ਥਾਣਾ ਸਦਰ ਬਠਿੰਡਾ ਵਿੱਚ ਦਰਜ ਫਿਰੌਤੀ ਮੰਗਣ ਦੇ ਮਾਮਲੇ ਵਿੱਚ ਨਾਮਜ਼ਦ ਦੋਸ਼ੀ ਨਾਲ ਅੱਜ ਪੁਲਿਸ ਦੀ ਮੁਠਭੇੜ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਵੱਲੋਂ ਕੀਤੀ ਗਈ ਜੁਆਬੀ ਕਾਰਵਾਈ ਦੌਰਾਨ ਦੋਸ਼ੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਦਾਖਲ ਕਰਵਾਇਆ ਗਿਆ ਹੈ।
ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਮੁਕੱਦਮਾ ਨੰਬਰ 08 ਮਿਤੀ 10 ਜਨਵਰੀ 2026 ਅਧੀਨ ਧਾਰਾ 308(4), 351(3) ਬੀ ਐਨ ਐਸ ਹੇਠ ਬੇਅੰਤ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਪਿੰਡ ਗੁਲਾਬਗੜ, ਜ਼ਿਲ੍ਹਾ ਬਠਿੰਡਾ ਦੇ ਬਿਆਨਾਂ ਦੇ ਆਧਾਰ ‘ਤੇ ਦਰਜ ਕੀਤਾ ਗਿਆ ਸੀ। ਸ਼ਿਕਾਇਤ ਕਰਤਾ ਨੇ ਦੱਸਿਆ ਸੀ ਕਿ 10 ਜਨਵਰੀ ਨੂੰ ਦੁਪਹਿਰ ਕਰੀਬ 12.43 ਵਜੇ ਉਸਦੇ ਦੁਬਈ ਵਾਲੇ ਮੋਬਾਈਲ ਨੰਬਰ ‘ਤੇ ਵੱਟਸਐਪ ਕਾਲ ਰਾਹੀਂ ਇਕ ਅਣਜਾਣ ਵਿਅਕਤੀ ਵੱਲੋਂ ਇੱਕ ਕਰੋੜ ਰੁਪਏ ਫਿਰੌਤੀ ਦੀ ਮੰਗ ਕੀਤੀ ਗਈ ਸੀ।
ਏ . ਐਸ . ਆਈ ਚਮਕੌਰ ਸਿੰਘ ਵੱਲੋਂ ਕੀਤੀ ਗਈ ਜਾਂਚ ਦੌਰਾਨ ਮੁਦੱਈ ਦੇ ਬਿਆਨਾਂ ਦੇ ਆਧਾਰ ‘ਤੇ ਸੇਵਕ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਪਿੰਡ ਮਾਹੀਨੰਗਲ, ਜ਼ਿਲ੍ਹਾ ਬਠਿੰਡਾ ਨੂੰ 14 ਜਨਵਰੀ ਨੂੰ ਰਪਟ ਨੰਬਰ 18 ਰਾਹੀਂ ਨਾਮਜ਼ਦ ਕੀਤਾ ਗਿਆ।
ਅੱਜ 17 ਜਨਵਰੀ ਨੂੰ ਚੌਕੀ ਇੰਡਸਟਰੀਅਲ ਏਰੀਆ ਦੇ ਇੰਚਾਰਜ ਧਰਮਵੀਰ ਸਿੰਘ ਨੂੰ ਮੁਖਬਰੀ ਮਿਲੀ ਕਿ ਦੋਸ਼ੀ ਸੇਵਕ ਸਿੰਘ ਲਾਲ ਰੰਗ ਦੀ ਹੀਰੋ ਪੈਸ਼ਨ ਮੋਟਰਸਾਈਕਲ ‘ਤੇ ਪਿੰਡ ਕਟਾਰ ਸਿੰਘ ਵਾਲਾ ਤੋਂ ਪਿੰਡ ਕੋਟਮਸੀਰ ਵਾਲੇ ਕੱਚੇ ਰਾਹ ਰਾਹੀਂ ਆ ਰਿਹਾ ਹੈ। ਜਦੋਂ ਪੁਲਿਸ ਪਾਰਟੀ ਵੱਲੋਂ ਉਸਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਦੋਸ਼ੀ ਨੇ ਦੇਸੀ ਕੱਟਾ 12 ਬੋਰ ਨਾਲ ਪੁਲਿਸ ਪਾਰਟੀ ‘ਤੇ ਫਾਇਰਿੰਗ ਕਰ ਦਿੱਤੀ। ਧਰਮਵੀਰ ਸਿੰਘ ਨੇ ਆਪਣੀ ਸੁਰੱਖਿਆ ਲਈ ਸਰਕਾਰੀ ਰਿਵਾਲਵਰ ਨਾਲ ਜੁਆਬੀ ਫਾਇਰਿੰਗ ਕੀਤੀ, ਜਿਸ ਦੌਰਾਨ ਦੋਸ਼ੀ ਦੀ ਸੱਜੀ ਲੱਤ ‘ਚ ਗੋਡੇ ਤੋਂ ਹੇਠਾਂ ਗੋਲੀ ਲੱਗੀ। ਬਾਅਦ ‘ਚ ਉਸਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਭਰਤੀ ਕਰਵਾਇਆ ਗਿਆ।
ਪੁਲਿਸ ਰਿਕਾਰਡ ਅਨੁਸਾਰ ਦੋਸ਼ੀ ਸੇਵਕ ਸਿੰਘ ਖ਼ਿਲਾਫ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਸਾਲ 2021 ‘ਚ ਥਾਣਾ ਸਰਦੂਲਗੜ੍ਹ (ਜ਼ਿਲ੍ਹਾ ਮਾਨਸਾ) ਵਿੱਚ ਚੋਰੀ ਸਬੰਧੀ ਮਾਮਲਾ ਅਤੇ ਸਾਲ 2025 ‘ਚ ਥਾਣਾ ਤਲਵੰਡੀ ਸਾਬੋ ਵਿੱਚ ਐਨ ਡੀ ਪੀ ਐਸ ਐਕਟ ਅਧੀਨ ਕੇਸ ਦਰਜ ਹੈ। ਮੁਕਾਬਲੇ ਵਾਲੀ ਥਾਂ ਦਾ ਜਾਇਜ਼ਾ ਲੈਣ ਲਈ ਐਸ ਐਸ ਪੀ ਬਠਿੰਡਾ ਮੈਡਮ ਜੋਯਤੀ ਯਾਦਵ ਅਤੇ ਹੋਰ ਉਚ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਡਮ ਜੋਯਤੀ ਯਾਦਵ ਨੇ ਦੱਸਿਆ ਕਿ ਅਪਰਾਧੀ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਤੇ ਪੁਲਿਸ ਪਾਰਟੀ ਲਗਾਤਾਰ ਇਸਦੀ ਭਾਲ ਕਰ ਰਹੀ ਸੀ ਕਿ ਅੱਜ ਸਵੇਰੇ ਇਹ ਕੋਟਸ਼ਮੀਰ ਤੋਂ ਕਟਾਰ ਸਿੰਘ ਵਾਲਾ ਨੂੰ ਕੱਚੇ ਰਸਤੇ ਤੇ ਜਾ ਰਿਹਾ ਸੀ ਕਿ ਮੁਖਬਰੀ ਦੇ ਅਧਾਰ ਤੇ ਪੁਲਿਸ ਨੇ ਇਸ ਦਾ ਪਿੱਛੇ ਕੀਤਾ, ਆਪਣੇ ਪਿੱਛੇ ਪੁਲਿਸ ਲੱਗੀ ਦੇਖ ਇਸੇ ਨੇ ਪੁਲਿਸ ਪਾਰਟੀ ਤੇ ਫਾਇਰਿੰਗ ਕੀਤੀ। ਜਵਾਬੀ ਕਾਰਵਾਈ ਤੇ ਪੁਲਿਸ ਨੇ ਲੱਤ ਚ ਗੋਲੀ ਮਾਰ ਕੇ ਇਸ ਨੂੰ ਫੜ ਲਿਆ ਗਿਆ ਹੈ ।