ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਚਨਬੱਧ ** 7 ਸਾਲਾ ਬੱਚੇ ਨੂੰ ਅਗਵਾ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਦੋਸ਼ੀ ਹਰਪ੍ਰੀਤ ਸਿੰਘ ਫਾਲੋ-ਅੱਪ ਆਪ੍ਰੇਸ਼ਨ ਦੌਰਾਨ ਪੁਲਿਸ ਵੱਲੋਂ ਜਵਾਬੀ ਕਾਰਵਾਈ ‘ਚ ਹੋਇਆ ਜ਼ਖਮੀ: ਐਸਐਸਪੀ ਮਾਲੇਰਕੋਟਲਾ ਗਗਨ ਅਜੀਤ ਸਿੰਘ* ਦੋਸ਼ੀ ਵੱਲੋਂ ਦੱਸੀ ਗਈ ਥਾਂ ਤੋਂ .32 ਬੋਰ ਪਿਸਤੌਲ ਅਤੇ ਦੋ ਕਾਰਤੂਸ ਬਰਾਮਦ ਚੰਡੀਗੜ੍ਹ/ਮਾਲੇਰਕੋਟਲਾ, 14 ਮਾਰਚ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ 7 ਸਾਲਾ ਬੱਚੇ ਨੂੰ ਅਗਵਾ ਕਰਨ ਦੇ ਅਪਰਾਧ ਵਿੱਚ ਸ਼ਾਮਲ ਹਰਪ੍ਰੀਤ ਸਿੰਘ ਮਾਲੇਰਕੋਟਲਾ ਪੁਲਿਸ ਵੱਲੋਂ ਜਵਾਬੀ ਗੋਲੀਬਾਰੀ ਦੌਰਾਨ ਉਸ ਵੇਲੇ ਜਖ਼ਮੀ ਹੋ ਗਿਆ, ਜਦੋਂ ਉਹ ਫਾਲੋ-ਅੱਪ ਆਪ੍ਰੇਸ਼ਨ ਦੌਰਾਨ ਪਿੰਡ ਸਲਾਰ ਨੇੜੇ ਹਥਿਆਰਾਂ ਦੀ ਬਰਾਮਦਗੀ ਲਈ ਲਿਜਾਣ ਸਮੇਂ ਪੁਲਿਸ ਹਿਰਾਸਤ ‘ਚੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਹ ਜਾਣਕਾਰੀ ਅੱਜ ਇੱਥੇ ਮਲੇਰਕੋਟਲਾ ਦੇ ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਗਗਨ ਅਜੀਤ ਸਿੰਘ ਨੇ ਦਿੱਤੀ। ਇਹ ਕਾਰਵਾਈ ਪਿੰਡ ਸੀਹਾਂ ਦੌਦ (ਖੰਨਾ) ਤੋਂ ਅਗਵਾ ਕੀਤੇ 7 ਸਾਲਾ ਬੱਚੇ ਭਵਕੀਰਤ ਸਿੰਘ ਨੂੰ ਪੰਜਾਬ ਪੁਲਿਸ ਵੱਲੋਂ 24 ਘੰਟਿਆਂ ਦੇ ਅੰਦਰ-ਅੰਦਰ ਸਫ਼ਲਤਾਪੂਰਵਕ ਛੁਡਾਉਣ ਤੋਂ ਇੱਕ ਦਿਨ ਬਾਅਦ ਸਾਹਮਣੇ ਆਈ ਹੈ। ਦੱਸਣਯੋਗ ਹੈ ਕਿ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਦੋ ਦੋਸ਼ੀਆਂ ਜਿਨ੍ਹਾਂ ਦੀ ਪਛਾਣ ਅਮਰਗੜ੍ਹ ਦੇ ਪਿੰਡ ਬਾਠਨ ਦੇ ਹਰਪ੍ਰੀਤ ਸਿੰਘ (24) ਅਤੇ ਅਮਰਗੜ੍ਹ ਦੇ ਪਿੰਡ ਜਾਗੋਵਾਲ ਦੇ ਰਵੀ ਭਿੰਡਰ (21) ਵਜੋਂ ਹੋਈ ਹੈ, ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਕਿ ਉਨ੍ਹਾਂ ਦਾ ਸਾਥੀ ਜਸਪ੍ਰੀਤ ਸਿੰਘ ਵਾਸੀ ਪਿੰਡ ਸੀਹਾਂ ਦੌਦ, ਜੋ ਪੁਲਿਸ ‘ਤੇ ਖੁੱਲ੍ਹੇਆਮ ਗੋਲੀਆਂ ਚਲਾ ਕੇ ਆਪਣੀ ਫਾਰਚੂਨਰ ਐਸਯੂਵੀ ‘ਚ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਨਾਭਾ ਰੋਡ 'ਤੇ ਪਿੰਡ ਮੰਡੌਰ ਵਿਖੇ ਜਵਾਬੀ ਪੁਲਿਸ ਕਾਰਵਾਈ ਵਿੱਚ ਮਾਰਿਆ ਗਿਆ। ਇਸ ਕਾਰਵਾਈ ਦੀ ਸ਼ਲਾਘਾ ਕਰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਇਸ ਆਪ੍ਰੇਸ਼ਨ ਵਿੱਚ ਸ਼ਾਮਲ ਪੁਲਿਸ ਮੁਲਾਜ਼ਮਾਂ ਲਈ 10-10 ਲੱਖ ਰੁਪਏ ਨਕਦ ਇਨਾਮ ਅਤੇ ਤਰੱਕੀਆਂ ਦਾ ਐਲਾਨ ਕੀਤਾ ਸੀ। ਜ਼ਿਕਰਯੋਗ ਹੈ ਕਿ ਇਹ ਕਾਰਵਾਈ ਡੀਆਈਜੀ ਪਟਿਆਲਾ ਰੇਂਜ ਮਨਦੀਪ ਸਿੰਘ ਸਿੱਧੂ ਦੀ ਸਮੁੱਚੀ ਨਿਗਰਾਨੀ ਹੇਠ ਖੰਨਾ, ਮਲੇਰਕੋਟਲਾ ਅਤੇ ਪਟਿਆਲਾ ਸਮੇਤ ਤਿੰਨ ਜ਼ਿਲ੍ਹਿਆਂ ਦੀਆਂ ਪੁਲਿਸ ਟੀਮਾਂ ਦੁਆਰਾ ਸਾਂਝੇ ਤੌਰ 'ਤੇ ਕੀਤੀ ਗਈ ਸੀ। ਐਸਐਸਪੀ ਗਗਨ ਅਜੀਤ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ, ਐਸਪੀ ਜਾਂਚ ਮਾਲੇਰਕੋਟਲਾ ਵੈਭਵ ਸਹਿਗਲ ਦੀ ਨਿਗਰਾਨੀ ਹੇਠ ਸੀਆਈਏ ਇੰਚਾਰਜ ਹਰਜਿੰਦਰ ਸਿੰਘ ਅਤੇ ਐਸਐਚਓ ਸਾਈਬਰ ਕ੍ਰਾਈਮ ਮਨਜੋਤ ਸਿੰਘ ਦੀ ਅਗਵਾਈ ਵਿੱਚ ਵਿਸ਼ੇਸ਼ ਟੀਮਾਂ ਬਣਾਈਆਂ ਗਈਆਂ ਸਨ। ਐਸਐਸਪੀ ਨੇ ਕਿਹਾ ਕਿ ਫਾਲੋ-ਅੱਪ ਜਾਂਚ ਦੌਰਾਨ ਐਸਐਚਓ ਅਮਰਗੜ੍ਹ ਨੂੰ ਜਾਣਕਾਰੀ ਮਿਲੀ ਕਿ ਦੋਸ਼ੀ ਹਰਪ੍ਰੀਤ ਸਿੰਘ ਅਤੇ ਰਵੀ ਭਿੰਡਰ ਕੋਲ ਗੈਰ-ਕਾਨੂੰਨੀ ਹਥਿਆਰ ਹੋਣ ਦਾ ਸ਼ੱਕ ਹੈ, ਜਿਸ ਉਪਰੰਤ ਪੁਲਿਸ ਟੀਮਾਂ ਨੇ ਪਿੰਡ ਸਲਾਰ ਨੇੜਿਓਂ ਕਿਸੇ ਸਥਾਨ ਤੋਂ ਇਨ੍ਹਾਂ ਹਥਿਆਰਾਂ ਦੀ ਬਰਾਮਦਗੀ ਲਈ ਦੋਸ਼ੀ ਹਰਪ੍ਰੀਤ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ। ਐਸਐਸਪੀ ਨੇ ਕਿਹਾ ਕਿ ਦੋਸ਼ੀ ਹਰਪ੍ਰੀਤ ਨੇ ਉਕਤ ਸਥਾਨ ਤੋਂ ਬਰਾਮਦ ਕੀਤੀ ਪਿਸਤੌਲ ਨਾਲ ਪੁਲਿਸ ਟੀਮ 'ਤੇ ਗੋਲੀਬਾਰੀ ਕਰਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਪੁਲਿਸ ਨੇ ਸਵੈ-ਰੱਖਿਆ ਵਿੱਚ ਜਵਾਬੀ ਕਾਰਵਾਈ ਕੀਤੀ ਅਤੇ ਦੋਸ਼ੀ ਹਰਪ੍ਰੀਤ ਸਿੰਘ ਲੱਤ 'ਤੇ ਗੋਲੀ ਲੱਗਣ ਨਾਲ ਜਖ਼ਮੀ ਹੋ ਗਿਆ, ਜਿਸਨੂੰ ਇਲਾਜ ਲਈ ਸਿਵਲ ਹਸਪਤਾਲ ਮਲੇਰਕੋਟਲਾ ਲਿਜਾਇਆ ਗਿਆ। ਐਸਐਸਪੀ ਗਗਨ ਅਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਦੱਸੇ ਗਏ ਸਥਾਨ ਤੋਂ ਇੱਕ .32 ਬੋਰ ਪਿਸਤੌਲ ਅਤੇ ਦੋ ਕਾਰਤੂਸ ਬਰਾਮਦ ਕੀਤੇ ਹਨ ਅਤੇ ਇਸ ਸਬੰਧੀ ਅਗਲੇਰੀ ਜਾਂਚ ਜਾਰੀ ਹੈ। ----------
Malerkotla-Police-Abducted-Child-Kidnapped-
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari (Editor)