ਮੋਹਾਲੀ ਦੀ ਐਰੋਸਿਟੀ ਦੇ 'ਏ' ਬਲਾਕ ਵਿੱਚ ਇੱਕ ਨਿੱਜੀ ਹਸਪਤਾਲ ਦੀ ਇਮਾਰਤ ਦੀ ਉਸਾਰੀ ਦਰਮਿਆਨ ਪੁੱਟੀ ਜਾ ਰਹੀ ਬੇਸਮੈਂਟ ਦੇ ਇੱਕ ਪਾਸੇ ਮਿੱਟੀ ਦੀਆਂ ਢਿੱਗਾਂ ਡਿੱਗਣ ਨਾਲ ਥੱਲੇ ਕੰਮ ਕਰ ਰਹੇ ਦੋ ਮਜ਼ਦੂਰਾਂ ਦੀ ਮੌਤ ਹੋਣ ਦੇ ਮਾਮਲੇ ਵਿੱਚ ਮੁਹਾਲੀ ਪੁਲੀਸ ਵਲੋਂ ਬੀ ਐਨ ਐਸ ਦੀ ਧਾਰਾ 106 ਅਤੇ 125 (ਏ) ਦੇ ਤਹਿਤ ਸਾਈਟ ਇੰਚਾਰਜ ਹਰਿੰਦਰ, ਫੋਰਮੈਨ ਰਾਮ ਬਾਬੂ, ਠੇਕੇਦਾਰ ਰਾਜੇਸ਼ ਚੌਹਾਨ ਅਤੇ ਹੋਰਨਾਂ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।
ਜਿਕਰਯੋਗ ਹੈ ਕਿ ਬੀਤੀ ਦੇਰ ਸ਼ਾਮੀਂ ਐਰੋਸਿਟੀ ਸਿਟੀ ਦੇ ਏ ਬਲਾਕ ਵਿੱਚ ਬਣ ਰਹੀ ਵਧਵਾ ਹਸਪਤਾਲ ਦੀ ਇਮਾਰਤ ਦੀ ਬੇਸਮੈਂਟ ਦੇ ਕੰਮ ਦੌਰਾਨ ਸੜਕ ਵਾਲੇ ਪਾਸੇ ਮਿੱਟੀ ਦੀ ਬਰਮ ਵਾਲੇ ਪਾਸਿਉਂ ਮਿੱਟੀ ਖਿਸਕ ਜਾਣ ਕਾਰਨ ਇੱਕ ਪਾਸੇ ਦੀ ਦੀਵਾਰ ਵੀ ਧਸ ਗਈ ਸੀ। ਜਿਸ ਵੇਲੇ ਇਹ ਹਾਦਸਾ ਵਾਪਰਿਆ ਉਸ ਵੇਲੇ ਉੱਥੇ ਚਾਰ ਮਜਦੂਰ ਸਨ ਜਿਹਨਾਂ ਵਿੱਚੋਂ ਇੱਕ ਬਚ ਕੇ ਨਿਕਲ ਗਿਆ ਜਦੋਂਕਿ ਤਿੰਨ ਵਿੱਚ ਫਸ ਗਏ ਸਨ। ਇਹਨਾਂ ਵਿੱਚੋਂ 2 ਮਜਦੂਰਾਂ ਦੀ ਮੌਤ ਹੋ ਗਈ ਜਦੋਂਕਿ ਇੱਕ ਹਸਪਤਾਲ ਵਿੱਚ ਜੇਰੇ ਇਲਾਜ ਹੈ। ਇਸ ਦੌਰਾਨ ਬਚਾਅ ਕਾਰਜਾਂ ਦੀ ਨਿਗਰਾਨੀ ਕਰ ਰਹੇ ਡੀ ਐਸ ਪੀ ਸਿਟੀ-2 ਹਰਸਿਮਰਨ ਸਿੰਘ ਬੱਲ ਵਲੋਂ ਮਜ਼ਦੂਰਾਂ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਭੇਜਿਆ ਗਿਆ ਸੀ ਜਿੱਥੇ ਬਾਅਦ ਵਿੱਚ ਦੋ ਮਜਦੂਰਾਂ ਦੀ ਮੌਤ ਦੀ ਪੁਸ਼ਟੀ ਹੋਈ ਸੀ। ਡੀ ਐਸ ਪੀ ਸਿਟੀ ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਬੀਤੀ ਦੇਰ ਰਾਤ ਤਕ ਬਚਾਅ ਕਾਰਜ ਜਾਰੀ ਹੈ ਅਤੇ ਕੱਲ ਦੱਬੇ ਮਜਦੂਰਾਂ ਵਿੱਚੋਂ 2 ਮਜਦੂਰਾਂ ਉਦੇਵੀਰ ਅਤੇ ਉਮਿੰਦਰ ਦੀ ਮੌਤ ਹੋ ਗਈ ਜਦੋਂਕਿ ਇੱਕ ਹੋਰ ਮਜਦੂਰ ਅਨੁਜ ਹਸਪਤਾਲ ਵਿੱਚ ਜੇਰੇ ਇਲਾਜ ਹੈ। ਉਹਨਾਂ ਦੱਸਿਆ ਕਿ ਪੁਲੀਸ ਵਲੋਂ ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਕਰਵਾ ਕੇ ਉਹਨਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤਾ ਹੈ। ਅਤੇ ਇਸ ਥਾਂ ਤੇ ਉਸਾਰੀ ਦਾ ਕੰਮ ਕਰਵਾ ਰਹੇ ਵਿਅਕਤੀਆਂ ਅਤੇ ਇਹ ਕੰਮ ਕਰਵਾਉਣ ਵਾਲੀ ਕਨਸੋਟ ਕੰਸਟ੍ਰਕਸ਼ਨ ਕੰਪਨੀ ਦੇ ਪ੍ਰਬੰਧਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।