ਕਤਲ ਕਰਨ ਦੀ ਸਾਜ਼ਿਸ਼ ਕਰਨ ਵਾਲੇ ਪਿਸਤੌਲ ਸਮੇਤ ਤਿੰਨ ਦੋਸ਼ੀ ਗ੍ਰਿਫ਼ਤਾਰ
Mar12,2026
| Jagrati Lahar Bureau | Malerkotla
* ਸੋਸ਼ਲ ਮੀਡੀਆ ਰਾਹੀਂ ਕੱਟੜਪੰਥੀ ਵਿਚਾਰਧਾਰਾ ਫੈਲਾਉਣ ਦੀ ਕੋਸ਼ਿਸ਼ ਨਾਕਾਮ
* ਪੁਲਿਸ ਵੱਲੋਂ ਹਥਿਆਰ ਅਤੇ ਮੋਬਾਇਲ ਫੋਨ ਬਰਾਮਦ, ਜਾਂਚ ਜਾਰੀ
ਮਾਲੇਰਕੋਟਲਾ, 12 ਮਾਰਚ –
ਸੀਨੀਅਰ ਕਪਤਾਨ ਪੁਲਿਸ ਗਗਨ ਅਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਕਪਤਾਨ ਪੁਲਿਸ ਗੁਰਸ਼ਰਨਜੀਤ ਸਿੰਘ ਸੰਧੂ ਦੀ ਉਪ ਕਪਤਾਨ ਪੁਲਿਸ ਡੀ ਐੱਸ ਪੀ ਹੈੱਡਕੁਆਟਰ ਬਿਕਰਮਜੀਤ ਸਿੰਘ ਘੁੰਮਣ ਦੀ ਅਗਵਾਈ ਹੇਠ ਮਾੜੇ ਅਨਸਰਾਂ ਖ਼ਿਲਾਫ਼ ਕਾਰਵਾਈ ਲਈ ਸਾਇਬਰ ਕਰਾਈਮ ਦੀ ਟੀਮ ਦਾ ਗਠਨ ਕੀਤਾ ਗਿਆ। ਇਸ ਟੀਮ ਵਿੱਚ ਇੰਚਾਰਜ ਸੀ.ਆਈ.ਏ. ਮਾਹੋਰਾਣਾ ਇੰਸਪੈਕਟਰ ਹਰਜਿੰਦਰ ਸਿੰਘ ਅਤੇ ਮੁੱਖ ਅਫ਼ਸਰ ਥਾਣਾ ਸਾਇਬਰ ਕਰਾਈਮ ਇੰਸਪੈਕਟਰ ਮਨਜੋਤ ਸਿੰਘ ਸ਼ਾਮਲ ਸਨ।
ਐਸ.ਐਸ.ਪੀ ਨੇ ਦੱਸਿਆ ਕਿ ਪੁਲਿਸ ਨੂੰ ਮਿਲੀ ਮੁਖਬਰੀ ਦੇ ਆਧਾਰ ’ਤੇ ਥਾਣਾ ਸਾਇਬਰ ਕਰਾਈਮ ਮਾਲੇਰਕੋਟਲਾ ਵਿਖੇ 351(3), 351(4), 109, 152, 196, 353, 61(2), 62 ਭਾਰਤੀ ਨਿਆ ਸੰਹਿਤਾ ਅਤੇ 25/54/59 ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਜਾਂਚ ਦੌਰਾਨ ਦੋਸ਼ੀ ਫਰਹਾਨ ਅੰਜੁਮ ਪੁੱਤਰ ਇਰਫਾਨ ਅੰਜੁਮ ਵਾਸੀ ਮੁਹੱਲਾ ਲੁਹਾਰਾ, ਮਾਲੇਰਕੋਟਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਦੋਸ਼ੀ ਨੇ ਦੱਸਿਆ ਕਿ ਉਹ ਸੋਸ਼ਲ ਮੀਡੀਆ ’ਤੇ ਕੁਝ ਵਿਦੇਸ਼ੀ ਵਿਅਕਤੀਆਂ ਦੀਆਂ ਵੀਡੀਓਜ਼ ਦੇ ਪ੍ਰਭਾਵ ਹੇਠ ਆ ਕੇ ਕੱਟੜਪੰਥੀ ਵਿਚਾਰਧਾਰਾ ਵੱਲ ਝੁਕ ਗਿਆ ਸੀ ਅਤੇ ਕੁਝ ਵਿਅਕਤੀਆਂ ਨੂੰ ਨੁਕਸਾਨ ਪਹੁੰਚਾਉਣ ਦੀ ਯੋਜਨਾ ਬਣਾਈ ਜਾ ਰਹੀ ਸੀ।
ਜਾਂਚ ਦੌਰਾਨ ਅਦਨਾਨ ਖਾਨ ਉਰਫ਼ ਨੱਨੂ ਅਤੇ ਵਾਰਿਸ ਅਲੀ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ। ਦੋਸ਼ੀ ਵਾਰਿਸ ਅਲੀ ਪਾਸੋਂ ਇੱਕ 32 ਬੋਰ ਦੇਸੀ ਪਿਸਟਲ ਸਮੇਤ ਤਿੰਨ ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ, ਜਦਕਿ ਮਾਮਲੇ ਨਾਲ ਸੰਬੰਧਿਤ ਚਾਰ ਮੋਬਾਇਲ ਫੋਨ ਵੀ ਕਬਜ਼ੇ ਵਿੱਚ ਲਏ ਗਏ ਹਨ।
ਪੁਲਿਸ ਅਧਿਕਾਰੀਆਂ ਮੁਤਾਬਕ ਜ਼ਬਤ ਕੀਤੇ ਮੋਬਾਇਲ ਫੋਨਾਂ ਦੀ ਟੈਕਨੀਕਲ ਜਾਂਚ ਜਾਰੀ ਹੈ ਅਤੇ ਤਫ਼ਤੀਸ਼ ਦੌਰਾਨ ਹੋਰ ਅਹਿਮ ਤੱਥ ਸਾਹਮਣੇ ਆਉਣ ਦੀ ਸੰਭਾਵਨਾ ਹੈ। ਜ਼ਿਲ੍ਹਾ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ।
Malerkotla-Police-Arrested-Accused-