*ਗਾਂਧੀ ਲਾਟਰੀ ਦੇ ਨਾਮ ’ਤੇ ਸਾਈਬਰ ਧੋਖਾਧੜੀ ਕਰਨ ਵਾਲਾ ਦੋਸ਼ੀ ਕਾਬੂ*
Feb24,2026
| Paras Dania | Ludhiana
ਸਵੱਪਨ ਸ਼ਰਮਾ, ਆਈ.ਪੀ.ਐਸ., ਕਮਿਸ਼ਨਰ ਪੁਲਿਸ ਲੁਧਿਆਣਾ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਪੁਲਿਸ ਸ਼੍ਰੀ ਹਰਪਾਲ ਸਿੰਘ, ਪੀ.ਪੀ.ਐਸ. ਦੀ ਨਿਗਰਾਨੀ ਹੇਠ, ਸ਼੍ਰੀ ਵੈਭਵ ਸਹਿਗਲ, ਪੀ.ਪੀ.ਐਸ., ਵਧੀਕ ਡਿਪਟੀ ਕਮਿਸ਼ਨਰ ਪੁਲਿਸ (ਸਥਾਨਕ) ਅਤੇ ਸ਼੍ਰੀ ਮੁਰਾਦ ਜਸਵੀਰ ਸਿੰਘ ਗਿੱਲ, ਪੀ.ਪੀ.ਐਸ., ਸਹਾਇਕ ਕਮਿਸ਼ਨਰ ਪੁਲਿਸ, ਸਾਈਬਰ ਕ੍ਰਾਈਮ, ਲੁਧਿਆਣਾ ਦੀ ਅਗਵਾਈ ਹੇਠ ਥਾਣਾ ਸਾਈਬਰ ਕ੍ਰਾਈਮ ਲੁਧਿਆਣਾ ਦੀ ਟੀਮ ਵੱਲੋਂ ਮਿਤੀ 19-02-2026 ਨੂੰ ਮੁਕੱਦਮਾ ਨੰਬਰ 13/2026 ਤਹਿਤ ਕਾਰਵਾਈ ਕਰਦਿਆਂ ਦੋਸ਼ੀ ਪ੍ਰਭਾਤ ਕੁਮਾਰ ਵਾਸੀ ਬਿਹਾਰ ਨੂੰ ਨਵਾਦਾ, ਪੂਰਨੀਆ ਅਤੇ ਪਟਨਾ (ਬਿਹਾਰ) ਵਿਖੇ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰਕੇ ਗ੍ਰਿਫਤਾਰ ਕੀਤਾ ਗਿਆ। ਉਕਤ ਮੁਕੱਦਮਾ ਮੁੱਦਈ ਮੁਕੱਦਮਾ ਨੂੰ ਪੰਜ ਲੱਖ ਰੁਪਏ ਦੀ ਲਾਟਰੀ ਜਿੱਤਣ ਦਾ ਝਾਂਸਾ ਦੇ ਕੇ ਕੀਤੀ ਗਈ ਸਾਈਬਰ ਧੋਖਾਧੜੀ ਸਬੰਧੀ ਦਰਜ ਕੀਤਾ ਗਿਆ ਸੀ।
ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਆਪਣੇ ਸਾਥੀਆਂ ਨਾਲ ਮਿਲ ਕੇ “ਗਾਂਧੀ ਲਾਟਰੀ ਲੁਧਿਆਣਾ” ਦੇ ਨਾਮ ’ਤੇ ਫਰਜ਼ੀ ਲਾਟਰੀ ਸਕੀਮ ਚਲਾ ਰਿਹਾ ਸੀ। ਦੋਸ਼ੀ ਵੱਲੋਂ ਲੋਕਾਂ ਨੂੰ ਵਟਸਐਪ ਮੈਸੇਜ ਅਤੇ ਫੋਨ ਕਾਲਾਂ ਰਾਹੀਂ ਸੰਪਰਕ ਕੀਤਾ ਜਾਂਦਾ ਸੀ। ਪਹਿਲਾਂ ਉਨ੍ਹਾਂ ਨੂੰ ਵੱਡੀ ਰਕਮ ਦੀ ਲਾਟਰੀ ਨਿਕਲਣ ਦਾ ਝਾਂਸਾ ਦੇ ਕੇ ਲਾਲਚ ਵਿੱਚ ਫਸਾਇਆ ਜਾਂਦਾ ਸੀ ਅਤੇ ਬਾਅਦ ਵਿੱਚ ਰਜਿਸਟ੍ਰੇਸ਼ਨ ਫੀਸ, ਪ੍ਰੋਸੈਸਿੰਗ ਚਾਰਜ ਜਾਂ ਹੋਰ ਛੋਟੀਆਂ-ਛੋਟੀਆਂ ਰਕਮਾਂ ਦੇ ਨਾਮ ’ਤੇ ਪੈਸੇ ਮੰਗੇ ਜਾਂਦੇ ਸਨ। ਇਸ ਤਰ੍ਹਾਂ ਦੋਸ਼ੀ ਵੱਖ-ਵੱਖ ਵਿਅਕਤੀਆਂ ਨੂੰ ਨਿਸ਼ਾਨਾ ਬਣਾਕੇ ਉਨ੍ਹਾਂ ਨਾਲ ਸਾਈਬਰ ਧੋਖਾਧੜੀ ਕਰਦਾ ਸੀ।
ਦੋਸ਼ੀ ਦਾ ਮਿਤੀ 24-02-2026 ਤੱਕ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਮਾਮਲੇ ਨਾਲ ਸੰਬੰਧਿਤ ਹੋਰ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਜਾਰੀ ਹੈ ਅਤੇ ਡਿਜੀਟਲ ਸਬੂਤਾਂ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਕਾਲ, ਮੈਸੇਜ ਜਾਂ ਲਾਟਰੀ ਸੰਬੰਧੀ ਪੇਸ਼ਕਸ਼ ਤੋਂ ਸਾਵਧਾਨ ਰਹਿਣ। ਅਜਿਹੀ ਕਿਸੇ ਵੀ ਘਟਨਾ ਬਾਰੇ ਤੁਰੰਤ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ 1930 ਜਾਂ ਨਜ਼ਦੀਕੀ ਪੁਲਿਸ ਥਾਣੇ ਨਾਲ ਸੰਪਰਕ ਕੀਤਾ ਜਾਵੇ।
Ludhiana-Police-Arrested-Accused-Gandhi-Lottery-Ludhiana-