ਜ਼ੀਰਕਪੁਰ ਵਿੱਚ ਪਤੀ-ਪਤਨੀ ਵੱਲੋਂ ਸਲਫਾਸ ਖਾ ਕੇ ਖੁਦਕੁਸ਼ੀ, ਮੌਕੇ ਤੋਂ 7 ਪੰਨਿਆਂ ਦਾ ਸੁਸਾਈਡ ਨੋਟ ਬਰਾਮਦ
Aug22,2026
| Gurvinder Singh | Zirakpur
ਜੀਰਕਪੁਰ, 22 ਅਗਸਤ (ਗੁਰਵਿੰਦਰ ਸਿੰਘ) ਜ਼ੀਰਕਪੁਰ ਵਿੱਚ ਇੱਕ ਵਿਆਹੁਤਾ ਜੋੜੇ ਨੇ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ। ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਪਤੀ ਨੇ ਹਸਪਤਾਲ ਵਿੱਚ ਇਲਾਜ ਦੌਰਾਨ ਦਮ ਤੋੜ ਦਿੱਤਾ। ਮ੍ਰਿਤਕਾ ਦੀ ਪਛਾਣ ਬਰਨਾਲਾ ਦੇ ਤੱਖੇ ਦੀ ਪੱਤੀ (ਸੇਖਾਂ) ਦੀ ਰਹਿਣ ਵਾਲੀ ਗਗਨਦੀਪ ਕੌਰ ਵਜੋਂ ਹੋਈ ਹੈ। ਉਸ ਦਾ ਪਤੀ ਹਾਕਮ ਸਿੰਘ ਮਹਿਮਦਪੁਰ, ਬਰਨਾਲਾ ਦਾ ਰਹਿਣ ਵਾਲਾ ਸੀ। ਦੋਵਾਂ ਨੇ ਵਿਦੇਸ਼ ਜਾਣ ਲਈ ਵਿਆਹ ਕਰਵਾਇਆ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਜ਼ੀਰਕਪੁਰ ਦੇ ਇੱਕ ਪੀ ਜੀ ਵਿੱਚ ਰਹਿ ਰਹੇ ਸਨ।
ਪੁਲੀਸ ਨੂੰ ਮੌਕੇ ਤੋਂ 7 ਪੰਨਿਆਂ ਦਾ ਸੁਸਾਈਡ ਨੋਟ ਮਿਲਿਆ ਹੈ। ਇਸ ਵਿੱਚ ਵਿਦੇਸ਼ ਭੇਜਣ ਦੇ ਨਾਂ ਤੇ 36 ਲੱਖ ਰੁਪਏ ਦੀ ਠੱਗੀ ਦਾ ਦੋਸ਼ ਲਗਾਇਆ ਗਿਆ ਹੈ। ਪੁਲੀਸ ਨੂੰ ਮਿਲੇ ਸੁਸਾਈਡ ਨੋਟ ਵਿੱਚ ਹਾਕਮ ਸਿੰਘ ਨੇ ਦੋਸ਼ ਲਗਾਇਆ ਹੈ ਕਿ ਵਿਦੇਸ਼ ਭੇਜਣ ਵਾਲਾ ਏਜੰਟ ਉਸ ਦੇ ਸਕੂਲ ਦਾ ਸਹਿਪਾਠੀ ਸੀ। ਪੁਰਾਣੀ ਜਾਣ-ਪਛਾਣ ਹੋਣ ਕਰਕੇ ਜੋੜੇ ਨੇ ਉਸ ਤੇ ਭਰੋਸਾ ਕੀਤਾ। ਏਜੰਟ ਨੇ ਦੋਵਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 18-18 ਲੱਖ ਰੁਪਏ ਲਏ। ਇਸ ਤਰ੍ਹਾਂ ਜੋੜੇ ਨੇ ਉਸ ਨੂੰ ਕੁੱਲ 36 ਲੱਖ ਰੁਪਏ ਦਿੱਤੇ। ਹਾਲਾਂਕਿ, ਉਨ੍ਹਾਂ ਨੂੰ ਵਿਦੇਸ਼ ਨਹੀਂ ਭੇਜਿਆ ਗਿਆ ਅਤੇ ਰਕਮ ਵੀ ਵਾਪਸ ਨਹੀਂ ਕੀਤੀ ਗਈ।
ਰਕਮ ਵਾਪਸ ਨਾ ਮਿਲਣ ਕਰਕੇ ਜੋੜਾ ਮਾਨਸਿਕ ਤਣਾਅ ਵਿੱਚ ਸੀ। ਇਸੇ ਦੇ ਚੱਲਦਿਆਂ ਦੋਵਾਂ ਨੇ ਜ਼ੀਰਕਪੁਰ ਸਥਿਤ ਪੀਜੀ ਵਿੱਚ ਕਥਿਤ ਤੌਰ ਤੇ ਸਲਫਾਸ ਖਾ ਲਈ। ਜਿਸ ਤੋਂ ਬਾਅਦ ਦੋਵਾਂ ਦੀ ਹਾਲਤ ਵਿਗੜ ਗਈ। ਗਗਨਦੀਪ ਕੌਰ ਦੀ ਮੌਤ ਹੋ ਗਈ, ਜਦਕਿ ਹਾਕਮ ਸਿੰਘ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਨੇ ਵੀ ਦਮ ਤੋੜ ਦਿੱਤਾ।
Zirakpur-News