ਡੇਰਾਬੱਸੀ ਵਿੱਚ ਪੁਲੀਸ ਹਿਰਾਸਤ ਤੋਂ ਭੱਜਣ ਦੀ ਕੋਸ਼ਿਸ਼ ਵਿੱਚ ਜਵਾਬੀ ਗੋਲੀਬਾਰੀ ਦੌਰਾਨ ਗੈਂਗਸਟਰ ਜ਼ਖਮੀ, ਪਿਸਤੌਲ ਬਰਾਮਦ
Mar1,2025
| Gurwinder Singh | Dera Bassi (sahibzada Ajit
ਐਸ.ਏ. ਐਸ. ਨਗਰ ਪੁਲੀਸ ਅਤੇ ਪੰਜਾਬ ਐਂਟੀ-ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਵਲੋਂ ਹਥਿਆਰ ਦੀ ਬਰਾਮਦਗੀ ਲਈ ਲਿਜਾਇਆ ਜਾ ਰਿਹਾ ਇੱਕ ਗੈਂਗਸਟਰ ਡੇਰਾ ਬੱਸੀ ਵਿਖੇ ਜ਼ੀਰਕਪੁਰ-ਅੰਬਾਲਾ ਹਾਈਵੇਅ ਤੇ ਘੱਗਰ ਪੁਲ ਨੇੜੇ ਪੁਲੀਸ ਹਿਰਾਸਤ ਵਿੱਚੋਂ ਭੱਜਣ ਦੀ ਨਾਕਾਮ ਕੋਸ਼ਿਸ਼ ਕਰਦਿਆਂ ਪੁਲੀਸ ਦੀ ਗੋਲੀ ਲੱਗਣ ਨਾਲ ਜਖਮੀ ਹੋ ਗਿਆ। ਗੈਂਗਸਟਰ ਮਲਕੀਅਤ ਉਰਫ਼ ਮੈਕਸੀ ਦੀ ਖੱਬੀ ਲੱਤ ਤੇ ਗੋਲੀ ਲੱਗੀ ਹੈ।
ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਰਾਜਾਸਾਂਸੀ ਨੇੜਲੇ ਪਿੰਡ ਰੋੜਾਲਾ ਦਾ ਰਹਿਣ ਵਾਲਾ ਗੈਂਗਸਟਰ ਮੈਕਸੀ, ਵਿਦੇਸ਼ੀ ਅੱਤਵਾਦੀ ਗੋਲਡੀ ਬਰਾੜ ਅਤੇ ਗੈਂਗਸਟਰ ਗੋਲਡੀ ਢਿੱਲੋਂ ਦਾ ਕਾਰਕੁਨ ਹੈ ਅਤੇ ਉਨ੍ਹਾਂ ਦੇ ਇਸ਼ਾਰੇ ਤੇ ਜਬਰਨ ਵਸੂਲੀ ਰੈਕੇਟ ਚਲਾ ਰਿਹਾ ਸੀ। ਉਹਨਾਂ ਦੱਸਿਆ ਕਿ ਹਾਲ ਹੀ ਵਿੱਚ, ਮੈਕਸੀ ਅਤੇ ਉਸਦੇ ਸਾਥੀ ਸੰਦੀਪ ਉਰਫ਼ ਦੀਪ ਨੂੰ ਪਟਿਆਲਾ ਪੁਲੀਸ ਨੇ ਅਸਲਾ ਐਕਟ ਦੇ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ, ਦੋਵਾਂ ਨੂੰ ਐਸ. ਏ. ਐਸ. ਨਗਰ ਪੁਲੀਸ ਵੱਲੋਂ ਸ਼ੁੱਕਰਵਾਰ ਨੂੰ ਫਿਰੌਤੀ ਦੇ ਇੱਕ ਕੇਸ ਵਿੱਚ ਪਟਿਆਲਾ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਸੀ। ਉਕਤ ਮੁਲਜ਼ਮਾਂ ਵੱਲੋਂ ਜਨਵਰੀ 2025 ਵਿੱਚ ਮੁਹਾਲੀ ਸਥਿਤ ਪ੍ਰਾਪਰਟੀ ਡੀਲਰ ਕੋਲੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ।
ਉਹਨਾਂ ਦੱਸਿਆ ਕਿ ਡੀਐਸਪੀ ਡੇਰਾ ਬੱਸੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਾਲੀ ਪੁਲੀਸ ਟੀਮ ਵੱਲੋਂ ਮੈਕਸੀ ਨੂੰ ਉਸਦੇ ਕਬੂਲਨਾਮੇ ਮੁਤਾਬਿਕ ਜ਼ੀਰਕਪੁਰ-ਅੰਬਾਲਾ ਹਾਈਵੇਅ ਤੇ ਇੱਕ ਸੁੰਨਸਾਨ ਥਾਂ (ਜਿੱਥੇ ਉਸਨੇ ਪੀੜਤ ਪ੍ਰਾਪਟੀ ਡੀਲਰ ਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਨਾਲ .32 ਕੈਲੀਬਰ ਦਾ ਪਿਸਤੌਲ ਲੁਕਾ ਕੇ ਰੱਖਿਆ ਸੀ) ਵੱਲ ਲਿਜਾਇਆ ਜਾ ਰਿਹਾ ਸੀ। ਉਹਨਾਂ ਕਿਹਾ ਕਿ ਮੌਕੇ ਤੇ ਪਹੁੰਚਣ ਤੇ ਮੁਲਜਮ ਨੇ ਹਿਰਾਸਤ ਤੋਂ ਭੱਜਣ ਦੀ ਕੋਸ਼ਿਸ਼ ਵਿੱਚ ਪੁਲੀਸ ਟੀਮ ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਆਤਮ-ਰੱਖਿਆ ਅਤੇ ਪੁਲੀਸ ਟੀਮ ਵੱਲੋਂ ਕੀਤੀ ਜਵਾਬੀ ਗੋਲੀਬਾਰੀ ਵਿੱਚ, ਮੈਕਸੀ ਦੀ ਖੱਬੀ ਲੱਤ ਵਿੱਚ ਗੋਲੀ ਲੱਗੀ ਅਤੇ ਹੁਣ ਉਹ ਸਿਵਲ ਹਸਪਤਾਲ, ਮੁਹਾਲੀ ਵਿੱਚ ਜ਼ੇਰੇ-ਇਲਾਜ ਹੈ। ਉਹਨਾਂ ਦੱਸਿਆ ਕਿ ਉਸਦੇ ਕਬਜ਼ੇ ਵਿੱਚੋਂ ਹਥਿਆਰ ਦੇ ਨਾਲ-ਨਾਲ ਤਿੰਨ ਕਾਰਤੂਸ ਅਤੇ ਦੋ ਖਾਲੀ ਖੋਲ ਵੀ ਬਰਾਮਦ ਕੀਤੇ ਗਏ ਹਨ।
ਐਸ ਐਸ ਪੀ ਐਸ ਏ ਐਸ ਨਗਰ ਦੀਪਕ ਪਾਰੀਕ ਨੇ ਕਿਹਾ ਕਿ ਗ੍ਰਿਫਤਾਰ ਮੁਲਜਮ ਦਾ ਅਪਰਾਧਿਕ ਪਿਛੋਕੜ ਹੈ ਜਿਸਦੇ ਖਿਲਾਫ ਜ਼ਬਰਨ ਵਸੂਲੀ ਅਤੇ ਹਥਿਆਰ ਐਕਟ ਨਾਲ ਸਬੰਧਤ ਕਈ ਮਾਮਲੇ ਦਰਜ ਹਨ। ਇਸ ਸਬੰਧੀ ਡੇਰਾਬੱਸੀ ਪੁਲੀਸ ਸਟੇਸ਼ਨ ਵਿਖੇ ਬੀ ਐਨ ਐਸ ਦੀ ਧਾਰਾ 109, 132, 221 ਅਤੇ 262 ਅਤੇ ਅਸਲਾ ਐਕਟ ਦੀ ਧਾਰਾ 25 ਦੇ ਤਹਿਤ ਇੱਕ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ।
Powered by Froala Editor
Crime-News-Sas-Nagar-Mohali-Police-Punjab