝੀ ਟੀਮ ਵੱਲੋਂ ਅਮਲ ਵਿੱਚ ਲਿਆਂਦੀ ਗਈ। ਸ਼ਿਕਾਇਤਕਰਤਾ ਸੁਮਿਤ ਸਹਿਗਲ ਪੁੱਤਰ ਮਹਿੰਦਰ ਕੁਮਾਰ ਸਹਿਗਲ ਵਾਸੀ ਗੁਰੂ ਨਾਨਕ ਕਲੋਨੀ, ਰਾਜਪੁਰਾ ਨੇ ਬਿਆਨ ਦਰਜ ਕਰਵਾਇਆ ਕਿ ਉਨ੍ਹਾਂ ਦਾ ਡਰਾਈਵਰ ਬਚਨ ਸਿੰਘ ਵਾਸੀ ਉੱਤਰ ਪ੍ਰਦੇਸ਼ ਕੰਪਨੀ ਦਾ ਆਇਸ਼ਰ ਟਰੱਕ (ਨੰਬਰ PB-11-BR-9889) ਲੈ ਕੇ ਜਾ ਰਿਹਾ ਸੀ। ਮਿਤੀ 29.08.2026 ਦੀ ਰਾਤ ਕਰੀਬ 9 ਵਜੇ 4-5 ਅਣਪਛਾਤੇ ਵਿਅਕਤੀਆਂ ਨੇ ਟਰੱਕ ਵਿੱਚ ਜ਼ਬਰਦਸਤੀ ਦਾਖ਼ਲ ਹੋ ਕੇ ਡਰਾਈਵਰ ਦੀ ਕੁੱਟਮਾਰ ਕੀਤੀ, ਉਸ ਨੂੰ ਗੱਡੀ ਵਿੱਚ ਹੀ ਬੰਧਕ ਬਣਾ ਕੇ ਅਗਵਾ ਕਰ ਲਿਆ ਅਤੇ ਬਾਅਦ ਵਿੱਚ ਸੁੰਨਸਾਨ ਜਗ੍ਹਾ 'ਤੇ ਸੁੱਟ ਕੇ ਸਕਰੈਪ ਲੋਹੇ ਨਾਲ ਭਰਿਆ ਟਰੱਕ ਖੋਹ ਕੇ ਫ਼ਰਾਰ ਹੋ ਗਏ। ਇਸ ਸਬੰਧੀ ਥਾਣਾ ਸਦਰ ਖੰਨਾ ਵਿਖੇ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਗਈ। ਤਫ਼ਤੀਸ਼ ਤੇ ਗ੍ਰਿਫ਼ਤਾਰੀਆਂ
ਪੁਲਿਸ ਵੱਲੋਂ ਤਕਨੀਕੀ ਸਾਧਨਾਂ, ਮਨੁੱਖੀ ਸਰੋਤਾਂ ਅਤੇ ਸੀ.ਸੀ.ਟੀ.ਵੀ. ਫੁਟੇਜ ਦੀ ਬਾਰੀਕੀ ਨਾਲ ਪੜਤਾਲ ਕਰਦਿਆਂ ਵਾਰਦਾਤ ਵਿੱਚ ਸ਼ਾਮਲ ਮੁਲਜ਼ਮ ਚੇਤਨ ਕੁਮਾਰ ਉਰਫ਼ ਲਾਡੀ ਅਤੇ ਉਸ ਦੇ ਪਿਤਾ ਪ੍ਰੇਮ ਪ੍ਰਕਾਸ਼ ਵਾਸੀਆਨ ਸ਼ਾਂਤੀ ਬਿਹਾਰ ਕਲੋਨੀ, ਤਾਜਪੁਰ ਰੋਡ, ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਮਾਮਲੇ ਵਿੱਚ ਜੁਰਮ ਅ/ਧ 309(4), 309(6) ਅਤੇ 61(2) BNS ਦਾ ਵਾਧਾ ਕੀਤਾ ਗਿਆ।
ਦੋਸ਼ੀਆਂ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਨੇ ਆਪਣੇ ਸਾਥੀ ਤਰੁਨ ਕੁਮਾਰ ਉਰਫ਼ ਤਰਨ ਸਿੰਘ ਵਾਸੀ ਡੱਬੂਆ ਕਲੋਨੀ, ਫਰੀਦਾਬਾਦ (ਹਰਿਆਣਾ) ਨਾਲ ਮਿਲ ਕੇ ਇਹ ਵਾਰਦਾਤ ਕੀਤੀ ਸੀ। ਛਾਪੇਮਾਰੀ ਦੌਰਾਨ ਸਾਹਮਣੇ ਆਇਆ ਕਿ ਤਰੁਨ ਕੁਮਾਰ ਫ਼ਰਾਰ ਹੋ ਕੇ ਪੱਛਮੀ ਬੰਗਾਲ ਚਲਾ ਗਿਆ ਹੈ। ਖੰਨਾ ਪੁਲਿਸ ਦੀ ਟੀਮ ਨੇ ਕਰੀਬ 1700 ਕਿਲੋਮੀਟਰ ਦੂਰ ਪਹੁੰਚ ਕੇ ਆਰ.ਪੀ.ਐਫ਼. ਦੇ ਸਹਿਯੋਗ ਨਾਲ ਤਰੁਨ ਕੁਮਾਰ ਨੂੰ ਜਲਪਾਈਗੁਰੀ ਰੇਲਵੇ ਸਟੇਸ਼ਨ (ਪੱਛਮੀ ਬੰਗਾਲ) ਤੋਂ ਕਾਬੂ ਕੀਤਾ। ਪਤਾ ਲੱਗਾ ਕਿ ਉਹ ਲੁਧਿਆਣਾ ਦੇ ਇੱਕ ਵਿਅਕਤੀ ਦੀ ਜਾਅਲੀ ਆਈ.ਡੀ. ਰਾਹੀਂ ਰੇਲ ਰਾਹੀਂ ਉੱਥੇ ਪਹੁੰਚਿਆ ਸੀ। ਪੁਲਿਸ ਵੱਲੋਂ ਦੋਸ਼ੀ ਨੂੰ ਬਾਗਡੋਗਰਾ ਹਵਾਈ ਅੱਡੇ ਤੋਂ ਹਵਾਈ ਜਹਾਜ਼ ਰਾਹੀਂ ਦਿੱਲੀ ਲਿਆਂਦਾ ਗਿਆ।
ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਖੋਹ ਕੀਤਾ ਗਿਆ ਸਕਰੈਪ ਗਣੇਸ਼ ਕੁਮਾਰ ਅਤੇ ਉਸ ਦੇ ਲੜਕੇ ਵਿਕਾਸ ਰਾਏ ਵਾਸੀਆਨ ਫ਼ਾਰੂਕਨਗਰ, ਜ਼ਿਲ੍ਹਾ ਗੁੜਗਾਂਓਂ (ਹਰਿਆਣਾ) ਨੂੰ ਵੇਚਿਆ ਗਿਆ ਸੀ। ਇਸ 'ਤੇ ਮੁਕੱਦਮੇ ਵਿੱਚ ਜੁਰਮ ਅ/ਧ 317(2) BNS ਦਾ ਵਾਧਾ ਕਰਦਿਆਂ ਵਿਕਾਸ ਰਾਏ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਗ੍ਰਿਫ਼ਤਾਰ ਕੀਤੇ ਗਏ ਸਾਰੇ ਦੋਸ਼ੀ ਪੁਲਿਸ ਰਿਮਾਂਡ ਅਧੀਨ ਹਨ ਅਤੇ ਉਨ੍ਹਾਂ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਦੌਰਾਨ ਹੋਰ ਵੀ ਅਹਿਮ ਖ਼ੁਲਾਸੇ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ। ਖੰਨਾ ਪੁਲਿਸ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਮੁਹਿੰਮ ਨੂੰ ਇਸੇ ਤਰ੍ਹਾਂ ਜਾਰੀ ਰੱਖੇਗੀ।
-khannapolice-truckrobbery-interstategang-punjabpolice-crimenews