ਸਵਪਨ ਸ਼ਰਮਾ, ਆਈ.ਪੀ.ਐਸ., ਕਮਿਸ਼ਨਰ ਪੁਲਿਸ, ਲੁਧਿਆਣਾ, ਸ਼੍ਰੀ ਦੇਵ ਸਿੰਘ, ਪੀ.ਪੀ.ਐਸ., ਵਧੀਕ ਡਿਪਟੀ ਕਮਿਸ਼ਨਰ ਪੁਲਿਸ (ਜ਼ੋਨ-3) ਅਤੇ ਸ਼੍ਰੀ ਸਰਬਜੀਤ ਸਿੰਘ ਚੀਮਾ, ਪੀ.ਪੀ.ਐਸ., ਸਹਾਇਕ ਕਮਿਸ਼ਨਰ ਪੁਲਿਸ (ਸਿਵਲ ਲਾਈਨ) ਦੀ ਅਗਵਾਈ ਹੇਠ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਅਤੇ ਨਾਜਾਇਜ਼ ਅਸਲਾ ਰੱਖਣ ਵਾਲੇ ਅਪਰਾਧੀਆਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਡਵੀਜ਼ਨ ਨੰਬਰ-5 ਲੁਧਿਆਣਾ ਦੀ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ।
ਸਬ ਇੰਸਪੈਕਟਰ ਹਮਰਾਜ ਸਿੰਘ ਚੀਮਾ, ਮੁੱਖ ਅਫ਼ਸਰ ਥਾਣਾ ਡਵੀਜ਼ਨ ਨੰਬਰ-5 ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਡੋਨੀ ਬੱਲ–ਅਰਸ਼ ਬੱਗਾ ਗੈਂਗ ਦੇ ਦੋ ਸਰਗਰਮ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 2 ਨਾਜਾਇਜ਼ ਪਿਸਟਲ .30 ਬੋਰ, 9 ਜ਼ਿੰਦਾ ਰੌਂਦ ਅਤੇ ਇੱਕ ਪਲਟੀਨਾ ਮੋਟਰਸਾਈਕਲ ਬਰਾਮਦ ਕੀਤਾ ਹੈ।
ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਡੋਨੀ ਬੱਲ ਅਤੇ ਅਰਸ਼ ਬੱਗਾ, ਜੋ ਵਿਦੇਸ਼ਾਂ ਵਿੱਚ ਬੈਠ ਕੇ ਆਪਣਾ ਅਪਰਾਧਿਕ ਗੈਂਗ ਚਲਾ ਰਹੇ ਹਨ, ਆਪਣੇ ਸਾਥੀਆਂ ਰਾਹੀਂ ਪੰਜਾਬ ਅਤੇ ਹੋਰ ਰਾਜਾਂ ਵਿੱਚ ਫਿਰੌਤੀ, ਲੁੱਟ-ਖੋਹ ਅਤੇ ਹੋਰ ਗੰਭੀਰ ਵਾਰਦਾਤਾਂ ਨੂੰ ਅੰਜਾਮ ਦਿਵਾ ਰਹੇ ਹਨ। ਸੂਚਨਾ ਅਨੁਸਾਰ ਗੈਂਗ ਦੇ ਸਰਗਰਮ ਮੈਂਬਰ ਸੁਖਵਿੰਦਰ ਸਿੰਘ ਉਰਫ਼ ਨੀਲਾ ਅਤੇ ਰਾਜਵੀਰ ਸਿੰਘ ਉਰਫ਼ ਰਾਜੀ ਕਿਸੇ ਵੱਡੇ ਕਾਰੋਬਾਰੀ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ।
ਇਸ ਸੂਚਨਾ ਦੇ ਆਧਾਰ 'ਤੇ ਥਾਣਾ ਡਵੀਜ਼ਨ ਨੰਬਰ-5 ਵਿਖੇ ਮੁਕੱਦਮਾ ਨੰਬਰ 164 ਮਿਤੀ 16-06-2026 ਅਧੀਨ ਧਾਰਾ 111(1), 111(2), 351(3), 308(2) ਬੀ.ਐਨ.ਐਸ. ਅਤੇ 25/54/59 ਆਰਮਜ਼ ਐਕਟ ਤਹਿਤ ਕੇਸ ਦਰਜ ਕਰਕੇ ਕਾਰਵਾਈ ਕੀਤੀ ਗਈ।
ਕਾਰਵਾਈ ਦੌਰਾਨ 16 ਜੂਨ 2026 ਨੂੰ ਦੋਸ਼ੀ ਸੁਖਵਿੰਦਰ ਸਿੰਘ ਉਰਫ਼ ਨੀਲਾ ਨੂੰ ਕਲੋਨੀ ਨੰਬਰ-6, ਬੱਸ ਸਟੈਂਡ ਦੇ ਪਿਛਲੇ ਪਾਸੇ ਤੋਂ ਗ੍ਰਿਫ਼ਤਾਰ ਕਰਕੇ ਉਸਦੇ ਕਬਜ਼ੇ ਵਿੱਚੋਂ ਇੱਕ .30 ਬੋਰ ਦੇਸੀ ਪਿਸਟਲ ਅਤੇ 3 ਜ਼ਿੰਦਾ ਰੌਂਦ ਬਰਾਮਦ ਕੀਤੇ ਗਏ।
ਉਪਰੰਤ 19 ਜੂਨ 2026 ਨੂੰ ਦੋਸ਼ੀ ਦੀ ਪੁੱਛਗਿੱਛ ਅਤੇ ਮੁਖਬਰੀ ਦੇ ਆਧਾਰ 'ਤੇ ਗੈਂਗ ਦੇ ਦੂਜੇ ਮੈਂਬਰ ਰਾਜਵੀਰ ਸਿੰਘ ਉਰਫ਼ ਰਾਜੀ ਨੂੰ ਇਯਾਲੀ ਚੌਂਕ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਸਦੇ ਕਬਜ਼ੇ ਵਿੱਚੋਂ ਇੱਕ .30 ਬੋਰ ਦੇਸੀ ਪਿਸਟਲ, 6 ਜ਼ਿੰਦਾ ਰੌਂਦ ਅਤੇ ਇੱਕ ਪਲਟੀਨਾ ਮੋਟਰਸਾਈਕਲ ਨੰਬਰ PB-10-EE-1972 ਬਰਾਮਦ ਕੀਤਾ ਗਿਆ।
ਮੁੱਢਲੀ ਪੁੱਛਗਿੱਛ ਤੋਂ ਸਾਹਮਣੇ ਆਇਆ ਹੈ ਕਿ ਦੋਵੇਂ ਮੁਲਜ਼ਮ ਨਸ਼ੇ ਦੇ ਆਦੀ ਹਨ ਅਤੇ ਡੋਨੀ ਬੱਲ ਗੈਂਗ ਨਾਲ ਜੁੜ ਕੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਸਨ। ਦੋਵਾਂ ਖ਼ਿਲਾਫ਼ ਪਹਿਲਾਂ ਵੀ ਲੁੱਟ-ਖੋਹ ਅਤੇ ਹੋਰ ਅਪਰਾਧਿਕ ਮਾਮਲੇ ਦਰਜ ਹਨ।
ਪੁਲਿਸ ਵੱਲੋਂ ਦੋਸ਼ੀਆਂ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।