** ਨਗਰ ਸੁਧਾਰ ਟਰੱਸਟ ਚ ਬੇਨਿਯਮੀਆਂ ਤੇ ਪਲਾਟ ਦੀ ਘਪਲੇਬਾਜ਼ੀ ਕਾਰਨ ਇੰਪਰੂਵਮੈਂਟ ਟਰੱਸਟ ਦੇ ਸੀਨੀਅਰ ਸਹਾਇਕ ਵਿਰੁੱਧ ਭ੍ਰਿਸ਼ਟਾਚਾਰ ਦਾ ਕੇਸ ਦਰਜ** ** ਪੰਜਾਬ ਵਿਜੀਲੈਂਸ ਬਿਉਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਸੰਜੀਵ ਕਾਲੀਆ, ਸੀਨੀਅਰ ਸਹਾਇਕ, ਨਗਰ ਸੁਧਾਰ ਟਰੱਸਟ, ਜਲੰਧਰ, (ਹੁਣ ਹੁਸਿ਼ਆਰਪੁਰ ਵਿਖੇ ਤਾਇਨਾਤ) ਵੱਲੋਂ ਨਗਰ ਸੁਧਾਰ ਟਰੱਸਟ, ਜਲੰਧਰ ਵਿੱਚ ਅਹੁਦੇ ਦੀ ਦੁਰਵਰਤੋਂ ਰਾਹੀਂ ਬੇਨਿਯਮੀਆਂ ਕਰਨ ਤੇ ਪਤਨੀ ਦੇ ਨਾਮ ਹੇਠ ਪਲਾਟ ਦੀ ਘਪਲੇਬਾਜ਼ੀ ਕਰਨ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਸਿ਼ਕਾਇਤ ਨੰਬਰ 75/2022 ਦੀ ਪੜਤਾਲ ਤੋਂ ਪਾਇਆ ਗਿਆ ਕਿ ਉਕਤ ਸੰਜੀਵ ਕਾਲੀਆ ਦੇ ਖਿਲਾਫ ਦਵਿੰਦਰਪਾਲ ਕੌਰ ਪਾਸੋਂ ਪਲਾਟ ਨੰਬਰ 828 ਦੀ ਨਾ-ਉਸਾਰੀ ਫੀਸ 14,35,350 ਰੁਪਏ ਹਾਸਲ ਕੀਤੇ ਬਿਨਾਂ ਹੀ ਅਤੇ ਡੀਲਿੰਗ ਹੈਂਡ ਨਾ ਹੁੰਦੇ ਹੋਏ ਵੀ ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਮੰਦਭਾਵਨਾ ਨਾਲ ਮਿਤੀ 21.04.2010 ਨੂੰ ਇੱਕ ਪੱਤਰ ਉਕਤ ਪਲਾਟ ਦੇ ਖਸਰਾ ਨੰਬਰ ਦੀ ਰਿਪੋਰਟ ਦੇਣ ਲਈ ਪਟਵਾਰੀ ਨੂੰ ਲਿਖਿਆ ਸੀ। ਉਪਰੰਤ ਪਟਵਾਰੀ ਨੇ ਖਸਰਾ ਨੰਬਰਾਂ ਸਬੰਧੀ ਰਿਪੋਰਟ ਸੁਪਰਡੈਂਟ ਵਿੱਕਰੀ ਕੋਲ ਰਿਪੋਰਟ ਭੇਜ ਦਿੱਤੀ ਪਰੰਤੂ ਸੰਜੀਵ ਕਾਲੀਆ ਨੇ ਸੁਪਰਡੈਂਟ ਨੂੰ ਬਾਈਪਾਸ ਕਰਦੇ ਹੋਏ ਬੈਨਾਮਾ ਨਾ-ਉਸਾਰੀ ਫੀਸ 14,35,350 ਰੁਪਏ ਹਾਸਲ ਕੀਤੇ ਬਿਨਾਂ ਹੀ ਸਿੱਧੇ ਤੌਰ ਉੱਤੇ ਤਤਕਾਲੀ ਚੇਅਰਮੈਨ ਪਾਸੋਂ ਉਕਤ ਪਲਾਟ ਦਵਿੰਦਰਪਾਲ ਕੌਰ ਦੇ ਨਾਮ ਉਪਰ ਅਲਾਟ ਕਰਵਾ ਦਿੱਤਾ। ਇਸ ਤੋਂ ਇਲਾਵਾ ਨਗਰ ਸੁਧਾਰ ਟਰੱਸਟ ਵੱਲੋਂ ਮਿਤੀ 13/10/2016 ਨੂੰ ਇੱਕ ਪੱਤਰ ਜਾਰੀ ਕਰਕੇ ਦਵਿੰਦਰਪਾਲ ਕੌਰ ਦੇ ਨਾਮ ਉਪਰ ਕੋਈ ਇਤਰਾਜ਼ ਨਹੀਂ (ਐਨ.ਡੀ.ਸੀ.) ਜਾਰੀ ਕਰ ਦਿੱਤਾ ਜਦ ਕਿ ਦਵਿੰਦਰਪਾਲ ਕੌਰ ਦੀ ਮੌਤ ਮਿਤੀ 12/01/2015 ਨੂੰ ਹੋ ਚੁੱਕੀ ਸੀ, ਜਿਸ ਕਰਕੇ ਇਹ ਐਨ.ਡੀ.ਸੀ. ਜਾਰੀ ਨਹੀਂ ਕੀਤਾ ਜਾ ਸਕਦਾ ਸੀ। ਬੁਲਾਰੇ ਨੇ ਦੱਸਿਆ ਕਿ ਪੜਤਾਲ ਦੌਰਾਨ ਜਤਿੰਦਰ ਸਿੰਘ, ਕਾਰਜ ਸਾਧਕ ਅਫਸਰ ਵੱਲੋਂ ਦਿੱਤੇ ਬਿਆਨ ਮੁਤਾਬਿਕ ਮਿਤੀ 13.10.2016 ਨੂੰ ਜਾਰੀ ਹੋਏ ਇਸ ਐਨ.ਡੀ.ਸੀ. ਪਰ ਉਸਦੇ ਦਸਤਖਤ ਨਹੀਂ ਹਨ, ਪ੍ਰੰਤੂ ਨਗਰ ਸੁਧਾਰ ਟਰੱਸਟ ਨੇ ਆਪਣੇ ਦਫਤਰ ਦੇ ਪੱਤਰ ਮਿਤੀ 11.10.2024 ਰਾਹੀਂ ਸਪੱਸ਼ਟ ਕੀਤਾ ਹੈ ਕਿ ਇਸ ਐਨ.ਡੀ.ਸੀ. ਉਪਰ ਜਤਿੰਦਰ ਸਿੰਘ ਕਾਰਜਸਾਧਕ ਅਫਸਰ ਦੇ ਹੀ ਦਸਤਖਤ ਹਨ ਅਤੇ ਇਹ ਦਸਤਖਤ ਕਾਰਜਸਾਧਕ ਅਫਸਰ ਦੇ ਬਾਕੀ ਮਿਸਲਾਂ ਉਪੱਰ ਕੀਤੇ ਹਸਤਾਖਰਾਂ ਨਾਲ ਮਿਲਦੇ-ਜੁਲਦੇ ਹਨ। ਉੱਨਾਂ ਦੱਸਿਆ ਕਿ ਇਸ ਕੇਸ ਤੋਂ ਇਲਾਵਾ ਪੜਤਾਲ ਦੌਰਾਨ ਇਹ ਵੀ ਪਾਇਆ ਗਿਆ ਕਿ ਸੋਹਨ ਦੇਈ ਪਤਨੀ ਭਗਵਾਨ ਦਾਸ ਦੀ ਮਾਲਕੀ ਵਾਲਾ 9 ਮਰਲੇ 147 ਵਰਗ ਫੁੱਟ ਰਕਬਾ ਨਗਰ ਸੁਧਾਰ ਟਰੱਸਟ ਵੱਲੋਂ ਸਾਲ 1976 ਵਿੱਚ ਲਿਆਂਦੀ ਗਈ ‘110 ਸਕੀਮ’ ਗੁਰੂ ਤੇਗ ਬਹਾਦਰ ਨਗਰ, ਜਲੰਧਰ ਤਹਿਤ ਐਕਵਾਇਰ ਕੀਤਾ ਗਿਆ ਸੀ ਪਰੰਤੂ ਇਸ ਬਦਲੇ ਸੋਹਨ ਦੇਈ ਨੂੰ ਨੀਤੀ ਤਹਿਤ ਕੋਈ ਪਲਾਟ ਅਲਾਟ ਨਹੀਂ ਕੀਤਾ ਗਿਆ ਸੀ। ਸੰਜੀਵ ਕਾਲੀਆ ਨਗਰ ਸੁਧਾਰ ਟਰੱਸਟ, ਜਲੰਧਰ ਵਿਖੇ ਤਾਇਨਾਤ ਹੋਣ ਕਰਕੇ ਜਾਣਕਾਰੀ ਰੱਖਦਾ ਸੀ ਕਿ ਟਰੱਸਟ ਦੀ 94.5 ਏਕੜ ਸਕੀਮ ਗੁਰੂ ਗੋਬਿੰਦ ਸਿੰਘ ਐਵੀਨਿਊ ਵਿੱਚ ਉਸਦੇ ਰਿਹਾਇਸ਼ੀ ਮਕਾਨ ਦੇ ਨਾਲ ਲੱਗਦਾ ਪਲਾਟ ਨੰਬਰ 276 ਖਾਲੀ ਹੈ, ਜਿਸਨੂੰ ਲੋਕਲ ਡਿਸਪਲੇਸਡ ਪਰਸਨਜ (ਐਲਡੀਪੀ) ਕੋਟੇ ਵਿੱਚ ਕਿਸੇ ਹੋਰ ਦੇ ਨਾਮ ਉਤੇ ਅਲਾਟ ਕਰਵਾ ਕੇ ਆਪਣੇ ਨਾਮ ਕਰਵਾਇਆ ਜਾ ਸਕਦਾ ਹੈ। ਇਸ ਲਈ ਉਸਨੇ ਆਪਣੇ ਜਾਣਕਾਰਾਂ ਰਾਹੀਂ ਸੋਹਨ ਦੇਈ ਤੱਕ ਪਹੁੰਚ ਕਰਕੇ ਉਸਨੂੰ ਮਹਿਜ 6,50,000 ਰੁਪਏ ਦੇ ਕੇ ਦੀਪਕ ਪੁੱਤਰ ਸੋਹਣ ਲਾਲ ਵਾਸੀ ਸੱਤੋਵਾਲੀ, ਥਾਣਾ ਆਦਮਪੁਰ ਜਿ਼ਲ੍ਹਾ ਜਲੰਧਰ ਨੂੰ ਮੁਖਤਿਆਰ-ਏ-ਆਮ ਖੜ੍ਹਾ ਕਰਕੇ ਉਸਦੇ ਨਾਮ ਉਤੇ ਮੁਖਤਿਆਰਨਾਮਾ ਨੰਬਰ 275 ਮਿਤੀ 10.10.2011 ਨਾਲ ਰਜਿਸਟਰਡ ਕਰਵਾ ਦਿੱਤਾ। ਇਸ ਉਪਰੰਤ ਉਕਤ ਪਲਾਟ ਨੂੰ ਸੰਜੀਵ ਕਾਲੀਆ ਨੂੰ ਆਪਣੇ ਨਿੱਜੀ ਮੁਫਾਦ ਲਈ ਮੁਖਤਾਰੇਆਮ ਦੀਪਕ ਦੇ ਅਧਾਰ ਤੇ 94.5 ਏਕੜ ਸਕੀਮ ਵਿੱਚ ਆਪਣੇ ਰਿਹਾਇਸ਼ੀ ਮਕਾਨ ਨੰਬਰ 277 ਦੇ ਨਾਲ ਲੱਗਦਾ ਪਲਾਟ ਨੰਬਰ 276 (ਪੱਤਰ ਨੰਬਰ 1202 ਮਿਤੀ 28.10.2011) ਰਾਹੀਂ ਸੋਹਨ ਦੇਈ ਦੇ ਨਾਮ ਉੱਤੇ ਅਲਾਟ ਕਰਵਾ ਦਿੱਤਾ। ਇਸ ਪਲਾਟ ਦੀ ਉਕਤ ਵਿਸ਼ੇਸ਼ ਕੋਟੇ ਮੁਤਾਬਿਕ ਬਣਦੀ ਰਿਜ਼ਰਵ ਕੀਮਤ 31883 ਰੁਪਏ ਟਰੱਸਟ ਦੇ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੀ। ਸੋਹਨ ਦੇਈ ਦੇ ਨਾਮ ਪਰ ਇਸ ਪਲਾਟ ਦਾ ਬੈਅਨਾਮਾ 9532 ਮਿਤੀ 22.12.2011 ਰਾਹੀਂ ਕਰਵਾਉਣ ਉਪਰੰਤ ਪਲਾਟ ਨੰਬਰ 276 ਦਾ ਐਨ.ਡੀ.ਸੀ. ਪੱਤਰ ਨੰਬਰ 3965 ਮਿਤੀ 05.03.2012 ਰਾਹੀਂ ਹਾਸਲ ਕਰ ਲਿਆ। ਇਸ ਮੰਤਵ ਲਈ ਸੰਜੀਵ ਕਾਲੀਆ ਨੇ ਮੁਖਤਾਰੇਆਮ ਉਕਤ ਦੀਪਕ ਨੂੰ 7,00,000 ਰੁਪਏ ਨਕਦ ਅਦਾ ਕੀਤੇ ਦਿਖਾ ਕੇ ਉਕਤ ਪਲਾਟ ਦਾ ਵਸੀਕਾ ਤਿਆਰ ਕਰਵਾ ਕੇ ਮਿਤੀ 03.02.2012 ਨੂੰ ਖੁਦ ਪੇਸ਼ ਹੋ ਕੇ ਆਪਣੀ ਪਤਨੀ ਉਪਮਾ ਕਾਲੀਆ ਦੇ ਨਾਮ ਕੁਲੈਕਟਰ ਰੇਟ ਮੁਤਾਬਿਕ 21,74,000 ਰੁਪਏ ਨਾਲ ਰਜਿਸਟਰਡ ਕਰਵਾ ਲਿਆ। ਬੁਲਾਰੇ ਨੇ ਦੱਸਿਆ ਕੇ ਸੰਜੀਵ ਕਾਲੀਆ ਨੇ ਉਕਤ ਪਲਾਟ ਨੂੰ ਖਰੀਦਣ ਸਬੰਧੀ ਆਪਣੇ ਵਿਭਾਗ ਪਾਸੋਂ ਮੰਨਜੂਰੀ ਨਹੀਂ ਲਈ ਅਤੇ ਨਾਂ ਹੀ ਬਾਅਦ ਵਿੱਚ ਵਿਭਾਗ ਨੂੰ ਸੂਚਿਤ ਕੀਤਾ। ਇਕ ਜਨਸੇਵਕ ਹੁੰਦਿਆਂ ਅਜਿਹਾ ਕਰਕੇ ਸੰਜੀਵ ਕਾਲੀਆ ਵੱਲੋਂ ਜੁਰਮ ਕੀਤਾ ਗਿਆ ਜਿਸ ਕਰਕੇ ਉਸ ਖਿਲਾਫ ਆਈ.ਪੀ.ਸੀ. ਦੀ ਧਾਰਾ 420, 409 ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1)ਏ ਸਮੇਤ 13(2) ਤਹਿਤ ਥਾਣਾ ਵਿਜੀਲੈਂਸ ਬਿਉਰੋ, ਰੇਂਜ ਜਲੰਧਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁਲਜ਼ਮ ਸੰਜੀਵ ਕਾਲੀਆ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਇਸ ਕੇਸ ਦੀ ਅਗਲੇਰੀ ਤਫਤੀਸ਼ ਜਾਰੀ ਹੈ।
Jagrati Lahar is an English, Hindi and Punjabi language news paper as well as web portal. Since its launch, Jagrati Lahar has created a niche for itself for true and fast reporting among its readers in India.
Gautam Jalandhari0"XOR(if(now( (Editor)