ਗੈਂਗਸਟਰ ਪ੍ਰਿੰਸ ਠੀਕਰੀਵਾਲ ਦੇ ਕਹਿਣ ‘ਤੇ ਕੋਠੀ ਅਤੇ ਗੱਡੀ ‘ਤੇ 11 ਗੋਲੀਆਂ ਚਲਾਈਆਂ, 5 ਕਰੋੜ ਦੀ ਫਰੌਤੀ ਮੰਗੀ
ਮੋਹਾਲੀ, 11 ਮਾਰਚ (ਗੁਰਵਿੰਦਰ ਸਿੰਘ):
ਮੋਹਾਲੀ ਪੁਲਿਸ ਨੇ ਸੈਕਟਰ-89 ਵਿੱਚ ਕੋਠੀ ਨੰਬਰ 138 ‘ਤੇ ਹੋਈ ਫਾਇਰਿੰਗ ਦੇ ਮਾਮਲੇ ਵਿੱਚ 3 ਸ਼ੂਟਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਇਹ ਫਾਇਰਿੰਗ ਗੈਂਗਸਟਰ ਪ੍ਰਿੰਸ ਠੀਕਰੀਵਾਲ ਅਤੇ ਭਵਜੋਤ ਸਿੰਘ ਭਵੀ ਦੇ ਕਹਿਣ ‘ਤੇ ਕੀਤੀ ਗਈ ਸੀ।
ਪੁਲਿਸ ਮੁਤਾਬਕ 17/18 ਫਰਵਰੀ ਦੀ ਰਾਤ ਗੁਰਜੋਤ ਸਿੰਘ ਦੇ ਘਰ ਅਤੇ ਬਾਹਰ ਖੜੀ ਮਰਸਡੀਜ਼ ਜੀ-ਵੇਗਨ ਗੱਡੀ ‘ਤੇ 11 ਗੋਲੀਆਂ ਚਲਾਈਆਂ ਗਈਆਂ ਸਨ। ਇਸ ਤੋਂ ਬਾਅਦ ਦੋਸ਼ੀਆਂ ਵੱਲੋਂ ਫਾਇਰਿੰਗ ਦੀ ਬਣਾਈ ਵੀਡੀਓ ਭੇਜ ਕੇ 5 ਕਰੋੜ ਰੁਪਏ ਦੀ ਫਰੌਤੀ ਮੰਗੀ ਗਈ ਸੀ। ਇਸ ਸਬੰਧੀ ਥਾਣਾ ਸੋਹਾਣਾ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ।
ਗ੍ਰਿਫਤਾਰ ਦੋਸ਼ੀਆਂ ਦੀ ਪਛਾਣ ਰਿਸ਼ਵ (28) ਵਾਸੀ ਖੰਨਾ, ਸੁਖਵਿੰਦਰ ਸਿੰਘ ਉਰਫ ਸੁੱਖ (29) ਵਾਸੀ ਪਿੰਡ ਇਕਲਾਹਾ ਅਤੇ ਸੁਖਮਨਪ੍ਰੀਤ ਸਿੰਘ ਉਰਫ ਸੁੱਖੂ (19) ਵਾਸੀ ਪਿੰਡ ਜਰਗੜੀ ਵਜੋਂ ਹੋਈ ਹੈ। ਪੁਲਿਸ ਨੇ ਦੋਸ਼ੀਆਂ ਪਾਸੋਂ ਵਾਰਦਾਤ ਵਿੱਚ ਵਰਤਿਆ ਗਿਆ ਸਪਲੈਂਡਰ ਮੋਟਰਸਾਈਕਲ ਅਤੇ ਆਈਫੋਨ 12 ਮਿਨੀ ਮੋਬਾਇਲ ਫੋਨ ਬਰਾਮਦ ਕੀਤਾ ਹੈ, ਜਿਸ ਨਾਲ ਫਾਇਰਿੰਗ ਦੀ ਵੀਡੀਓ ਬਣਾਈ ਗਈ ਸੀ।
ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਵਾਰਦਾਤ ਸਮੇਂ ਰਿਸ਼ਵ ਮੋਟਰਸਾਈਕਲ ਚਲਾ ਰਿਹਾ ਸੀ ਜਦਕਿ ਸੁਖਮਨਪ੍ਰੀਤ ਸਿੰਘ ਨੇ ਗੋਲੀਆਂ ਚਲਾਈਆਂ। ਪੁਲਿਸ ਮੁਤਾਬਕ ਦੋਸ਼ੀਆਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮੱਧ ਪ੍ਰਦੇਸ਼ ਤੋਂ ਹਥਿਆਰ ਅਤੇ ਗੋਲਾਬਾਰੂਦ ਵੀ ਮੰਗਵਾਇਆ ਸੀ। ਦੋਸ਼ੀ ਇਸ ਵੇਲੇ ਪੁਲਿਸ ਰਿਮਾਂਡ ‘ਤੇ ਹਨ ਅਤੇ ਹੋਰ ਸਾਥੀਆਂ ਦੀ ਤਲਾਸ਼ ਜਾਰੀ ਹੈ।