ਨਸ਼ਾ ਤਸਕਰਾਂ ਬਾਰੇ ਨਾਗਰਿਕਾਂ ਵੱਲੋਂ ਦਿੱਤੀ ਜਾਣਕਾਰੀ ਗੁਪਤ ਰੱਖੀ ਜਾਂਦੀ ਹੈ: ਵਿਧਾਇਕ ਨਰਿੰਦਰ ਕੌਰ ਭਰਾਜ
ਪੰਜਾਬ ਨੂੰ ਨਸ਼ਾ ਮੁਕਤ ਕਰਕੇ ਮੀਲ ਪੱਥਰ ਕਾਇਮ ਕੀਤਾ ਜਾਵੇਗਾ : ਭਰਾਜ
ਸੰਗਰੂਰ, 13 ਮਾਰਚ (ਜਗਸੀਰ ਸਿੰਘ)- ਸੰਗਰੂਰ ਤੋਂ ਵਿਧਾਇਕ ਸ਼੍ਰੀਮਤੀ ਨਰਿੰਦਰ ਕੌਰ ਭਰਾਜ ਨੇ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਸ਼ਲਾਘਾ ਕੀਤੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ ਪੰਜਾਬ ਨੂੰ 100 ਫੀਸਦੀ ਨਸ਼ਾ ਮੁਕਤ ਕਰਨ ਲਈ ਚਲਾਈ ਗਈ ਇਸ ਮੁਹਿੰਮ ਦੇ ਹੁਣ ਤੱਕ ਸਾਰਥਕ ਨਤੀਜੇ ਸਾਹਮਣੇ ਆਏ ਹਨ ਅਤੇ ਜਿਸ ਢੰਗ ਨਾਲ ਪੰਜਾਬ ਦੇ ਸਾਰੇ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਵਿੱਚ ਵਿਆਪਕ ਪੱਧਰ ਤੇ ਇਸ ਮੁਹਿੰਮ ਨੂੰ ਸਫਲਤਾ ਦਾ ਜਾਮਾ ਪਹਿਨਾਇਆ ਜਾ ਰਿਹਾ ਹੈ ਉਸ ਤੋਂ ਇਹ ਪੂਰੀ ਆਸ ਬੱਝ ਰਹੀ ਹੈ ਕਿ ਨਿਰਧਾਰਤ ਸਮੇਂ ਅੰਦਰ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਮੀਲ ਪੱਥਰ ਕਾਇਮ ਕੀਤਾ ਜਾਵੇਗਾ।
ਵਿਧਾਇਕ ਨਰਿੰਦਰ ਕੌਰ ਭਰਾਜ ਨੇ ਸੰਗਰੂਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਜੇਕਰ ਕਿਸੇ ਨਾਗਰਿਕ ਕੋਲ ਕਿਸੇ ਨਸ਼ਾ ਤਸਕਰ ਬਾਰੇ ਪੁਖਤਾ ਜਾਣਕਾਰੀ ਹੈ ਤਾਂ ਉਹ ਉਨ੍ਹਾਂ ਜਾਂ ਫਿਰ ਪੁਲਿਸ ਨੂੰ ਇਸ ਬਾਰੇ ਸੂਚਨਾ ਦੇ ਸਕਦਾ ਹੈ ਅਤੇ ਇਸ ਸਬੰਧੀ ਸੂਚਨਾ ਦੇਣ ਵਾਲੇ ਦਾ ਨਾਮ ਅਤੇ ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਮੁਹਿੰਮ ਸਮਾਜ ਦੀ ਭਲਾਈ ਲਈ ਚਲਾਈ ਗਈ ਹੈ ਅਤੇ ਸਾਰੇ ਲੋਕਾਂ ਨੂੰ ਵਧ ਚੜ ਕੇ ਇਸ ਵਿੱਚ ਸਹਿਯੋਗ ਦੇਣਾ ਚਾਹੀਦਾ ਹੈ।
ਵਿਧਾਇਕ ਸ਼੍ਰੀਮਤੀ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਅਤੇ ਪ੍ਰਾਈਵੇਟ ਨਸ਼ਾ ਮੁਕਤੀ ਕੇਂਦਰਾਂ ਅਤੇ ਮੁੜ ਵਸੇਬਾ ਕੇਂਦਰਾਂ ਵਿੱਚ ਨਸ਼ਾ ਪੀੜਿਤ ਵਿਅਕਤੀਆਂ ਦਾ ਬਿਹਤਰੀਨ ਇਲਾਜ ਕਰਨ ਲਈ ਢੁਕਵੇ ਪ੍ਰਬੰਧ ਕੀਤੇ ਗਏ ਹਨ ਅਤੇ ਜੇਕਰ ਕਿਸੇ ਵੀ ਵਿਅਕਤੀ ਦਾ ਕੋਈ ਪਰਿਵਾਰਕ ਮੈਂਬਰ, ਦੋਸਤ ਜਾਂ ਇਲਾਕੇ ਵਿੱਚ ਰਹਿੰਦਾ ਕੋਈ ਵਿਅਕਤੀ, ਭੈੜੀ ਸੰਗਤ ਕਾਰਨ ਨਸ਼ਿਆਂ ਦਾ ਸੇਵਨ ਕਰਦਾ ਹੈ ਤਾਂ ਉਸਦਾ ਉਚਿਤ ਇਲਾਜ ਕਰਵਾਉਣ ਲਈ ਇਹਨਾਂ ਨਸ਼ਾ ਮੁਕਤੀ ਕੇਂਦਰਾਂ ਵਿੱਚ ਦਾਖਲ ਕਰਵਾਇਆ ਜਾਵੇ। ਉਹਨਾਂ ਇਹ ਵੀ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ਾ ਛੱਡਣ ਲਈ ਸਵੈ ਦ੍ਰਿੜ ਹੈ ਪਰ ਨਸ਼ਾ ਮੁਕਤੀ ਕੇਂਦਰਾਂ ਵਿੱਚ ਜਾਣ ਤੋਂ ਅਸਮਰੱਥ ਹੈ ਤਾਂ ਉਹ ਆਪਣੇ ਕਿਸੇ ਰਿਸ਼ਤੇਦਾਰ ਰਾਹੀਂ ਉਹਨਾਂ ਨਾਲ ਸੰਪਰਕ ਕਰ ਸਕਦਾ ਹੈ ਅਤੇ ਉਸ ਨਸ਼ਾ ਪੀੜਿਤ ਵਿਅਕਤੀ ਦਾ ਉਚਿਤ ਇਲਾਜ ਕਰਵਾਉਣ ਦਾ ਪ੍ਰਬੰਧ ਕਰਨਾ ਉਹ ਯਕੀਨੀ ਬਣਾਉਣਗੇ।