ਮੋਹਾਲੀ ‘ਚ ਜੱਜ ਦਾ ਘਰ ਵੀ ਨਾ ਬਚਿਆ! ਚੋਰਾਂ ਨੇ ਕੀਤਾ ਪੂਰਾ ਘਰ ਖਾਲੀ
Mar23,2026
| Gurvinder Singh Mohali | Mohali
ਪਿਛਲੇ ਦਰਵਾਜ਼ੇ ਰਾਹੀਂ ਦਾਖਲ ਹੋ ਕੇ ਕੀਮਤੀ ਸਮਾਨ ਨਾਲ
ਪਿੱਤਲ ਦੀ ਮੂਰਤੀ ਤੇ ਬਾਥਰੂਮ ਫਿਟਿੰਗ ਤੱਕ ਲੈ ਗਏ; ਪੁਲਿਸ ਸੀਸੀਟੀਵੀ ਖੰਗਾਲ ਰਹੀ
ਮੋਹਾਲੀ, 23 ਮਾਰਚ
ਗੁਰਵਿੰਦਰ ਸਿੰਘ
ਮੋਹਾਲੀ ਦੇ ਸੈਕਟਰ-94 ’ਚ ਇਕ ਜੱਜ ਦੇ ਘਰ ’ਚ ਚੋਰੀ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਚੋਰਾਂ ਨੇ ਘਰ ਨੂੰ ਉਸ ਵੇਲੇ ਨਿਸ਼ਾਨਾ ਬਣਾਇਆ ਜਦੋਂ ਪਰਿਵਾਰ ਡਿਊਟੀ ਦੇ ਸਿਲਸਿਲੇ ’ਚ ਬਾਹਰ ਗਿਆ ਹੋਇਆ ਸੀ। ਸ਼ਿਕਾਇਤਕਰਤਾ ਦੇ ਮੁਤਾਬਕ ਉਹ 5 ਮਾਰਚ ਨੂੰ ਘਰ ਨੂੰ ਤਾਲਾ ਲਗਾ ਕੇ ਬਾਹਰ ਗਏ ਸਨ।
20 ਮਾਰਚ ਦੀ ਰਾਤ ਕਰੀਬ 8:30 ਵਜੇ ਜਦੋਂ ਉਹ ਵਾਪਸ ਆਏ ਤਾਂ ਘਰ ਦਾ ਮੁੱਖ ਦਰਵਾਜ਼ਾ ਖੁੱਲ੍ਹਾ ਮਿਲਿਆ। ਅੰਦਰ ਦਾਖਲ ਹੋਣ ’ਤੇ ਸਾਰੇ ਕਮਰੇ ਦਾ ਸਾਮਾਨ ਉਥਲ-ਪੁਥਲ ਸਨ ਅਤੇ ਅਲਮਾਰੀਆਂ ਦਾ ਸਮਾਨ ਬਿਖਰਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਘਰ ਦੇ ਜਿੰਦਰੇ ਟੁੱਟੇ ਹੋਏ ਸਨ ਅਤੇ ਸਾਰੀਆਂ ਲਾਈਟਾਂ ਬਲ਼ ਰਹੀਆਂ ਸਨ, ਜਿਸ ਨਾਲ ਇਹ ਸੰਕੇਤ ਮਿਲਦਾ ਹੈ ਕਿ ਚੋਰਾਂ ਨੇ ਆਰਾਮ ਨਾਲ ਸਮਾਂ ਲੈ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਚੋਰ ਪਿਛਲੇ ਦਰਵਾਜ਼ੇ ਰਾਹੀਂ ਘਰ ’ਚ ਦਾਖਲ ਹੋਏ। ਚੋਰਾਂ ਨੇ ਕੀਮਤੀ ਸਮਾਨ ਦੇ ਨਾਲ-ਨਾਲ ਪੀਤਲ ਦੀ ਸ਼੍ਰੀ ਕ੍ਰਿਸ਼ਨ ਮੂਰਤੀ, ਪਿਤਲ ਦੇ ਬਰਤਨ ਅਤੇ ਇੱਥੋਂ ਤੱਕ ਕਿ ਬਾਥਰੂਮ ਦੇ ਨਲ ਤੇ ਫਿਟਿੰਗ ਵੀ ਪੁੱਟ ਕੇ ਲੈ ਗਏ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਮੁਲਜ਼ਮਾਂ ਨੇ ਯੋਜਨਾਬੱਧ ਢੰਗ ਨਾਲ ਘਰ ਦੇ ਹਰ ਕੋਨੇ ਦੀ ਤਲਾਸ਼ੀ ਲਈ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਦੋਸ਼ੀਆਂ ਦੀ ਪਛਾਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
Theft-News-Mohali