ਨਸ਼ਾ ਛਡਾਉਣ ਦੇ ਨਾਂ ’ਤੇ ਲੋਕਾਂ ਨੂੰ ਬਿਨਾਂ ਮਨਜ਼ੂਰੀ ਰੱਖਿਆ • ਸਿਹਤ ਵਿਭਾਗ ਤੇ ਪੁਲਿਸ ਦੀ ਸਾਂਝੀ ਕਾਰਵਾਈ ਨਾਲ ਸੈਂਟਰ ਬੰਦ
ਜਗਰਾਉਂ, 6 ਅਪ੍ਰੈਲ (ਦਵਿੰਦਰ ਜੈਨ, ਫੋਟੋਗ੍ਰਾਫ: ਅਸ਼ਵਨੀ ਸ਼ਰਮਾ)ਜਗਰਾਉਂ ਦੇ ਨਜਦੀਕ ਹਠੂਰ ਇਲਾਕੇ ਵਿੱਚ ਸਿਹਤ ਵਿਭਾਗ ਅਤੇ ਪੁਲਿਸ ਦੀ ਸਾਂਝੀ ਟੀਮ ਵੱਲੋਂ ਪਿੰਡ ਝੋਰੜਾ ਵਿੱਚ ਚੱਲ ਰਹੇ ਗੈਰ-ਅਧਿਕਾਰਤ ਰਿਹੈਬ ਸੈਂਟਰ ’ਤੇ ਛਾਪਾ ਮਾਰ ਕੇ 22 ਵਿਅਕਤੀਆਂ ਨੂੰ ਬਚਾਇਆ ਗਿਆ।
ਜਾਣਕਾਰੀ ਅਨੁਸਾਰ 5 ਅਪ੍ਰੈਲ 2026 ਨੂੰ ਡਿਪਟੀ ਮੈਡੀਕਲ ਕਮਿਸ਼ਨਰ ਲੁਧਿਆਣਾ ਦੇ ਹੁਕਮਾਂ ਅਨੁਸਾਰ ਡੀਐਸਪੀ ਹਰਜਿੰਦਰ ਸਿੰਘ ਦੀ ਅਗਵਾਈ ਹੇਠ ਮੈਡੀਕਲ ਅਤੇ ਪੁਲਿਸ ਟੀਮ ਦਾ ਗਠਨ ਕੀਤਾ ਗਿਆ ਸੀ। ਸਾਂਝੀ ਟੀਮ ਵੱਲੋਂ ਪਿੰਡ ਝੋਰੜਾ, ਤਹਿਸੀਲ ਰਾਏਕੋਟ ਦੇ ਮਾਣੂਕੇ ਰੋਡ ’ਤੇ ਸਥਿਤ ਇੱਕ ਮਕਾਨ ਦੀ ਚੈਕਿੰਗ ਕੀਤੀ ਗਈ, ਜਿੱਥੇ ਬਿਨਾਂ ਸਰਕਾਰੀ ਮਨਜ਼ੂਰੀ ਦੇ ਰਿਹੈਬ ਸੈਂਟਰ ਚੱਲ ਰਿਹਾ ਸੀ।
ਚੈਕਿੰਗ ਦੌਰਾਨ ਮੌਕੇ ’ਤੇ 22 ਵਿਅਕਤੀ ਮੌਜੂਦ ਮਿਲੇ। ਇਸ ਦੌਰਾਨ ਸਿਮਰਨਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਗੋਦਵਾਲ ਨੂੰ ਸੈਂਟਰ ਦਾ ਇੰਚਾਰਜ ਪਾਇਆ ਗਿਆ, ਜੋ ਕੋਈ ਵੀ ਅਧਿਕਾਰਤ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਸੈਂਟਰ ਵਿੱਚ ਕੋਈ ਯੋਗ ਸਾਇਕਿਆਟ੍ਰਿਸਟ ਜਾਂ ਸਾਇਕੋਲੋਜਿਸਟ ਵੀ ਤਾਇਨਾਤ ਨਹੀਂ ਸੀ।
ਟੀਮ ਵੱਲੋਂ ਮੌਕੇ ਤੋਂ Cefaclass 200, Butorphanol ਇੰਜੈਕਸ਼ਨ, Methylprednisolone ਗੋਲੀਆਂ, Orthodex MR ਅਤੇ Povifresh ਪਾਊਡਰ ਵਰਗੀਆਂ ਵੱਖ-ਵੱਖ ਦਵਾਈਆਂ ਬਰਾਮਦ ਕਰਕੇ ਪੁਲਿਸ ਦੇ ਹਵਾਲੇ ਕੀਤੀਆਂ ਗਈਆਂ। ਪ੍ਰਾਰੰਭਿਕ ਜਾਂਚ ਮੁਤਾਬਕ ਇਹ ਦਵਾਈਆਂ ਐਨ.ਡੀ.ਪੀ.ਐਸ ਐਕਟ ਵਿੱਚ ਸ਼ਾਮਲ ਨਹੀਂ ਹਨ, ਹਾਲਾਂਕਿ ਟੈਕਨੀਕਲ ਰਿਪੋਰਟ ਤੋਂ ਬਾਅਦ ਹੋਰ ਕਾਰਵਾਈ ਕੀਤੀ ਜਾਵੇਗੀ।
ਪੁਲਿਸ ਵੱਲੋਂ ਬਰਾਮਦ ਦਵਾਈਆਂ ਨੂੰ ਸੀਲ ਕਰਕੇ ਕਬਜ਼ੇ ਵਿੱਚ ਲਿਆ ਗਿਆ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਇੰਚਾਰਜ ਵੱਲੋਂ ਉਕਤ ਵਿਅਕਤੀਆਂ ਨੂੰ ਨਸ਼ਾ ਛਡਾਉਣ ਦੇ ਨਾਂ ’ਤੇ ਗੈਰਕਾਨੂੰਨੀ ਤਰੀਕੇ ਨਾਲ ਰੱਖਿਆ ਗਿਆ ਸੀ।
ਇਸ ਸਬੰਧ ਵਿੱਚ ਪੁਲਿਸ ਨੇ ਦੋਸ਼ੀ ਖ਼ਿਲਾਫ਼ ਧਾਰਾ 318(4) ਅਤੇ 127(2) ਬੀਐਨਐਸ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।