ਮੋਹਾਲੀ ਕੋਰਟ ਬਾਹਰ ਕਤਲ ਕੇਸ: ਮੁੱਖ ਸ਼ੂਟਰ ਗ੍ਰਿਫ਼ਤਾਰ, ਭਰਾ ਵੀ ਕਾਬੂ
Feb28,2026
| Gurvinder Singh | Mohali
ਮੋਹਾਲੀ, 28 ਫ਼ਰਵਰੀ (ਗੁਰਵਿੰਦਰ ਸਿੰਘ)__
ਮੋਹਾਲੀ ਪੁਲਿਸ ਨੇ 28 ਜਨਵਰੀ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ ਦੇ ਬਾਹਰ ਪੇਸ਼ੀ ਭੁਗਤ ਕੇ ਵਾਪਸ ਆ ਰਹੇ ਗੁਰਵਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਵੱਡੀ ਸਫਲਤਾ ਹਾਸਲ ਕਰਦੇ ਹੋਏ ਦੋ ਸ਼ੂਟਰਾਂ ਵਿੱਚੋਂ ਇੱਕ ਮੁੱਖ ਦੋਸ਼ੀ ਗੌਰਵ ਉਰਫ਼ ਬਾਵਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਉਸ ਨੂੰ ਪਨਾਹ ਦੇਣ ਦੇ ਦੋਸ਼ ਵਿੱਚ ਉਸਦੇ ਵੱਡੇ ਭਰਾ ਪ੍ਰਿੰਸ ਨੂੰ ਵੀ ਕਾਬੂ ਕੀਤਾ ਹੈ।
ਐਸ.ਐਸ.ਪੀ. ਹਰਮਨਦੀਪ ਸਿੰਘ ਹਾਂਸ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪਹਿਲਾਂ ਹੀ ਬਲਤੇਜ ਸਿੰਘ ਉਰਫ਼ ਬੰਟੀ (ਜ਼ਿਲ੍ਹਾ ਫਰੀਦਕੋਟ) ਅਤੇ ਮੰਗਤ ਸਿੰਘ ਉਰਫ਼ ਮੈਕਸ (ਜ਼ਿਲ੍ਹਾ ਫਾਜ਼ਿਲਕਾ) ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ। ਹੁਣ ਕੁੱਲ ਗ੍ਰਿਫ਼ਤਾਰ ਦੋਸ਼ੀਆਂ ਦੀ ਗਿਣਤੀ ਚਾਰ ਹੋ ਗਈ ਹੈ, ਜਦਕਿ ਇਕ ਹੋਰ ਸ਼ੂਟਰ ਦੀ ਤਲਾਸ਼ ਜਾਰੀ ਹੈ।
ਪੁਲਿਸ ਮੁਤਾਬਕ, ਮਿਤੀ 28-01-2026 ਨੂੰ ਅਮਰਦੀਪ ਕੌਰ ਦੇ ਬਿਆਨਾਂ ਦੇ ਆਧਾਰ ‘ਤੇ ਗੈਂਗਸਟਰ ਗੋਲਡੀ ਬਰਾੜ ਅਤੇ ਦੋ ਅਣਪਛਾਤੇ ਵਿਅਕਤੀਆਂ ਵਿਰੁੱਧ ਥਾਣਾ ਸੋਹਾਣਾ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਸੀ। ਦੋਸ਼ ਹੈ ਕਿ ਪੇਸ਼ੀ ਤੋਂ ਵਾਪਸੀ ਦੌਰਾਨ ਦੋ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਗੁਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਗੌਰਵ ਉਰਫ਼ ਬਾਵਾ ਵਿਦੇਸ਼ ਵਿੱਚ ਬੈਠੇ ਗੈਂਗਸਟਰ ਗੋਲਡੀ ਬਰਾੜ ਅਤੇ ਉਸਦੇ ਸਾਥੀਆਂ ਦੇ ਸੰਪਰਕ ਵਿੱਚ ਸੀ ਅਤੇ ਇਕ ਹੋਰ ਦੋਸ਼ੀ ਨਾਲ ਮਿਲਕੇ ਵਾਰਦਾਤ ਨੂੰ ਅੰਜਾਮ ਦਿੱਤਾ। ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਅਤੇ ਵਾਰਦਾਤ ਵਿੱਚ ਵਰਤੇ ਹਥਿਆਰਾਂ ਬਾਰੇ ਪੁੱਛਗਿੱਛ ਜਾਰੀ ਹੈ।
ਇਸ ਤੋਂ ਇਲਾਵਾ, ਗੌਰਵ ਦਾ ਭਰਾ ਪ੍ਰਿੰਸ, ਜੋ ਪਹਿਲਾਂ ਤੋਂ ਇਕ ਕਤਲ ਕੇਸ ਵਿੱਚ ਭਗੌੜਾ ਚੱਲ ਰਿਹਾ ਸੀ, ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਬਾਕੀ ਰਹਿੰਦੇ ਸ਼ੂਟਰ ਦੀ ਗ੍ਰਿਫ਼ਤਾਰੀ ਲਈ ਛਾਪੇਮਾਰ ਕਾਰਵਾਈ ਜਾਰੀ ਹੈ।
Mohali-Police-Arrested-Accused-