ਤਿੰਨ ਪਿਸਤੌਲ, 4 ਮੈਗਜ਼ੀਨ ਅਤੇ .30 ਬੋਰ ਦੇ 19 ਜਿੰਦਾ ਕਾਰਤੂਸ ਬਰਾਮਦ
ਚੰਡੀਗੜ੍ਹ 11 ਅਗਸਤ
ਗੁਰਵਿੰਦਰ ਸਿੰਘ
ਚੰਡੀਗੜ੍ਹ ਪੁਲੀਸ ਨੇ 15 ਅਗਸਤ ਦੇ ਮੱਦੇਨਜ਼ਰ ਕੀਤੀ ਜਾ ਰਹੀ ਨਾਕੇਬੰਦੀ ਦੌਰਾਨ ਅੰਤਰਰਾਸ਼ਟਰੀ ਤੇ ਅੰਤਰਰਾਜੀ ਹਥਿਆਰ ਤਸਕਰੀ ਦੇ ਇਕ ਗਰੋਹ ਨਾਲ ਜੁੜੇ ਦੀਪਕ ਨਾਂਦਲ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇਕ ਜਿਗਾਨਾ ਪਿਸਤੌਲ ਸਮੇਤ ਕੁੱਲ ਤਿੰਨ ਪਿਸਤੌਲ, 4 ਮੈਗਜ਼ੀਨ ਅਤੇ .30 ਬੋਰ ਦੇ 19 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਦੇ ਐਸ.ਪੀ. ਆਪ੍ਰੇਸ਼ਨਜ਼ ਗੀਤਾਂਜਲੀ ਖੰਡੇਲਵਾਲ ਨੇ ਦੱਸਿਆ ਕਿ 15 ਅਗਸਤ ਦੇ ਮੱਦੇਨਜ਼ਰ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਗਏ ਹਨ ਅਤੇ ਇਸੇ ਤਹਿਤ ਪੁਲੀਸ ਵਲੋਂ ਨਾਕਾਬੰਦੀ ਕੀਤੀ ਜਾ ਗਈ ਸੀ। ਇਸ ਦੌਰਾਨ ਪੁਲਿਸ ਨੇ ਅਜੇ (19), ਵਾਸੀ ਜੀਂਦ, ਹਰਿਆਣਾ, ਰੋਹਿਤ (18.5), ਵਾਸੀ ਜੀਂਦ ਅਤੇ ਦੇਵ ਨਾਮ ਦੇ ਨੌਜਵਾਨ ਨੂੰ ਕਾਬੂ ਕੀਤਾ। ਪੁੱਛਗਿੱਛ ਦੌਰਾਨ ਸਾਹਮਣੇ ਆਈ ਜਾਣਕਾਰੀ ਦੇ ਆਧਾਰ ਤੇ ਬਾਅਦ ਵਿਚ ਨਿਸ਼ਾਂਤ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਪੁਲੀਸ ਮੁਤਾਬਕ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਬਰਾਮਦ ਕੀਤੇ ਹਥਿਆਰਾਂ ਦੀ ਵਰਤੋਂ ਗੁਰੂਗ੍ਰਾਮ ਵਿਖੇ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਕੀਤੀ ਜਾਣੀ ਸੀ। ਗ੍ਰਿਫ਼ਤਾਰ ਮੁਲਜ਼ਮਾਂ ਵਿਚੋਂ ਨਿਸ਼ਾਂਤ ਸਿੰਘ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਪੁਲੀਸ ਅਨੁਸਾਰ ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦਾ ਕੋਈ ਅਪਰਾਧਿਕ ਪਿਛੋਕੜ ਸਾਹਮਣੇ ਨਹੀਂ ਆਇਆ। ਪੁਲੀਸ ਵਲੋਂ ਇਹ ਪਤਾ ਲਗਾਉਣ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਹਥਿਆਰ ਕਿਥੋਂ ਲਿਆਂਦੇ ਗਏ ਸਨ ਅਤੇ ਇਸ ਗਰੋਹ ਨਾਲ ਹੋਰ ਕਿਹੜੇ ਵਿਅਕਤੀ ਜੁੜੇ ਹੋਏ ਹਨ। ਇਸ ਸੰਬੰਧੀ ਥਾਣਾ ਸੈਕਟਰ-31 ਵਿਖੇ ਐਫ. ਆਈ. ਆਰ. ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।